ਇਸਲਾਮਾਬਾਦ- – ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਤੇ ਸਿਆਸੀ ਨੇਤਾ ਇਮਰਾਨ ਖਾਨ ਅਤੇ ਉਨ੍ਹਾਂ ਦੀ ਬੇਗਮ ਰੇਹਮ ਖਾਨ ਨੇ 30 ਅਕਤੂਬਰ ਨੂੰ ਵੱਖ ਹੋਣ ਦਾ ਐਲਾਨ ਕੀਤਾ ਹੈ ਪਰ ਉਨ੍ਹਾਂ ਨੇ ਤਲਾਕ ਲੈਣ ਦੀ ਕੋਈ ਵਜ੍ਹਾ ਨਹੀਂ ਦੱਸੀ। ਉਨ੍ਹਾਂ ਦੇ ਵੱਖ ਹੋਣ ਸਬੰਧੀ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਪਾਕਿਸਤਾਨ ਦੇ ਮੀਡੀਆ ਅਨੁਸਾਰ ਰੇਹਮ ਨੇ ਆਪਣੇ ਪਤੀ ਇਮਰਾਨ ਖਾਨ ਨੂੰ ਜਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਵੀ ਚਰਚਾ ਹੈ ਕਿ ਰੇਹਮ ਨੇ ਇਹ ਸੱਭ 62 ਸਾਲਾ ਇਮਰਾਨ ਖਾਨ ਦੀ ਰਾਜਨੀਤਕ ਵਿਰਾਸਤ ਤੇ ਕਬਜ਼ਾ ਕਰਨ ਲਈ ਕੀਤਾ।
ਇਮਰਾਨ ਖਾਨ ਅਤੇ ਰੇਹਮ ਨੇ ਵੱਖਰੇ ਹੋਣ ਬਾਰੇ ਕਿਸੇ ਵੀ ਵਜ੍ਹਾ ਦਾ ਜਿਕਰ ਨਹੀਂ ਕੀਤਾ। ਇਸ ਕਰਕੇ ਉਨ੍ਹਾਂ ਸਬੰਧੀ ਚੱਲ ਰਹੀਆਂ ਅਫ਼ਵਾਹਾਂ ਨੂੰ ਜਿਆਦਾ ਤਵਜੋਂ ਮਿਲ ਰਹੀ ਹੈ। ਪਾਕਿਸਤਾਨੀ ਪੱਤਰਕਾਰ ਨਿਜਾਮੀ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ, ‘ਇੰਟੈਲੀਜੈਂਸ ਏਜੰਸੀਆਂ ਨੇ ਇਮਰਾਨ ਦੇ ਕਰੀਬੀ ਦੋਸਤਾਂ ਦੇ ਰਾਹੀਂ ਉਨ੍ਹਾਂ ਤੱਕ ਇਹ ਸੁਨੇਹਾ ਪਹੁੰਚਾਇਆ ਕਿ ਰੇਹਮ ਦੀ ਨੀਅਤ ਠੀਕ ਨਹੀਂ ਹੈ। ਇਸ ਗੱਲ ਦਾ ਡਰ ਸੀ ਕਿ ਪਾਰਟੀ ਦੀ ਕਮਾਨ ਆਪਣੇ ਹੱਥਾਂ ਵਿੱਚ ਲੈਣ ਲਈ ਰੇਹਮ ਆਪਣੇ ਪਤੀ ਨੂੰ ਜਹਿਰ ਵੀ ਦੇ ਸਕਦੀ ਹੈ।’
ਪਿੱਛਲੇ ਸਾਲ ਦਿਸੰਬਰ, 2014 ਵਿੱਚ ਇਮਰਾਨ ਖਾਨ ਅਤੇ ਰੇਹਮ ਦਾ ਨਿਕਾਹ ਹੋਇਆ ਸੀ ਅਤੇ ਸਿਤੰਬਰ 2015 ਵਿੱਚ ਉਨ੍ਹਾਂ ਦੇ ਤਲਾਕ ਸਬੰਧੀ ਖ਼ਬਰਾਂ ਆਉਣ ਲਗ ਗਈਆਂ ਸਨ। ਅਕਤੂਬਰ ਵਿੱਚ ਦੋਵਾਂ ਵੱਲੋਂ ਤਲਾਕ ਦੀ ਦਰਖਾਸਤ ਦੇ ਦਿੱਤੀ ਗਈ ਹੈ। ਪੱਤਰਕਾਰ ਨਿਜਾਮੀ ਨੇ ਸਿਤੰਬਰ ਵਿੱਚ ਹੀ ਕਹਿ ਦਿੱਤਾ ਸੀ ਕਿ ਦੋਵੇਂ ਅਜਿਹੀ ਸਥਿਤੀ ਵਿੱਚ ਪਹੁੰਚ ਗਏ ਹਨ, ਜਿੱਥੇ ਰਸਤੇ ਵੱਖ ਹੋ ਸਕਦੇ ਹਨ ਅਤੇ ਵਾਪਸੀ ਦੀ ਕੋਈ ਉਮੀਦ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰੇਹਮ ਨੇ ਇਮਰਾਨ ਦੀ ਜਿੰਦਗੀ ਨੂੰ ਨਰਕ ਬਣਾ ਦਿੱਤਾ ਸੀ। ਇਸ ਲਈ ਤਲਾਕ ਦਾ ਫੈਂਸਲਾ ਵੀ ਆਪਸੀ ਸਹਿਮਤੀ ਨਾਲ ਨਹੀਂ ਹੋ ਸਕਿਆ।