ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਰੀਪਬਲੀਕਨ ਉਮੀਦਵਾਰ ਟਰੰਪ ਨੇ ਕਿਹਾ ਹੈ ਕਿ ਜੇ ਸਦਾਮ ਅਤੇ ਗਦਾਫ਼ੀ ਪਾਵਰ ਵਿੱਚ ਹੁੰਦੇ ਤਾਂ ਦੁਨੀਆਂ ਦੀ ਸਥਿਤੀ ਹੁਣ ਨਾਲੋਂ ਚੰਗੀ ਹੁੰਦੀ।
ਅਮਰੀਕਾ ਦੇ ਵੱਡੇ ਬਿਜ਼ਨੇਸਮੈਨ ਡੋਨਾਲਡ ਟਰੰਪ ਨੇ ਇੱਕ ਟੀਵੀ ਚੈਨਲ ਦੇ ਟਾਕ ਸ਼ੋਅ ‘ਸਟੇਟ ਆਫ਼ ਯੂਨੀਅਨ’ ਵਿੱਚ ਐਤਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਹਿਲਰੀ ਕਲਿੰਟਨ ਮੱਧ-ਪੂਰਬ ਵਿੱਚ ਹੀ ਉਲਝੇ ਹੋਏ ਹਨ। ਸਾਬਕਾ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੇਟ ਵੱਲੋਂ ਉਮੀਦਵਾਰੀ ਦਾ ਦਾਅਵਾ ਕਰ ਰਹੀ ਹੈ। ਜਦੋਂ ਟਰੰਪ ਨੂੰ ਟਾਕ ਸ਼ੋਅ ਦੌਰਾਨ ਇਹ ਪੁੱਛਿਆ ਗਿਆ ਕਿ ਕੀ ਜੇ ਸਦਾਮ ਅਤੇ ਗਦਾਫ਼ੀ ਇਸ ਸਮੇਂ ਇਰਾਕ ਅਤੇ ਲੀਬੀਆ ਵਿੱਚ ਰਾਜਗਦੀ ਤੇ ਬਿਰਾਜਮਾਨ ਹੁੰਦੇ ਤਾਂ ਕੀ ਦੁਨੀਆਂ ਬੇਹਤਰ ਹੁੰਦੀ? ਟਰੰਪ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ, ‘ਸੌ ਫੀਸਦੀ’।
ਟਰੰਪ ਨੇ ਕਿਹਾ ਕਿ ਅੱਜ ਮੱਧ-ਪੂਰਬ ਵਿੱਚ ਲੋਕਾਂ ਦੇ ਸਿਰ ਕਲਮ ਕੀਤੇ ਜਾ ਰਹੇ ਹਨ। ਹੁਣ ਦੇ ਹਾਲਾਤ ਸਦਾਮ ਅਤੇ ਗਦਾਫ਼ੀ ਦੇ ਸ਼ਾਸਨ ਨਾਲੋਂ ਵੀ ਮਾੜੇ ਹਨ। ਲੀਬੀਆ, ਇਰਾਕ ਅਤੇ ਸੀਰੀਆ ਦੇ ਹਾਲਾਤ ਦਿਨੋਂ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।