ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਲਈ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਠਹਿਰਾਉਂਦਿਆ ਕਿਹਾ ਕਿ ਸੌਦਾ ਸਾਧ ਦੇ ਮਾਮਲੇ ਤੋਂ ਧਿਆਨ ਹਟਾਉਣ ਲਈ ਇੱਕ ਸਾਜਿਸ਼ ਤਹਿਤ ਸਰਕਾਰੀ ਤੌਰ ਤੇ ਇਹ ਕਾਂਡ ਕਰਵਾਇਆ ਗਿਆ ਹੈ।
ਪਾਕਿਸਤਾਨ ਤੋ ਵਾਪਸੀ ਉਪਰੰਤ ਸਥਾਨਕ ਇੱਕ ਹੋਟਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪਹਿਲਾਂ ਬਾਦਲਾਂ ਨੇ ਪਹਿਲਾਂ ਆਰ.ਐਸ.ਐਸ ਦੀ ਖੁਸ਼ਨੰਦੀ ਹਾਸਲ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਸੌਦਾ ਸਾਧ ਦੀ ਮੁਆਫੀ ਦਾ ਹੁਕਮਨਾਮਾ ਜਾਰੀ ਕਰਵਾਇਆ ਤੇ ਫਿਰ ਸੰਗਤਾਂ ਦਾ ਧਿਆਨ ਉਸ ਪਾਸੇ ਤੋ ਹਟਾਉਣ ਲਈ ਇੱਕ ਸਾਜਿਸ਼ ਤਹਿਤ ਗੁਰੂ ਸਾਹਿਬ ਦੀ ਬੇਅਦਬੀ ਹੀ ਨਹੀਂ ਕਰਵਾਈ ਸਗੋਂ ਦੋ ਨਿਰਦੋਸ਼ ਨੌਜਵਾਨਾਂ ਨੂੰ ਦੋਸ਼ੀ ਬਣਾ ਕੇ ਜੇਲ੍ਹ ਯਾਤਰਾ ਤੇ ਭੇਜ ਦਿੱਤਾ ਗਿਆ ਜਿਸ ਦਾ ਸੰਗਤਾਂ ਵੱਲੋ ਜੰਗੀ ਪੱਧਰ ਤੇ ਵਿਰੋਧ ਹੋ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਝੂਠ ਬੋਲਣ ਦੀ ਆਦਤ ਹੈ। ਉਹਨਾਂ ਕਿਹਾ ਕਿ ਬਾਦਲ ਨੇ ਕਿਹਾ ਕਿ ਪੁਲੀਸ ਵੱਲੋ ਫੜੇ ਗਏ ਨਿਰਦੋਸ਼ ਨੌਜਵਾਨਾਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੇ ਆਪਣਾ ਜੁਰਮ ਪੰਚਾਇਤ ਦੀ ਹਾਜ਼ਰੀ ਵਿੱਚ ਕਬੂਲ ਕਰ ਲਿਆ ਹੈ ਜਦ ਕਿ ਉਹ ਖੁਦ ਪੰਚਾਇਤ ਨੂੰ ਮਿਲ ਕੇ ਆਏ ਹਨ ਤੇ ਪੰਚਾਇਤ ਨੇ ਬਾਦਲ ਦੇ ਇਸ ਬਿਆਨ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਫੜੇ ਗਏ ਨੌਜਵਾਨ ਨਿਹਾਇਤ ਸ਼ਰੀਫ ਤੇ ਅੰਮ੍ਰਿਤਧਾਰੀ ਸਿੰਘ ਹਨ ਜੋ ਪੂਰੀ ਤਰ੍ਵਾਂ ਨਿਰਦੋਸ਼ ਹਨ। ਉਹਨਾਂ ਕਿਹਾ ਕਿ ਪਹਿਲਾਂ ਜਿਹੜੇ ਸਕੈਚ ਜਾਰੀ ਕੀਤੇ ਗਏ ਸਨ ਉਹ ਦੋ ਮੋਨੇ ਨੌਜਵਾਨਾਂ ਦੇ ਜਾਰੀ ਕੀਤੇ ਗਏ ਸਨ ਤੇ ਫਿਰ ਆਰ.ਐਸ.ਐਸ ਨੂੰ ਖੁਸ਼ ਕਰਨ ਲਈ ਬਾਦਲ ਨੇ ਦੋ ਸਿੱਖ ਨੌਜਵਾਨਾਂ ਨੂੰ ਹੀ ਫਸਾ ਦਿੱਤਾ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੋਈ ਸਿੱਖ ਬਰਦਾਸ਼ਤ ਨਹੀ ਕਰ ਸਕਦਾ ਪਰ ਸਰਕਾਰ ਸਾਰੇ ਪਾਸਿਆਂ ਤੋਂ ਪੂਰ ਤਰ੍ਹਾਂ ਝੂਠੀ ਹੈ ਜਿਸ ਕਰਕੇ ਉਹਨਾਂ ਨੂੰ ਪੁਲੀਸ ਦੇ ਡੀ.ਜੀ.ਪੀ. ਨੂੰ ਬਦਲਣ ਲਈ ਮਜਬੂਰ ਹੋਣਾ ਪਿਆ। ਉਹਨਾਂ ਕਿਹਾ ਕਿ ਇੱਕ ਕਾਤਲ ਨੂੰ ਡੀ.ਜੀ.ਪੀ. ਲਗਾਉਣਾ ਵੀ ਬਾਦਲਾਂ ਦਾ ਗਲਤ ਫੈਸਲਾ ਸੀ।
ਉਹਨਾਂ ਕਿਹਾ ਕਿ ਸੌਦਾ ਸਾਧ ਨੂੰ ਬਿਨਾਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਮੁਆਫੀ ਦੇਣੀ ਕਦਾਚਿਤ ਵੀ ਜਾਇਜ਼ ਨਹੀਂ ਹੈ ਤੇ ਇਸ ਮੁਆਫੀ ਨੂੰ ਲੈ ਕੇ ਦੁਨੀਆਂ ਭਰ ਦੇ ਸਿੱਖਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸਿੱਖ ਸੰਗਤਾਂ ਜਿੱੱਥੇ ਮੁਆਫੀ ਦੇਣ ਵਾਲੇ ਪੰਜ ਤਖਤਾਂ ਦੇ ਜਥੇਦਾਰਾਂ ਦੀ ਵਿਦਾਇਗੀ ਦੀ ਮੰਗ ਕਰ ਰਹੀਆਂ ਹਨ । ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਵੀ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਉਸ ਨੇ ਵੀ ਬਾਦਲ ਦਲ ਦੇ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਸੱਦ ਕੇ ਉਹਨਾਂ ਕੋਲੋ ਜਥੇਦਾਰਾਂ ਵੱਲੋਂ ਸੌਦਾ ਸਾਧ ਨੂੰ ਦਿੱਤੀ ਗਈ ਮੁਆਫੀ ਦੇ ਫੈਸਲੇ ਤੇ ਮੋਹਰ ਲਗਵਾਈ ਸੀ। ਇਸ ਵਿੱਚ ਮੱਕੜ ਵੀ ਬਰਾਬਰ ਦਾ ਦੋਸ਼ੀ ਹੈ।
ਪੰਜਾਬ ਸਰਕਾਰ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਬਾਦਲ ਵੀ ਪੰਜਾਬ ਵਿੱਚ ਕਨੂੰਨ ਵਿਵਸਥਾ ਨੂੰ ਬਹਾਲ ਰੱਖਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ ਅਤੇ ਉਹਨਾਂ ਨੂੰ ਵੀ ਹੁਣ ਸੱਤਾ ਵਿੱਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਰਹਿ ਗਿਆ ਹੈ। ਉਹਨਾਂ ਕਿਹਾ ਕਿ ਬਾਦਲਾਂ ਨੇ ਸੱਤਾ ਵਿੱਚ ਬਣੇ ਰਹਿਣ ਲਈ ਪਹਿਲਾਂ ਪਤਿਤਪੁਣੇ ਨੂੰ ਬੜਾਵਾ ਦਿੱਤਾ ਤੇ ਫਿਰ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਕੇ ਉਹਨਾਂ ਨੂੰ ਨਿਪੁੰਸਕ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਹਨਾਂ ਕਿਹਾ ਕਿ ਬਾਦਲਾਂ ਦਾ ਰਾਜ ਜੇਕਰ ਹੋਰ ਕੁਝ ਸਮਾਂ ਰਹਿ ਗਿਆ ਤਾਂ ਇਹ ਸਿਧਾਂਤਾ ਤੇ ਪਰੰਪਰਾਵਾਂ ਨੂੰ ਪੂਰੀ ਤਰ੍ਹਾਂ ਮਲੀਆਮੇਟ ਕਰ ਦੇਣਗੇ ਇਸ ਲਈ ਇਹਨਾਂ ਨੂੰ ਸੱਤਾ ਤੋਂ ਰੁਕਸਤ ਕਰਨਾ ਵੀ ਜ਼ਰੂਰੀ ਹੈ।
