ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਮੁਸ਼ਰੱਫ਼ ਨੇ ਮੰਨਿਆ ਕਿ ਉਨ੍ਹਾਂ ਦੇ ਅੱਤਵਾਦੀਆਂ ਨਾਲ ਚੰਗੇ ਸਬੰਧ ਰਹੇ ਹਨ। ਉਨ੍ਹਾਂ ਨੇ ਓਸਾਮਾ ਬਿਨ ਲਾਦਿਨ ਅਤੇ ਹਾਫਿ਼ਜ਼ ਸਈਅਦ ਨੂੰ ਪਾਕਿਸਤਾਨ ਦੇ ਹੀਰੋ ਦੱਸਿਆ।
ਜਨਰਲ ਮੁਸ਼ਰੱਫ਼ ਨੇ ਇੱਕ ਪਾਕਿ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਯੂ ਵਿੱਚ ਕਿਹਾ ਕਿ ਪਾਕਿਸਤਾਨ ਨੇ ਲਸ਼ਕਰ-ਏ-ਤੌਇਬਾ ਦੇ ਅੱਤਵਾਦੀਆਂ ਨੂੰ ਜਮੂੰ-ਕਸ਼ਮੀਰ ਵਿੱਚ ਹਮਲੇ ਦੇ ਲਈ ਟਰੇਨਿੰਗ ਦਿੱਤੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਧਾਰਮਿਕ ਅੱਤਵਾਦ ਨੂੰ ਵੀ ਅਸਾਂ ਹੀ ਸਪੋਰਟ ਦਿੱਤੀ ਸੀ ਅਤੇ ਉਹ ਸਾਡੇ ਲਈ ਲਾਭਵੰਦ ਸਾਬਿਤ ਹੋਇਆ ਸੀ। ਸੋਵੀਅਤ ਸੰਘ ਨੂੰ ਵੀ ਅਸਾਂ ਹੀ ਅਫ਼ਗਾਨਿਸਤਾਨ ਵਿੱਚੋਂ ਖਦੇੜਿਆ ਸੀ। ਓਸਾਮਾ ਬਿਨ ਲਾਦਿਨ ਨੂੰ ਵੀ ਪਾਕਿਸਤਾਨ ਨੇ ਹੀ ਟਰੇਨਿੰਗ ਦਿੱਤੀ ਸੀ ਅਤੇ ਉਹ ਸਾਡੇ ਹੀਰੋ ਹਨ। ਮੁਸ਼ਰੱਫ਼ ਅਨੁਸਾਰ ਹਾਫਿ਼ਜ਼ ਸਈਅਦ ਸਮੇਤ ਕਸ਼ਮੀਰ ਵਿੱਚ ਜੇਹਾਦ ਛੇੜਨ ਵਾਲੇ ਲੋਕ ਵੀ ਸਾਡੇ ਹੀਰੋ ਹਨ।
ਉਨ੍ਹਾਂ ਨੇ ਦਾਅਵੇ ਨਾਲ ਕਿਹਾ ਕਿ ਹਾਫਿ਼ਜ਼ ਸਈਅਦ ਦੀ ਕਸ਼ਮੀਰ ਵਿੱਚ ਭੂਮਿਕਾ ਦੇ ਲਈ ਉਸ ਨੂੰ ਨਾਇਕ ਦੀ ਤਰ੍ਹਾਂ ਸਨਮਾਨ ਦਿੱਤਾ ਜਾਂਦਾ ਹੈ। ਅਫ਼ਗਾਨਿਸਤਾਨ ਵਿੱਚ ਆਪਣਾ ਪ੍ਰਭਾਵ ਜਮਾਉਣ ਲਈ ਪਾਕਿਸਤਾਨ ਨੇ ਲਾਦਿਨ, ਜਵਾਹਿਰੀ ਅਤੇ ਹਕਾਨੀ ਨੂੰ ਟਰੇਨਿੰਗ ਦੇ ਕੇ ਉਸ ਦਾ ਇਸਤੇਮਾਲ ਕੀਤਾ।