ਲੁਧਿਆਣਾ – ਵੈਸਟ ਇੰਡੀਜ਼ ਦੀ ਯੂਨੀਵਰਸਿਟੀ ਤੋਂ ਪ੍ਰੋ. ਵਾਈਸ ਚਾਂਸਲਰ ਪ੍ਰੋਫੈਸਰ ਕਲੀਮਟ ਸੰਕੇਟ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ । ਵੈਸਟ ਇੰਡੀਜ਼ ਦੇ ਪੋਰਟ ਆਫ਼ ਸਪੇਨ, ਤ੍ਰਿਨੀਦਾਦ ਅਤੇ ਤਬਾਕੋ ਦੇ ਇਸ ਵਿਗਿਆਨੀ ਦਾ ਮੁੱਖ ਦੌਰਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਾਲ ਦੋਪਸਾੜੇ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨਾ ਸੀ । ਡਾ. ਸੰਕੇਟ ਨੇ ਕੱਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਦੇ ਨਾਲ ਵਿਚਾਰ ਚਰਚਾ ਕੀਤੀ । ਡਾ. ਢਿੱਲੋਂ ਨੇ ਇਸ ਸਮੇਂ ਖੋਜ, ਸਿੱਖਿਆ ਅਤੇ ਪਸਾਰ ਸੰਬੰਧੀ ਜਾਣਕਾਰੀ ਡਾ. ਸੰਕੇਟ ਨਾਲ ਸਾਂਝੀ ਕੀਤੀ । ਉਹਨਾਂ ਦੱਸਿਆ ਕਿ ਇਸ ਯੂਨੀਵਰਸਿਟੀ ਦੇ ਵਿੱਚ 19 ਵੱਖ ਵੱਖ ਮੁਲਕਾਂ ਤੋਂ 37 ਅੰਤਰਰਾਸ਼ਟਰੀ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ । ਉਹਨਾਂ ਯੂਨੀਵਰਸਿਟੀ ਦੇ ਸੰਗਠਨ ਢਾਂਚਾ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ । ਉਹਨਾਂ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਵੱਲੋਂ ਪਸਾਰ ਦੇ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਦੱਸਿਆ । ਡਾ. ਸੰਕੇਟ ਨੇ ਦੇਸ਼ ਦੀ ਭੋਜਨ ਸੁਰੱਖਿਆ ਵਿੱਚ ਯੂਨੀਵਰਸਿਟੀ ਵੱਲੋਂ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਨੂੰ ਖੂਬ ਸਲਾਹਿਆ । ਉਹਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਇਹ ਮਾਡਲ ਦੂਜੀਆਂ ਯੂਨੀਵਰਸਿਟੀਆਂ ਵਿੱਚ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ ।
ਅੱਜ ਡਾ. ਸੰਕੇਟ ਦਾ ਵਿਸ਼ੇਸ਼ ਭਾਸ਼ਣ ਯੂਨੀਵਰਸਿਟੀ ਦੇ ਫਾਰਮ ਸਲਾਹਕਾਰ ਕੇਂਦਰ ਵਿਖੇ ਆਯੋਜਿਤ ਕੀਤਾ ਗਿਆ ਜਿਥੇ ਵੱਡੀ ਗਿਣਤੀ ਦੇ ਵਿੱਚ ਯੂਨੀਵਰਸਿਟੀ ਦੇ ਵਿਗਿਆਨੀ ਅਤੇ ਵਿਦਿਆਰਥੀਆਂ ਨੇ ਭਾਗ ਲਿਆ । ਆਪਣੇ ਭਾਸ਼ਣ ਵਿੱਚ ਪ੍ਰੋਫੈਸਰ ਸੰਕੇਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਥਾਈ ਖੇਤੀ ਪੂਰੀ ਦੁਨੀਆਂ ਦੇ ਲਈ ਇਕ ਮੁੱਖ ਵਿਸ਼ਾ ਬਣ ਚੁੱਕੀ ਹੈ । ਵੱਧਦੀ ਜਨਸੰਖਿਆ, ਸ਼ਹਿਰੀਕਰਨ ਅਤੇ ਨਿਰੰਤਰ ਵਿਕਾਸ ਦੇ ਕਾਰਨ ਉਤਰ ਦੱਖਣ ਏਸ਼ੀਆ ਦੇ ਵਿੱਚ ਇਸ ਦੀ ਜ਼ਿਆਦਾ ਮਹੱਤਤਾ ਹੈ । ਉਹਨਾਂ ਕਿਹਾ ਕਿ ਇਸ ਖੇਤਰ ਦੇ ਵਿੱਚ ਖੋਜ ਅਤੇ ਵਿਕਾਸ ਕਾਰਜਾਂ ਨੂੰ ਇਕ ਥਾਂ ਤੇ ਇਕੱਠੇ ਕਰਨਾ ਸਮੇਂ ਦੀ ਮੁੱਖ ਮੰਗ ਹੈ ।ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਬਲਵਿੰਦਰ ਸਿੰਘ ਨੇ ਇਸ ਮੌਕੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਦੋਹਾਂ ਮੁਲਕਾਂ ਦੇ ਵਿੱਚ ਖੇਤੀ ਵਿਗਿਆਨੀਆਂ ਅਤੇ ਵਿਦਿਆਰਥੀਆਂ ਦੇ ਆਦਾਨ ਪ੍ਰਦਾਨ ਤੇ ਵਿਚਾਰ ਕੀਤਾ ਜਾ ਸਕਦਾ ਹੈ । ਉਹਨਾਂ ਕਿਹਾ ਕਿ ਭਵਿੱਖ ਵਿੱਚ ਭੋਜਨ ਪ੍ਰੋਸੈਸਿੰਗ, ਮਸ਼ੀਨੀਕਰਨ, ਸੁਰੱਖਿਅਤ ਖੇਤੀ ਆਦਿ ਵਿੱਚ ਦੋਪਾਸੜੇ ਸਹਿਯੋਗ ਤੇ ਕਾਰਜ ਨੇਪਰੇ ਚਾੜ੍ਹੇ ਜਾ ਸਕਦੇ ਹਨ । ਅੰਤ ਵਿੱਚ ਧੰਨਵਾਦ ਦੇ ਸ਼ਬਦ ਅਪਰ ਨਿਰਦੇਸ਼ਕ ਖੋਜ ਡਾ. ਆਰ ਕੇ ਗੁੰਬਰ ਨੇ ਕਹੇ ।
ਪ੍ਰੋ. ਸੰਕੇਟ ਨੂੰ ਯੂਨੀਵਰਸਿਟੀ ਦੇ ਵਾਈ ਚਾਂਸਲਰ ਵੱਲੋਂ ਇਕ ਯਾਦਗਾਰੀ ਚਿੰਨ ਅਤੇ ਪ੍ਰਕਾਸ਼ਨਾਵਾਂ ਦਾ ਸੈਟ ਵੀ ਭੇਂਟ ਕੀਤਾ ਗਿਆ ।
ਵੈਸਟ ਇੰਡੀਜ਼ ਤੋਂ ਪ੍ਰੋਫੈਸਰ ਕਲੀਮਟ ਸੰਕੇਟ ਨੇ ਪੀ ਏ ਯੂ ਦਾ ਦੌਰਾ ਕੀਤਾ
This entry was posted in ਖੇਤੀਬਾੜੀ.