ਪਟਨਾ – ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਬੀਜੇਪੀ ਦੇ ਨੇਤਾ ਨਰੇਂਦਰ ਮੋਦੀ ਹੁਣ ਤੱਕ ਦੇ ਸੱਭ ਤੋਂ ਛੋਟੇ, ਹੋਛੇ ਅਤੇ ਘਟੀਆ ਪ੍ਰਧਾਨਮੰਤਰੀ ਹਨ। ਮੋਦੀ ਬਿਹਾਰ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਚੋਣ ਪ੍ਰਚਾਰ ਦੌਰਾਨ ਆਪਣੇ ਅਹੁਦੇ ਦੀ ਮਰਿਆਦਾ ਦਾ ਧਿਆਨ ਨਾਂ ਰੱਖਦੇ ਹੋਏ ਵਿਰੋਧੀ ਧਿਰਾਂ ਲਈ ਮਾੜੀ ਸ਼ਬਦਾਵਲੀ ਦਾ ਪ੍ਰਯੋਗ ਕਰ ਰਹੇ ਹਨ। ਲਾਲੂ ਨੇ ਇਸੇ ਸਬੰਧ ਵਿੱਚ ਸੋਮਵਾਰ ਨੂੰ ਟਵੀਟ ਕਰਕੇ ਕਿਹਾ, ‘ਦੇਸ਼ ਨੂੰ ਹੁਣ ਤੱਕ ਦਾ ਸੱਭ ਤੋਂ ਛੋਟਾ, ਹੋਛਾ ਅਤੇ ਘਟੀਆ ਪ੍ਰਧਾਨਮੰਤਰੀ ਮਿਲਿਆ ਹੈ। ਉਨ੍ਹਾਂ ਨੂੰ ਵਿਸ਼ਵਾਸ਼ ਹੀ ਨਹੀਂ ਹੋ ਰਿਹਾ ਹੈ ਕਿ ਉਹ ਪ੍ਰਧਾਨਮੰਤਰੀ ਬਣ ਗਏ ਹਨ। ਨਰੇਂਦਰ ਮੋਦੀ ਦੇ ਹੱਥਾਂ ਵਿੱਚ ਸੰਵਿਧਾਨ ਸੁਰੱਖਿਅਤ ਨਹੀਂ ਹੈ।’
ਰਾਧੋਪੁਰ ਤੋਂ ਰਾਜਦ ਦੇ ਟਿਕਟ ਤੇ ਚੋਣ ਲੜ ਰਹੇ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ ਨੇ ਵੀ ਟਵੀਟ ਤੇ ਕਿਸੇ ਦਾ ਵੀ ਨਾਂ ਲਏ ਬਗੈਰ ਕਿਹਾ, ‘ ਜੋ ਗੰਗਾ ਮਈਆ ਅਤੇ ਭਗਵਾਨ ਰਾਮ ਨੂੰ ਧੋਖਾ ਦੇ ਸਕਦਾ ਹੈ। ਉਹ ਆਮ ਆਦਮੀ ਦੇ ਨਾਲ ਕੀ ਕਰੇਗਾ? ਜੋ ਭਗਵਾਨ ਰਾਮ ਦੇ ਨਹੀਂ ਹੋਏ, ਉਹ ਬਿਹਾਰ ਦੇ ਕੀ ਹੋਣਗੇ?’ ਬਿਹਾਰ ਵਿੱਚ ਪੰਜ ਨਵੰਬਰ ਨੂ ਪੰਜਵੇਂ ਅਤੇ ਆਖਰੀ ਪੜਾਅ ਦਾ ਮੱਤਦਾਨ ਹੋਣਾ ਹੈ ਅਤੇ 8 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।