ਨਵੀਂ ਦਿੱਲੀ : ਗੁਰਦੁਆਰਾ ਬੰਗਲਾ ਸਾਹਿਬ ਦੇ ਗੁਰੂ ਹਰਿਕ੍ਰਿਸ਼ਨ ਪਾਲੀਕਲੀਨਿਕ ਵਿਖੇ ਕੈਂਸਰ ਅਵੇਅਰਨੇਸ ਸੈਮੀਨਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਕੈਂਸਰ ਕੇਅਰ ਟ੍ਰਸਟ ਦੇ ਸਹਿਯੋਗ ਨਾਲ ਲਗਾਇਆ ਗਿਆ । ਜਿਸ ਵਿੱਚ ਟ੍ਰਸਟ ਦੀ ਚੇਅਰਪਰਸਨ ਡਾ। ਰਜਿੰਦਰ ਕੌਰ ਸੱਗੂ ਨੇ ਪਾੱਲੀਕਲੀਨਿਕ ਵਿੱਖੇ ਟ੍ਰਸਟ ਦੇ ਸਹਿਯੋਗ ਨਾਲ ਕੈਂਸਰ ਵਰਗੀ ਵੱਡੀ ਬੀਮਾਰੀ ਨਾਲ ਲੜ ਕੇ ਨਿਰੋਗ ਹੋਏ ਮਰੀਜਾਂ ਨਾਲ ਲੋਕਾਂ ਨੂੰ ਰੂਬਰੂ ਕਰਵਾਇਆ।
ਬੰਗਲਾ ਸਾਹਿਬ ਹਸਪਤਾਲ ਦੇ ਚੇਅਰਮੈਨ ਅਤੇ ਦਿੱਲੀ ਕਮੇਟੀ ਮੈਂਬਰ ਗੁਰਲਾਡ ਸਿੰਘ ਅਤੇ ਇਸਤ੍ਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ ਨੇ ਟ੍ਰਸਟ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕੀਤੀ। ਦਿੱਲੀ ਕਮੇਟੀ ਦਾ ਇਸ ਸੇਵਾ ਬਖਸ਼ਣ ਤੇ ਧੰਨਵਾਦ ਜਤਾਉਂਦੇ ਹੋਏ ਡਾ। ਸੱਗੂ ਨੇ ਕੈਂਸਰ ਦੀ ਬੀਮਾਰੀ ਨੂੰ ਆਪਣੇ ਜਜ਼ਬੇ ਨਾਲ ਜਿੱਤ ਚੁੱਕੇ ਲੋਕਾਂ ਨੂੰ ਸਮਾਜ ਦੇ ਲੋਕਾ ਲਈ ਪ੍ਰੇਰਣਾਸ੍ਰੋਤ ਵੀ ਦਸਿਆ। ਟ੍ਰਸਟ ਵੱਲੋਂ ਮਰੀਜਾਂ ਨੂੰ ਫ੍ਰੀ ਸਰਜਰੀ ਅਤੇ ਹੋਰ ਸੁਵੀਧਾਵਾਂ ਦੇਣ ਦੀ ਜਾਣਕਾਰੀ ਦਿੰਦੇ ਹੋਏ ਡਾ। ਸੱਗੂ ਨੇ ਕੈਂਸਰ ਦੀ ਬੀਮਾਰੀ ਦਾ ਸਮੇਂ ਸਿਰ ਜਾਣਕਾਰੀ ਮਿਲਣ ਤੇ ਇਲਾਜ ਸ਼ੁਰੂ ਕਰਨ ਤੇ ਬੀਮਾਰੀ ਜੜੋਂ ਖਤਮ ਹੋਣ ਦਾ ਵੀ ਦਾਅਵਾ ਕੀਤਾ।
ਗੁਰਲਾਡ ਸਿੰਘ ਨੇ ਕੈਂਸਰ ਦੀ ਬੀਮਾਰੀ ਤੋਂ ਵੱਧ ਉਸਦਾ ਡਰ ਹੋਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਟ੍ਰਸਟ ਵੱਲੋਂ ਇਲਾਜ ਕਰਵਾ ਚੁੱਕੇ ਮਰੀਜਾ ਨੂੰ ਸੈਮੀਨਾਰ ਦੌਰਾਨ ਆਪਣੀ ਗੱਲ ਰਖਣ ਦਾ ਮੌਕਾ ਇਸ ਕਰਕੇ ਦਿੱਤਾ ਗਿਆ ਹੈ ਤਾਂ ਕਿ ਲੋਕਾਂ ਨੂੰ ਇਸ ਗੱਲ ਦਾ ਪਤਾ ਚਲ ਸਕੇ ਕੀ ਕੈਂਸਰ ਦਾ ਇਲਾਜ ਮੁਮਕਿਨ ਹੈ। ਉਨ੍ਹਾਂ ਨੇ ਇਸ ਬੀਮਾਰੀ ਦਾ ਪਤਾ ਚਲਣ ਤੇ ਮਰੀਜਾਂ ਨੂੰ ਬਿਨਾਂ ਸਮਾਂ ਖਰਾਬ ਕੀਤੇ ਵੇਲੇ ਸਿਰ ਇਲਾਜ ਕਰਾਉਣ ਦੀ ਸਲਾਹ ਦਿੱਤੀ। ਬੀਬੀ ਬਖਸ਼ੀ ਨੇ ਗੁਰੂ ਹਰਿਕ੍ਰਿਸ਼ਨ ਦੀ ਬਖਸ਼ਿਸ਼ ਦਾ ਸਦਕਾ ਇਨ੍ਹਾਂ ਮਰੀਜਾਂ ਦੇ ਠੀਕ ਹੋਣ ਦਾ ਦਾਅਵਾ ਕਰਦੇ ਹੋਏ ਬੀਬੀ ਸੱਗੂ ਦੇ ਕਾਰਜਾਂ ਦੀ ਸਲਾਘਾ ਕੀਤੀ। ਇਸ ਮੌਕੇ ਕੈਂਸਰ ਦੀ ਬੀਮਾਰੀ ਨੂੰ ਆਪਣੀ ਆਤਮਿਕ ਅਤੇ ਇਲਾਜ ਸਦਕਾ ਖਤਮ ਕਰਨ ਵਾਲੇ ਮਰੀਜਾ ਦਾ ਸਨਮਾਨ ਵੀ ਕੀਤਾ ਗਿਆ ।