ਨਵੀਂ ਦਿੱਲੀ : ਕੇਂਦਰੀ ਫੂੱਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ 1984 ਸਿੱਖ ਕੱਤਲੇਆਮ ਦੇ ਪੀੜਿਤਾਂ ਨੂੰ ਇਨਸਾਫ਼ ਮਿਲਣ ’ਚ ਹੋ ਰਹੀ ਦੇਰੀ ਦਾ ਮੁੱਦਾ ਚੁੱਕਿਆ। ਇਸ ਵਫ਼ਦ ’ਚ ਸ਼ਾਮਿਲ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗ੍ਰਹਿ ਮੰਤਰਾਲੇ ਦੇ ਦਫ਼ਤਰ ਨਾੱਰਥ ਬਲਾੱਕ ਵਿੱਖੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਦੌਰਾਨ ਦਿੱਲੀ ਵਿੱਖੇ ਪੀੜਿਤਾਂ ਨੂੰ ਇਨਸਾਫ਼ ਮਿਲਣ ਤੋਂ ਰੋਕਣ ਵਾਸਤੇ ਸੀ.ਬੀ.ਆਈ. ਅਤੇ ਦਿੱਲੀ ਪੁਲਿਸ ਤੇ ਸਿੱਖਾਂ ਨੂੰ ਖੱਜ਼ਲ-ਖੁਆਰ ਕਰਨ ਦਾ ਵੀ ਦੋਸ਼ ਲਗਾਇਆ।
ਵਫਦ ਨੇ 1992 ’ਚ ਨਾਂਗਲੋਈ ਥਾਣੇ ’ਚ ਸੱਜਣ ਕੁਮਾਰ ਦੇ ਖਿਲਾਫ਼ 1984 ਸਿੱਖ ਕੱਤਲੇਆਮ ਦੀ ਦਰਜ ਹੋਈ ਐਫ਼.ਆਈ.ਆਰ. ਤੇ ਦਿੱਲੀ ਪੁਲਿਸ ਵੱਲੋਂ 23 ਸਾਲ ਬਾਅਦ ਵੀ ਚਾਰਜਸ਼ੀਟ ਨਾ ਦਾਖਿਲ ਕਰਨ ਦਾ ਦੋਸ਼ ਲਗਾਉਂਦੇ ਹੋਏ ਇਸ ਸੰਬੰਧ ’ਚ ਗ੍ਰਹਿ ਮੰਤਰੀ ਨੂੰ ਕਮੇਟੀ ਵੱਲੋਂ ਦੋ ਵਰ੍ਹੇ ਪਹਿਲੇ ਦਿੱਤੇ ਜਾ ਚੁੱਕੇ ਮੰਗ ਪੱਤਰਾਂ ਦਾ ਵੀ ਚੇਤਾ ਕਰਾਇਆ। ਵਫਦ ਵੱਲੋਂ ਸੀ.ਬੀ.ਆਈ. ਦੀ ਭੂਮਿਕਾ ਨੂੰ ਕਾਤਿਲਪੱਖੀ ਦਸਦੇ ਹੋਏ ਕਾਂਗਰਸ ਸਰਕਾਰ ਜਾਉਣ ਦੇ ਬਾਵਜੂਦ ਅਫਸਰਸ਼ਾਹੀ ਦਾ ਪੁਰਾਣਾ ਰਵਈਆ ਕਾਇਮ ਹੋਣ ਦਾ ਵੀ ਦਾਅਵਾ ਕੀਤਾ ਗਿਆ। ਵਫਦ ਨੇ ਕੇਂਦਰ ਸਰਕਾਰ ਵੱਲੋਂ ਪੀੜਿਤ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਧੰਨਵਾਦ ਕਰਦੇ ਹੋਏ ਦਿੱਲੀ ਸਰਕਾਰ ਵੱਲੋਂ ਲਗਭਗ 2500 ਪੀੜਿਤਾਂ ਦੀ ਥਾਂ ਤੇ ਹੁਣ ਤਕ 1300 ਲੋਕਾਂ ਨੂੰ ਚੈਕ ਮਿਲਣ ਦੀ ਸਾਹਮਣੇ ਆ ਰਹੀ ਜਾਣਕਾਰੀ ਅਤੇ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਐਸ.ਆਈ.ਟੀ. ਨੂੰ ਦਿੱਲੀ ਸਰਕਾਰ ਵੱਲੋਂ ਕੋਈ ਸਹਿਯੋਗ ਨਾ ਦੇਣ ਕਰਕੇ ਦਿੱਲੀ ਸਰਕਾਰ ਤੋਂ ਜਵਾਬਤਲਬੀ ਕਰਨ ਦੀ ਮੰਗ ਕੀਤੀ।
ਜਿਸਦੇ ਜਵਾਬ ’ਚ ਗ੍ਰਹਿ ਮੰਤਰੀ ਵੱਲੋਂ ਦਿੱਲੀ ਪੁਲਿਸ ਅਤੇ ਸੀ.ਬੀ.ਆਈ. ਦੀ ਖਿਚਾਈ ਕਰਨ ਦਾ ਭਰੋਸਾ ਦਿੰਦੇ ਹੋਏ ਦਿੱਲੀ ਸਰਕਾਰ ਨੂੰ ਮੁਆਵਜੇ ਦੇ ਮਦ ’ਚ ਪੂਰੀ ਰਕਮ ਦਿੱਲੀ ਸਰਕਾਰ ਨੂੰ ਦੇਣ ਦਾ ਦਾਅਵਾ ਕੀਤਾ ਗਿਆ।ਬੀਬੀ ਬਾਦਲ ਵੱਲੋਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਰਾਣੀ ਸਾਂਝ ਦਾ ਹਵਾਲਾ ਦਿੰਦੇ ਹੋਏ ਗ੍ਰਹਿ ਮੰਤਰੀ ਨੂੰ ਸਿੱਖਾਂ ਨੂੰ ਇਨਸਾਫ ਦਿਵਾਉਣ ਪ੍ਰਤੀ ਗੰਭੀਰ ਹੋਣ ਦੀ ਵੀ ਅਪੀਲ ਕੀਤੀ ਗਈ। ਜੀ.ਕੇ. ਨੇ ਕਿਹਾ ਕਿ ਅਕਾਲੀ ਦਲ ਪਿੱਛਲੇ 31 ਸਾਲ ਤੋਂ ਪੀੜਿਤਾਂ ਦੀ ਲੜਾਈ ਨੂੰ ਅਗਲੀ ਕਤਾਰ ’ਚ ਲੜ ਰਿਹਾ ਹੈ। ਇਸ ਕਰਕੇ ਕਿਸੇ ਵੀ ਕਾਤਿਲਾਂ ਨੂੰ ਕਾਨੂੰਨੀ ਲੜਾਈ ਤੋਂ ਭਜਣ ਦਾ ਰਾਹ ਨਹੀਂ ਦਿੱਤਾ ਜਾਵੇਗਾ।