ਅੰਮ੍ਰਿਤਸਰ – ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਨਵੰਬਰ ੧੯੮੪ ‘ਚ ਸਮੇਂ ਦੀ ਕੇਂਦਰ ਸਰਕਾਰ ਦੀ ਸ਼ਹਿ ਪ੍ਰਾਪਤ ਦੰਗਾਕਾਰੀਆਂ ਵੱਲੋਂ ਨਿਹੱਥੇ, ਬੇਦੋਸ਼ੇ ਸਿੰਘ, ਸਿੰਘਣੀਆਂ ਤੇ ਬੱਚਿਆਂ ਦਾ ਗਿਣੀ ਮਿਥੀ ਸਾਜਿਸ਼ ਤਹਿਤ ਜਿਊਂਦੇ ਜੀਅ ਕੋਹ-ਕੋਹ ਕੇ ਕਤਲੇਆਮ ਕਰ ਦਿੱਤਾ ਗਿਆ ਸੀ। ਇਸ ਅਣਮਨੁੱਖੀ ਕਾਰੇ ਦੇ ਅੱਲ੍ਹੇ ਜ਼ਖਮ ਹਰ ਸਾਲ ਨਵੰਬਰ ਮਹੀਨਾਂ ਚੜ੍ਹਦਿਆਂ ਹੀ ਪੀੜ-ਪੀੜ ਹੋ ਜਾਂਦੇ ਹਨ। ਸਿੱਖ ਕੌਮ ਲਈ ਇਸ ਕਾਲੇ ਸਮੇਂ ਦੀ ਯਾਦ ਸਿੱਖ ਮਾਨਸਿਕਤਾ ਵਿੱਚ ਉਕਰੀ ਹੋਈ ਹੈ ਅਤੇ ਹਰ ਸਾਲ ਇਸ ਸਮੇਂ ਨੂੰ ਬੜੀ ਭਾਵੁਕਤਾ ਨਾਲ ਕੌਮ ਵੱਲੋਂ ਯਾਦ ਕੀਤਾ ਜਾਂਦਾ ਹੈ। ਇਸ ਕਤਲੇਆਮ ਦੌਰਾਨ ਮਾਰੇ ਗਏ ਸਮੂਹ ਸਿੰਘ-ਸਿੰਘਣੀਆਂ ਤੇ ਬੱਚਿਆਂ ਦੀ ਯਾਦ ਨੂੰ ਸਮਰਪਿਤ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਅਤੇ ਇਸੇ ਹੀ ਲੜੀ ਤਹਿਤ ਇਸ ਵਾਰ ਵੀ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਏ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਅਰਦਾਸ ਭਾਈ ਰਾਜਦੀਪ ਸਿੰਘ ਨੇ ਕੀਤੀ। ਉਪਰੰਤ ਪਾਵਨ ਗੁਰਬਾਣੀ ਦਾ ਮੁਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਲਿਆ।
ਸ਼੍ਰੋਮਣੀ ਕਮੇਟੀ ਨੇ ਨਵੰਬਰ ੧੯੮੪ ‘ਚ ਹੋਏ ਸਿੱਖ ਕਤਲੇਆਮ ‘ਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ
This entry was posted in ਪੰਜਾਬ.