ਫਤਿਹਗੜ੍ਹ ਸਾਹਿਬ – “1984 ਵਿਚ ਸੈਂਟਰ ਦੀ ਹਕੂਮਤ ਵੱਲੋਂ ਪੰਜਾਬ ਦੇ ਹੁਕਮਰਾਨਾ ਸ. ਪ੍ਰਕਾਸ਼ ਸਿੰਘ ਬਾਦਲ ਆਦਿ ਆਗੁਆਂ ਨਾਲ ਮਿਲੀ ਭੁਗਤ ਕਰਕੇ ਹੀ ਪਹਿਲੇ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫੌਜੀ ਹਮਲਾ ਕਰਕੇ ਕੇਵਲ ਸਾਡੇ ਧਾਰਮਿਕ ਅਸਥਾਨਾਂ ਨੂੰ ਹੀ ਢਹਿ ਢੇਰੀ ਨਹੀਂ ਕੀਤਾ ਗਿਆ ਬਲਕਿ ਕੋਈ 25,000 ਦੇ ਕਰੀਬ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਸ਼ਰਧਾਲੂ ਜਿਹਨਾਂ ਵਿਚ ਬੀਬੀਆਂ, ਬੱਚੇ, ਬਜੁਰਗ ਅਤੇ ਨੌਜਵਾਨ ਸਨ ਅਤੇ ਜੋ ਨਿਹੱਥੇ ਅਤੇ ਬੇਕਸੂਰ ਸਨ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਪਰੰਤ ਜਿੰਨੇ ਵੀ ਹੁਣ ਤੱਕ ਡੀਜੀਪੀ ਪੰਜਾਬ ਵਿਚ ਲਗਾਏ ਗਏ ਹਨ, ਉਹ ਇਥੋਂ ਦੇ ਮੁੱਖ ਮੰਤਰੀਆਂ ਵੱਲੋਂ ਸੈਂਟਰ ਹਕੂਮਤ ਦੀ ਸਲਾਹ ਨਾਲ ਲਗਾਏ ਜਾਂਦੇ ਰਹੇ ਹਨ, ਜਿਵੇਂ ਰੋਬੈਰੋ, ਕੇਪੀਐਸ ਗਿੱਲ, ਐਸ ਐਸ ਵਿਰਕ ਅਤੇ ਸੁਮੇਧ ਸੈਣੀ ਆਦਿ। ਇਹਨਾਂ ਸਭਨਾਂ ਨੇ ਪੰਜਾਬ ਵਿਚ ਸੈਂਟਰ ਦੀ ਹਕੂਮਤ ਦੀਆਂ ਸਾਜਿਸ਼ਾਂ ਨੂੰ ਪੂਰਨ ਕਰਦੇ ਹੋਏ ਇਥੋਂ ਦੇ ਨਿਵਾਸੀਆਂ ਵਿਸ਼ੇਸ਼ ਤੌਰ ‘ਤੇ ਸਿੱਖ ਕੌਮ ਉਤੇ ਜਬਰ ਜੁਲਮ ਹੀ ਢਾਹਿਆ। ਜੇਕਰ ਇਥੇ ਬਾਦਲ ਹਕੂਮਤ ਵੀ ਰਹੀ ਤਾਂ ਇਸ ਹਕੂਮਤ ਨੇ ਵੀ ਸੈਂਟਰ ਦੀ ਸੋਚ ਉਤੇ ਪਹਿਰਾ ਦਿੱਤਾ। ਪੰਜਾਬੀਆਂ ਅਤੇ ਸਿੱਖ ਕੌਮ ਉਤੇ ਜਬਰ ਜੁਲਮ ਢਾਹੁਣ ਵਿਚ ਸਿੱਖ ਕੌਮ ਵਿਰੋਧੀ ਕੁਹਾੜੇ ਦੇ ਇਹ ਦਸਤੇ ਬਣਦੇ ਆ ਰਹੇ ਹਨ। ਇਹੀ ਵਜ੍ਹਾ ਹੈ ਕਿ 1984 ਤੋਂ ਬਾਅਦ ਪੰਜਾਬ ਦੇ ਹਾਲਾਤ ਬਦਤਰ ਤੋਂ ਬਦਤਰ ਹੁੰਦੇ ਗਏ। ਸੈਂਟਰ ਨੇ ਪੰਜਾਬ ਸੂਬੇ ਨੂੰ ਮਾਲੀ ਤੌਰ ‘ਤੇ ਕਮਜ਼ੋਰ ਕਰਨ ਅਤੇ ਇਥੋਂ ਦੀ ਰੀੜ੍ਹ ਦੀ ਹੱਡੀ ਜਿੰਮੀਦਾਰਾਂ ਨਾਲ ਬੇਇਨਸਾਫੀਆਂ ਕਰਨ, ਪੰਜਾਬ ਵਿਚ ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ਰਾਹੀਂ ਇੱਥੋਂ ਦੀ ਨੌਜਵਾਨੀ ਨੂੰ ਨਸ਼ੀਲੀਆਂ ਵਸਤਾਂ ਦੇ ਸੇਵਨ ਕਰਨ ਵੱਲ ਧੱਕਣ ਅਤੇ ਉਹਨਾਂ ਨੂੰ ਅੱਛੀ ਤਾਲੀਮ ਤੋਂ ਦੂਰ ਕਰਨ ਦੀ ਸਾਜਿਸ਼ ਨੇ ਵੀ ਇਥੋਂ ਦੇ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਵਿਚ ਮੋਹਰੀ ਰਹੇ ਹਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਜਾਬ ਦੇ ਜਾਬਰ ਅਤੇ ਜਾਲਿਮ ਡੀਜੀਪੀ ਸੁਮੇਧ ਸੈਣੀ ਨੂੰ ਬਦਲਣ ਉਤੇ ਪ੍ਰਤੀਕਿਰਿਆ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਥੋਂ ਦੇ ਡੀਜੀਪੀ ਨੂੰ ਬਦਲਣ ਜਾਂ ਰੱਖਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂ ਕਿ ਜਦੋਂ ਤੱਕ ਪੰਜਾਬ ਵਿਚ ਮੁਤੱਸਵੀ ਹੁਕਮਰਾਨਾ ਦੇ ਆਦੇਸ਼ਾਂ ਅਨੁਸਾਰ ਸਮੁੱਚੇ ਸਿਸਟਮ ਨੂੰ ਚਲਾਇਆ ਜਾ ਰਿਹਾ ਹੈ, ਇਥੋਂ ਦੇ ਚੀਫ ਮਨਿਸਟਰ ਜਾਂ ਨਿਜਾਮ ਦੀ ਆਪਣੀ ਕੋਈ ਨਾ ਤਾਂ ਆਜ਼ਾਦ ਹਸਤੀ ਹੈ ਅਤੇ ਨਾ ਹੀ ਉਹ ਇਥੋਂ ਦੇ ਹਾਲਾਤਾਂ ਨੂੰ ਸਹੀ ਕਰਨ ਲਈ ਆਪਣੇ ਤੌਰ ‘ਤੇ ਆਜ਼ਾਦਾਨਾ ਫੈਸਲਾ ਲੈ ਸਕਦਾ ਹੈ, ਫਿਰ ਇਕ ਡੀਜੀਪੀ ਬਦਲਣ ਜਾਂ ਨਾ ਬਦਲਣ ਨਾਲ ਕੀ ਫਰਕ ਪੈਣ ਵਾਲਾ ਹੈ। ਜਦੋਂ ਪੰਜਾਬ ਦੇ ਨਵੇਂ ਡੀਜੀਪੀ ਸ਼੍ਰੀ ਸੁਰੇਸ਼ ਅਰੋੜਾ ਇਹ ਕਹਿ ਰਹੇ ਹਨ ਕਿ ਪੁਲਿਸ ਦੇ ਸਿਸਟਮ ਨੂੰ ਵਧੀਆਂ ਬਣਾਉਂਦੇ ਹੋਏ ਥਿੋਂ ਦੇ ਨਿਵਾਸੀਆਂ ਲਈ ਪੁਲਿਸ ਨੂੰ ਜਵਾਬਦੇਹ ਬਣਾਉਣਗੇ ਅਤੇ ਸਮੁੱਚੀਆਂ ਸਿਆਸੀ ਪਾਰਟੀਆਂ ਨਾਲ ਸੰਪਰਕ ਰੱਖਦੇ ਹੋਏ ਇਥੋਂ ਦੇ ਹਾਲਾਤਾਂ ਨੂੰ ਖਰਾਬ ਕਰਨ ਦੇ ਕਾਰਨਾਂ ਦੀ ਤਹਿ ਤੱਕ ਜਾਣਗੇ ਤਾਂ ਸਾਨੂੰ ਤਾਂ ਇਸ ਮੁੱਦੇ ਉਤੇ ਫਿਰ ਕੁਝ ਕਹਿਣ ਦੀ ਲੋੜ ਨਹੀਂ। ਲੇਕਿਨ ਸ. ਬਾਦਲ ਅਤੇ ਸੁਖਬੀਰ ਬਾਦਲ ਸਾਨੂੰ ਦੱਸਣ ਕਿ ਕਸ਼ਮੀਰ ਵਿਚ ਡੀਜੀਪੀ ਕਿਸ ਦੇ ਹੁਕਮ ‘ਤੇ ਲਗਾਏ ਜਾਂਦੇ ਹਨ। ਪੰਜਾਬ ਸੂਬੇ ਉਤੇ ਤਾਂ ਡੀਜੀਪੀ ਥੋਪੇ ਜਾਂਦੇ ਹਨ, ਨਾ ਕਿ ਇਥੋਂ ਦੇ ਹਾਲਾਤਾਂ ਦੀ ਮੰਗ ਅਨੁਸਾਰ ਕਿਸੇ ਨਿਰਪੱਖ , ਇਮਾਨਦਾਰ ਅਤੇ ਆਪਣੇ ਤੌਰ ‘ਤੇ ਫੈਸਲੇ ਲੈਣ ਵਾਲੇ ਡੀਜੀਪੀ ਨੂੰ ਤਾਂ ਕਦੀ ਲਗਾਇਆ ਹੀ ਨਹੀਂ ਜਾਂਦਾ। ਅਸੀਂ ਇਹਨਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਕੇ ਪੀ ਐਸ ਗਿੱਲ ਜੋ ਸਜ਼ਾ ਯਾਫਤਾ ਇਨਸਾਨ ਹੈ, ਉਸ ਨੂੰ ਪੈਨਸ਼ਨ ਅਤੇ ਤਨਖਾਹ ਕਿਸ ਨਿਯਮ ਅਧੀਨ ਦਿੱਤੀ ਜਾ ਰਹੀ ਹੈ? ਅੱਜ ਸ਼੍ਰੀ ਰੋਬੈਰੋ ਕਹਿ ਰਹੇ ਹਨ ਕਿ ਇਸਾਈਆਂ ਊਤੇ ਹਮਲੇ ਹੋ ਰਹੇ ਹਨ। ਜਦੋਂ ਬੀਤੇ ਸਮੇਂ ਵਿਚ ਪੰਜਾਬ ਸੂਬੇ ਅਤੇ ਸਿੱਖਾਂ ਉਤੇ ਅਜਿਹਾ ਕੁਝ ਹੋ ਰਿਹਾ ਸੀ, ਉਸ ਸਮੇਂ ਉਸ ਦੀ ਜ਼ਮੀਰ ਕਿਉਂ ਨਾ ਬੋਲੀ? ਊਸ ਸਮੇਂ ਸਿੱਖਾਂ ਉਤੇ ਤਸ਼ੱਦਦ ਜੁਲਮ ਰੋਬੈਰੋ ਦੇ ਹੁਕਮਾਂ ਅਨੁਸਾਰ ਕਿਉਂ ਕੀਤਾ ਜਾਂਦਾ ਰਿਹਾ ? ਇਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਮਹਿਸੂਸ ਕਰਦਾ ਹੈ ਕਿ ਜਦੋਂ ਤੱਕ ਪੰਜਾਬ ਸੂਬੇ ਵਿਚ ਸੈਂਟਰ ਹਕੂਮਤ ਦੀਆਂ ਮੰਦਭਾਵਨਾਂ ਭਰੀਆਂ ਸਾਜਿਸ਼ਾਂ ਉਤੇ ਅਮਲ ਹੁੰਦਾ ਰਹੇਗਾ, ਪੰਜਾਬ ਵਿਚ ਨਿਜਾਮੀ ਅਤੇ ਪੁਲਿਸ ਪੱਧਰ ‘ਤੇ ਸੈਂਟਰ ਦੀ ਸਰਪ੍ਰਸਤੀ ਹੇਠ ਅਣਮਨੁੱਖੀ ਜਬਰ ਜੁਲਮ ਦੀ ਕਾਰਵਾਈ ਤੋਂ ਤੌਬਾ ਨਹੀਂ ਕੀਤੀ ਜਾਂਦੀ, ਜਦੋਂ ਤੱਕ ਇਥੋਂ ਦੇ ਸਮੁੱਚੇ ਜਾਬਰ ਪ੍ਰਬੰਧ ਨੂੰ ਖਤਮ ਕਰਕੇ ਲੋਕ ਹਿਤੂ ਪਾਲਿਸੀਆਂ ਇਮਾਨਦਾਰੀ ਨਾਲ ਲਾਗੂ ਨਹੀਂ ਕੀਤੀਆਂ ਜਾਂਦੀਆਂ ਅਤੇ ਇਥੇ ਲੱਗਣ ਵਾਲੇ ਆਈ ਏ ਐਸ ਅਤੇ ਆਈ ਪੀ ਐਸ ਅਫ਼ਸਰ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਮਨੋਂ ਭਾਵਨਾਵਾਂ ਨੂੰ ਸਮਝ ਕੇ ਨਿਜਾਮੀ ਪ੍ਰਬੰਧ ਨੂੰ ਸਹੀ ਨਹੀਂ ਕਰਦੀਆਂ, ਉਦੌਂ ਤੱਕ ਇਥੇ ਜਿੰਨੇ ਮਰਜੀ ਡੀਜੀਪੀ ਜਾਂ ਸੈਂਟਰ ਦੀ ਹਾਂ ਵਿਚ ਹਾਂ ਮਿਲਾਉਣ ਵਾਲੇ ਚੀਫ ਮਨਿਸਟਰ ਦਿੱਤੇ ਜਾਣ, ਪੰਜਾਬ ਦੇ ਹਾਲਾਤਾਂ ਨੂੰ ਕੋਈ ਵੀ ਸਹੀ ਨਹੀਂ ਕਰ ਸਕੇਗਾ। ਇਸ ਲਈ ਇਹ ਜਰੂਰੀ ਹੈ ਕਿ ਪੰਜਾਬ ਸੂਬੇ ਅਤੇ ਸਿੱਖ ਕੌਮ ਉਤੇ ਰਚੀਆਂ ਜਾ ਰਹੀਆਂ ਸਾਜਿਸ਼ਾਂ ਤੋਂ ਤੌਬਾ ਕਰਕੇ ਇਥੋਂ ਦਾ ਪ੍ਰਬੰਧ, ਇਥੋਂ ਦੇ ਨਿਵਾਸੀਆਂ ਦੀ ਰਾਇ ਅਨੁਸਾਰ , ਬਿਨ੍ਹਾਂ ਕਿਸੇ ਰਿਸ਼ਵਤ, ਦਹਿਸ਼ਤ , ਲਾਲਚ ਆਦਿ ਦੇ ਜਮਹੂਰੀਅਤ ਤਰੀਕੇ ਅਤੇ ਅਮਨਮਈ ਹਾਲਾਤਾਂ ਵਿਚ ਅਸੈਂਬਲੀ ਅਤੇ ਸਿੱਖ ਕੌਮ ਦੀ ਪਾਰਲੀਮੈਂਟ ਐਸਜੀਪੀਸੀ ਦੀਆਂ ਚੋਣਾਂ ਕਰਵਾ ਕੇ ਲੋਕ ਪ੍ਰਤੀਨਿਧਾਂ ਨੂੰ ਸਿਆਸੀ ਅਤੇ ਧਾਰਮਿਕ ਤਾਕਤਾ ਇਮਾਨਦਾਰੀ ਨਾਲ ਸੌਂਪੀ ਜਾਵੇ ਅਤੇ ਇਥੇ ਮੰਦਭਾਵਨਾ ਅਧੀਨ ਲਗਾਈਆਂ ਜਾ ਰਹੀਆਂ ਫੌਜਾਂ, ਬੀ ਐਸ ਐਫ ਅਤੇ ਅਰਧ ਸੈਨਿਕ ਬਲਾਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਵੇ ਅਤੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਆਜਾਦੀ ਨਾਲ ਜਿਉਣ ਦਿੱਤਾ ਜਾਵੇ। ਇਹੋ ਹੀ ਇਕ ਸਹੀ ਅਤੇ ਅਮਨ ਚੈਨ ਨੂੰ ਸਥਿਰ ਰੱਖਣ ਵਾਲਾ ਹੱਲ ਹੈ। ਵਰਨਾ ਕਿੰਨੇ ਵੀ ਰੋਬੈਰੋ, ਕੇਪੀ ਐਸ ਗਿੱਲ, ਐਸ ਐਸ ਵਿਰਕ ਅਤੇ ਸੁਮੇਧ ਸੈਣੀ ਵਰਗੇ ਜਾਬਰ ਡੀਜੀਪੀ ਲਗਾ ਲਏ ਜਾਣ ਅਤੇ ਸੈਂਟਰ ਹਕੂਮਤਾਂ ਦੇ ਭਾਈਵਾਲ ਬਣੇ ਸੀ ਐਮ ਹੋਣ , ਉਹ ਇਥੌਂ ਦੇ ਹਾਲਾਤਾਂ ਨੁੰ ਕਤਈ ਵੀ ਕਾਬੂ ਵਿਚ ਨਹੀਂ ਰੱਖ ਸਕਣਗੇ। ਕਿਉਂ ਕਿ ਜਦੋਂ ਆਵਾਮ ਦੀ ਆਵਾਜ਼ ਗਲੀਆਂ ਵਿਚੋਂ ਆਉਣ ਲੱਗ ਜਾਵੇ ਤਾਂ ਫੌਜਾਂ ਅਤੇ ਟੈਂਕ ਅਤੇ ਕਿਸੇ ਤਰ੍ਹਾਂ ਦਾ ਵੀ ਜਬਰ ਜੁਲਮ ਅਜਿਹੀ ਆਵਾਜ ਨੂੰ ਨਹੀਂ ਦਬਾ ਸਕਦੇ।