ਇਸਲਾਮਾਬਾਦ – ਪਾਕਿਸਤਾਨ ਦੇ ਕੁਝ ਖੇਤਰਾਂ ਅਤੇ ਅਫ਼ਗਾਨਿਸਤਾਨ ਵਿੱਚ ਅਏ ਭੂਚਾਲ ਨਾਲ 200 ਦੇ ਕਰੀਬ ਲੋਕ ਮਾਰੇ ਗਏ ਹਨ ਅਤੇ ਬਹੁਤ ਸਾਰੇ ਜਖਮੀ ਹੋਏ ਹਨ। ਪਾਕਿਸਤਾਨ ਵਿੱਚ ਪਿੱਛਲੇ 10 ਸਾਲਾਂ ਦਾ ਇਹ ਸੱਭ ਤੋਂ ਭਿਆਨਕ ਭੂਚਾਲ ਮੰਨਿਆ ਗਿਆ ਹੈ। ਇਸ ਕਾਰਣ ਪਾਕਿਸਤਾਨ ਵਿੱਚ 130ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਅਤੇ ਅਫ਼ਗਾਨਿਸਤਾਨ ਵਿੱਚ 24 ਤੋਂ ਉਪਰ ਲੋਕ ਮਾਰੇ ਗਏ ਹਨ। ਭਾਰਤ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਪਰ ਅਜੇ ਤੱਕ ਕੋਈ ਵੀ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਪਾਕਿਸਤਾਨ ਵਿੱਚ ਭੁਚਾਲ ਦੀ ਗਤੀ 7.5 ਮਾਪੀ ਗਈ ਹੈ। ਇਸ ਦਾ ਮੁੱਖ ਕੇਂਦਰ ਕਾਬੁਲ ਤੋਂ 256 ਕਿਲੋਮੀਟਰ ਉਤਰ-ਪੂਰਬ ਵਿੱਚ ਹਿੰਦੂਕੁਸ਼ ਦੀਆਂ ਪਹਾੜੀਆਂ ਵਿੱਚ ਸਥਿਤ ਸੀ। ਇਹ ਵੀ ਚੰਗਾ ਹੋਇਆ ਕਿ ਭੂਚਾਲ ਜਮੀਨ ਦੇ ਹੇਠਾਂ ਵੱਲ 200ਕਿਲੋਮੀਟਰ ਤੱਕ ਹੋਇਆ ਜੇ ਕਿਤੇ ਉਪਰ ਵੱਲ ਹੁੰਦਾ ਤਾਂ ਭਾਰੀ ਨੁਕਸਾਨ ਹੋਣਾ ਸੀ। ਸੱਭ ਤੋਂ ਵੱਧ ਨੁਕਸਾਨ ਪਾਕਿਸਤਾਨ ਦੀ ਸਵਾਤ ਘਾਟੀ ਅਤੇ ਪਿਸ਼ਾਵਰ ਦੇ ਇਲਾਕਿਆਂ ਵਿੱਚ ਹੋਇਆ ਹੈ। ਪਿਸ਼ਾਵਰ, ਲਾਹੌਰ, ਸ੍ਰੀਨਗਰ, ਜਮੂੰ-ਕਸ਼ਮੀਰ, ਪੰਜਾਬ ਅਤੇ ਦਿੱਲੀ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕਈਆਂ ਸ਼ਹਿਰਾਂ ਵਿੱਚ ਲੋਕ ਘਰਾਂ ਤੋਂ ਬਾਹਰ ਖੁਲ੍ਹੀਆਂ ਜਗ੍ਹਾ ਵੱਲ ਦੌੜਨ ਲਗੇ।
ਪਾਕਿਸਤਾਨ ਵਿੱਚ ਭੂਚਾਲ ਦਾ ਸੱਭ ਤੋਂ ਵੱਧ ਨੁਕਸਾਨ ਹੋਇਆ ਹੈ। ਬਹੁਤ ਸਾਰੀਆਂ ਇਮਾਰਤਾਂ ਅਤੇ ਲੋਕਾਂ ਦੇ ਘਰ ਢਹਿਢੇਰੀ ਹੋ ਗਏ ਹਨ। ਲੋਕਾਂ ਨੂੰ ਮਲਬੇ ਵਿੱਚੋਂ ਕੱਢਣ ਦਾ ਕੰਮ ਜਾਰੀ ਹੈ। ਜਖਮੀਆਂ ਅਤੇ ਮਰਨਵਾਲਿਆਂ ਦੀ ਸੰਖਿਆ ਵੱਧ ਸਕਦੀ ਹੈ। ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿੱਚ ਮੋਬਾਇਲ ਸੇਵਾਵਾਂ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਈਆਂ ਹਨ।