ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਅੰਮ੍ਰਿਤਸਰ ਸ਼ਹਿਰ ਦੇ ਸੰਸਥਾਪਕ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ‘ਚ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ‘ਚ ਅਲੌਕਿਕ ਨਗਰ ਕੀਰਤਨ ਆਯੋਜਿਤ ਕੀਤਾ ਗਿਆ।ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ ‘ਚ ਸੁਸ਼ੋਭਿਤ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਚੌਰ ਸਾਹਿਬ ਦੀ ਸੇਵਾ ਨਿਭਾਅ ਰਹੇ ਸਨ।
ਨਗਰ ਕੀਰਤਨ ਵਿੱਚ ਧਾਰਮਿਕ ਸਭਾ-ਸੁਸਾਇਟੀਆਂ, ਸ਼ਬਦੀ ਜਥੇ, ਗਤਕਾ ਪਾਰਟੀਆਂ, ਸ਼ਹਿਰ ਦੀਆਂ ਵੱਖ-ਵੱਖ ਬੈਂਡ ਪਾਰਟੀਆਂ, ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀ, ਸਟਾਫ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ ਤੇ ਵਾਹਿਗੁਰੂ-ਵਾਹਿਗੁਰੂ ਗੁਰੂ-ਜਸ ਗਾਇਨ ਕਰਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ।ਇਹ ਨਗਰ ਕੀਰਤਨ ਸ੍ਰੀ ਗੁਰੂ ਰਾਮਦਾਸ ਨਿਵਾਸ ਤੋਂ ਬ੍ਰਹਮ ਬੂਟਾ ਮਾਰਕੀਟ, ਮਾਹਣਾ ਸਿੰਘ ਰੋਡ, ਸੱਟੀ ਬਜ਼ਾਰ, ਚੌਂਕ ਘੰਟਾ ਘਰ, ਬਜ਼ਾਰ ਮਾਈ ਸੇਵਾ, ਬਜ਼ਾਰ ਕਾਠੀਆਂ, ਬਜ਼ਾਰ ਪਾਪੜਾਂ, ਬਜ਼ਾਰ ਬਾਂਸਾਂ, ਚੌਂਕ ਛੱਤੀ ਖੂਹੀ, ਚਾਵਲ ਮੰਡੀ, ਦਾਲ ਮੰਡੀ, ਚੌਂਕ ਢਾਬ ਵਸਤੀ ਰਾਮ, ਚੌਂਕ ਲਛਮਣਸਰ, ਚੌਂਕ ਮੋਨੀ, ਚੌਂਕ ਕਰੌੜੀ, ਚੌਂਕ ਬਾਬਾ ਸਾਹਿਬ, ਚੌਂਕ ਪ੍ਰਾਗਦਾਸ ਤੇ ਸ੍ਰੀ ਗੁਰੁ ਰਾਮਦਾਸ ਨਿਵਾਸ ਤੋਂ ਹੁੰਦਾ ਹੋਇਆ ਦੇਰ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪੰਨ ਹੋਇਆ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ੨੯ ਅਕਤੂਬਰ ਨੂੰ ਸਵੇਰੇ ੮।੩੦ ਤੋਂ ੧੨ ਵਜੇ ਤੱਕ ਸੁੰਦਰ ਜਲੌ ਸੱਜਣਗੇ।ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਵੇਰੇ ਕਥਾ ਉਪਰੰਤ ਸਾਰਾ ਦਿਨ ਦੀਵਾਨ ਸੱਜਣਗੇ ਜਿਸ ਵਿੱਚ ਢਾਡੀ ਤੇ ਕਵੀਸ਼ਰੀ ਜਥੇ, ਪ੍ਰਚਾਰਕ ਗੁਰ ਇਤਿਹਾਸ ਸਰਵਣ ਕਰਾਉਣਗੇ ਅਤੇ ਰਾਤ ੮।੦੦ ਵਜੇ ਕਵੀ ਦਰਬਾਰ ਆਰੰਭ ਹੋਵੇਗਾ ਜਿਸ ਵਿੱਚ ਪੰਥ ਪ੍ਰਸਿੱਧ ਕਵੀ ਹਾਜ਼ਰੀਆਂ ਭਰਨਗੇ।