ਗ਼ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਸਾਰੇ ਪੰਜਾਬ ਵਿੱਚ ਚੱਕਾ ਕਈ ਦਿਨ ਜਾਮ ਰਿਹਾ ਤੇ ਬਾਦਲ ਦੇ ਪ੍ਰਸ਼ਾਸ਼ਨ ਤੋਂ ਤੰਗ ਆਏ ਲੋਕ ਸੜਕਾਂ ਤੇ ਆਮ ਮੁਹਾਰੇ ਆ ਗਏ ਪਰ ਸਭ ਤੋ ਚੰਗੀ ਗੱਲ ਇਹ ਹੋਈ ਕਿ ਕੋਈ ਵੀ ਸੰਪਰਦਾਇਕ ਤਣਾਉ ਪੈਦਾ ਨਹੀਂ ਹੋਇਆ ਤੇ ਸਾਰੇ ਧਰਮਾਂ ਦੇ ਲੋਕਾਂ ਨੇ ਗੁਰੂ ਸਾਹਿਬ ਦੀ ਹੋਈ ਬੇਅਦਬੀ ਦੀ ਨਿੰਦਿਆ ਕੀਤੀ ਹੈ। ਉਹਨਾਂ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਸਮੇਤ ਸਾਰੇ ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਘਰਾਂ ਵਿੱਚ ਲੋਕ ਰੋਹ ਤੋ ਡਰੇ ਹੋਏ ਦੜੇ ਪਏ ਹਨ ਫਿਰ ਵੀ ਜਿਹੜੇ ਬਾਦਲ ਦਲ ਦੇ ਆਗੂ ਲੋਕਾਂ ਦੇ ਕਾਬੂ ਆ ਗਏ ਉਹਨਾਂ ਨੂੰ ਸਿੱਖ ਸੰਗਤਾਂ ਦੀ ਕਰੋਪੀ ਦਾ ਵੀ ਸ਼ਿਕਾਰ ਹੋਣਾ ਪਿਆ।
ਸਰਬੱਤ ਖਾਲਸਾ ਬਾਰੇ ਉਹਨਾਂ ਕਿਹਾ ਕਿ ਉਹ ਉਹ ਵਿਰੋਧ ਤਾਂ ਨਹੀਂ ਕਰਦੇ ਪਰ ਉਹਨਾਂ ਦੀ ਰਾਇ ਹੈ ਕਿ ਇਹ ਸਰਬੱਤ ਖਾਲਸਾ ਅਮਰੀਕਾ ਕਨੇਡਾ ਦੀ ਧਰਤੀ ਤੇ ਬੁਲਾਇਆ ਜਾਵੇ ਅਤੇ ਉਥੇ ਪਾਸ ਹੋਣ ਵਾਲੇ ਮਤੇ ਨਨਕਾਣਾ ਸਾਹਿਬ ਦੀ ਪਵਿੱਤਰ ਅਸਥਾਨ ਤੋਂ ਸੰਗਤਾਂ ਦੀ ਹਾਜ਼ਰੀ ਵਿੱਚ ਰੀਲੀਜ਼ ਕੀਤੇ ਜਾਣ। ਡੇਹਰਾ ਸਾਹਿਬ ਦੀ ਕਾਰ ਸੇਵਾ ਬਾਰੇ ਉਹਨਾਂ ਕਿਹਾ ਕਿ ਉਹ ਪਾਕਿਸਤਾਨ ਦੇ ਇੰਜੀਨੀਅਰਾਂ ਨਾਲ ਮੀਟਿੰਗ ਲਈ ਗਏ ਸਨ ਅਤੇ ਗੁਰੂਦੁਆਰੇ ਦੀ ਕਾਰ ਸੇਵਾ ਦੇ ਪਹਿਲੇ ਪੜਾਅ ਦਾ ਕੰਮ ਪੂਰਾ ਹੋ ਚੁੱਕਾ ਹੈ। ਇਸ ਸਮੇਂ ਉਹਨਾਂ ਦੇ ਨਾਲ ਮਨਿੰਦਰ ਸਿੰਘ ਧੁੰਨਾ, ਸਾਹਿਬਜੀਤ ਸਿੰਘ ਤੇ ਕੁਝ ਹੋਰ ਸਾਥੀ ਵੀ ਨਾਲ ਸਨ।
ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਬਾਦਲਾਂ ਨੇ ਆਰ.ਐਸ.ਐਸ. ਦੀ ਖੁਸ਼ਨੰਦੀ ਹਾਸਲ ਕਰਨ ਲਈ ਕਰਵਾਈ- ਸਰਨਾ
This entry was posted in ਪੰਜਾਬ.