ਇਹ ਯਾਦ ਸ਼ਹੀਦਾਂ ਦੀ, ਪਈ ਕਿੰਜ ਮਨਾਏ ਜੀ।
ਸਿੱਖਾਂ ਦੀ ਕੌਮ ਹੈ ਇਹ, ਜ਼ਿੰਦਗੀਆਂ ਬਚਾਏ ਜੀ।
ਨਵੰਬਰ ਦਾ ਇਹ ਹਫਤਾ, ਸੱਲ ਸੀਨੇ ਪਾਉਂਦਾ ਏ।
ਬੇਨਾਮ ਸ਼ਹੀਦਾਂ ਦੀ, ਇਹ ਯਾਦ ਦਿਵਾਉਂਦਾ ਏ।
ਰੱਤ ਡੋਲ੍ਹ ਮਨੁੱਖਤਾ ਦੀ, ਸ਼ੈਤਾਨ ਕਹਾਏ ਜੀ
ਇਹ……..
ਜੰਜੂਆਂ ਦੇ ਰਾਖੇ ਹੀ, ਜੰਜੂਆਂ ਨੇ ਸਾੜੇ ਨੇ।
ਇੱਜ਼ਤਾਂ ਬਚਾਉਣ ਵਾਲੇ, ਅੱਜ ਗਏ ਲਿਤਾੜੇ ਨੇ।
ਕਿਉਂ ਆਪਣੇ ਹੀ ਲੋਕਾਂ, ਇਹ ਰੂਪ ਵਟਾਏ ਜੀ
ਇਹ…….
ਫੱਟ ਏਸ ਚੁਰਾਸੀ ਦੇ ਹੁਣ, ਭਰ ਦਿਓ ਵੇ ਲੋਕੋ।
ਕਾਤਿਲ ਨੂੰ ਸਜ਼ਾ ਦੇ ਕੇ, ਨਿਆਂ ਕਰ ਦਿਓ ਵੇ ਲੋਕੋ।
ਇਨਸਾਫ ਉਡੀਕਦਿਆਂ, ਤੀਹ ਸਾਲ ਹੰਢਾਏ ਜੀ
ਇਹ……..
ਸਾਨੂੰ ਪੰਜਵੇਂ ਸਤਿਗੁਰ ਨੇ, ਇਹ ਸਬਰ ਸਿਖਾਇਆ ਏ।
ਮੁੜ ਨੌਵੇਂ ਸਤਿਗੁਰ ਵੀ, ਫਿਰ ਸਬਕ ਪੜ੍ਹਾਇਆ ਏ।
ਜੇ ਬਾਂਹ ਪਕੜ ਲਈਏ, ਫਿਰ ਤੋੜ ਨਿਭਾਏ ਜੀ
ਇਹ……
ਕੁਝ ਉਹ ਦਰਿੰਦੇ ਨੇ, ਜੋ ਮਾਰ ਮੁਕਾਉਂਦੇ ਨੇ।
ਇਕ ਖੂਨ- ਦਾਨ ਦੇ ‘ਦੀਸ਼’, ਜਾਨਾਂ ਨੂੰ ਬਚਾਉਂਦੇ ਨੇ।
ਸਿੱਖ ਕੌਮ ਭਲਾ ਮੰਗਦੀ, ਸਰਬੱਤ ਦਾ ਆਏ ਜੀ
ਇਹ………