ਮੈਂ ਅਜੇ ਬਿਸਤਰੇ ਵਿਚ ਹੀ ਪਿਆ ਸੋਚ ਰਿਹਾ ਸੀ ਕਿ ਅਜੇ ਉਠਾ ਜਾਂ ਨਾ ਉਠਾ।ਵੈਸੇ ਉਠਣ ਨੂੰ ਦਿਲ ਨਹੀ ਸੀ ਕਰ ਰਿਹਾ।ਰਾਤ ਦੇ ਇਕ ਵਜੇ ਤਕ ਬਈਏ ਨਾਲ ਆਲੂਆਂ ਨੂੰ ਪਾਣੀ ਲਾਉਂਦਾ ਰਿਹਾ। ਜਿਸ ਕਰਕੇ ਢੂੁਈ ਵੀ ਆਕੜੀ ਅਜਿਹੀ ਪਈ ਸੀ।ਦਸਾਂ ਨਹੁੰਆ ਦੀ ਕਿਰਤ ਕਰਨ ਦਾ ਰਿਵਾਜ਼ ਸਾਡੇ ਘਰ ਵਿਚ ਪਿਛੋਂ ਹੀ ਤੁਰਿਆ ਆ ਰਿਹਾ ਹੈ। ਇਸ ਰਿਵਾਜ਼ ਦੀ ਮਿਹਰ ਨਾਲ ਅਸੀ ਬੇਸ਼ੱਕ ਚੋਖੀ ਪੈਲੀ ਵੀ ਬਣਾ ਲਈ ਹੈ, ਫਿਰ ਵੀ ਬਾਬੇ ਦਾ ਦੱਸਿਆ ਉਪਦੇਸ਼ ਦਸਾਂ ਨਹੁੰਆਂ ਦੀ ਕਿਰਤ ਅਸੀ ਸੰਭਾਲਿਆ ਹੋਇਆ ਹੈ।ਜਕੋਤਕੀ ਵਿਚ ਇਹ ਗੱਲਾਂ ਸੋਚਦੇ ਨੇ ਪਾਸਾ ਪਲਟਿਆ ਤਾਂ ਬਹਾਰੋਂ ਰੋਣ ਦੀ ਅਵਾਜ਼ ਮੇਰੀ ਕੰਨੀ ਪਈ।
“ ਮਾਤਾ ਜੀ, ਗੱਲ ਕੀ ਹੋਈ?” ਮੇਰੀ ਪਤਨੀ ਘਬਰਾਈ ਹੋਈ ਪੁੱਛ ਰਹੀ ਸੀ, “ ਮੈਂ ਤਾਂ ਅੱਜ ਤਕ ਨਹੀ ਤਹਾਨੂੰ ਇਸ ਤਰਾਂ ਰੋਂਦੇ ਦੇਖਿਆ।”
ਮੈਂ ਹੈਰਾਨ ਹੁੰਦਾ ਇਕਦਮ ਬਿਸਤਰੇ ਤੋਂ ਉਠਿਆ। ਮਾਤਾ ਜੀ ਤਾਂ ਬਹੁਤ ਹੌਂਸਲੇ ਵਾਲੇ ਹਨ, ਇਹ ਕੀ ਹੋ ਗਿਆ?ਇਸ ਵੇਲੇ ਇਹ ਗੁਰੂ ਘਰ ਤੋਂ ਮੱਥਾ ਟੇਕ ਕੇ ਵਾਪਸ ਪਰਤਦੇ ਨੇ। ਸ਼ਾਇਦ ਪਿੰਡ ਵਿਚ ਕੋਈ ਅਣਹੋਣੀ ਘਟਨਾ ਬਾਰੇ ਸੁਣ ਕੇ ਆਏ ਹੋਣ।ਇਹ ਖਿਆਲ ਲਈ ਮੈਂ ਜਲਦੀ ਨਾਲ ਬਾਹਰ ਬਰਾਂਡੇ ਵਿਚ ਮਾਤਾ ਜੀ ਕੋਲ ਆ ਗਿਆ।
“ਕੀ ਹੋਇਆ ਤਹਾਨੂੰ?” ਮੈਂ ਆਉਂਦੇ ਨੇ ਪੁੱਛਿਆ, “ ਪਿੰਡ ਵਿਚ ਸੁਖ-ਸਾਂਦ ਤਾਂ ਹੈ?”
“ ਕਾਕਾ, ਅਨਾਰਥ ਹੋ ਗਿਆ।” ਮਾਤਾ ਜੀ ਆਪਣੀਆਂ ਅੱਖਾਂ ਚੁੰਨੀ ਦੇ ਪੱਲੇ ਨਾਲ ਪੂਝੰਦੇ ਰੌੰਦੀ ਅਵਾਜ਼ ਵਿਚ ਬੋਲੇ, “ ਕਿਸੇ ਨੇ ਗੁਰੂ ਸਾਹਿਬ ਦੇ ਅੰਗ ਕਤਲ ਕਰ ਦਿੱਤੇ।”
ਮਾਤਾ ਜੀ ਦੀ ਗੱਲ ਨੇ ਜਿਵੇ ਮੇਰੇ ਉੱਪਰ ਪਹਾੜ ਸਿਟ ਦਿਤਾ ਹੋਵੇ, ਮੈਂ ਬੋਲਣ ਤੋਂ ਅਸਮਰਥ ਹੋ ਗਿਆ ਹੋਵਾਂ।ਜਿਵੇਂ ਮੈਨੂੰ ਮਧੋਲ ਕੇ ਰੱਖ ਦਿੱਤਾ ਹੋਵੇ।ਡਿਗੱਣ ਅਜਿਹਾ ਲਗਾ ਤਾਂ ਇਕਦਮ ਬਰਾਂਡੇ ਦੀ ਕੰਧ ਦਾ ਸਹਾਰਾ ਲਿਆ ਤਾਂ ਮੇਰੀ ਪਤਨੀ ਨੇ ਅੱਖਾ ਭਰ ਕੇ ਮੇਰੇ ਵੱਲ ਦੇਖ ਕੇ ਕਿਹਾ, “ ਕੀ ਹੋਗਿਆ ਤਹਾਨੂੰ?”
“ ਤੈਨੂੰ ਨਹੀ ਪਤਾ ਮੈਂਨੂੰ ਕੀ ਹੋਇਆ।” ਮੈਂ ਭੁਵ ਅਜਿਹੀ ਲੈ ਕੇ ਆਪਣੀ ਪਤਨੀ ਨੂੰ ਪੈ ਗਿਆ, “ ਕਿਸੇ ਦੇ ਪਿਉ ਦੀ ਬੇਪਤੀ ਕੀਤੀ ਜਾਵੇ,ਫਿਰ ਉਸ ਦੇ ਪੁੱਤਰ ਨੂੰ ਕੀ ਹੁੰਦਾ ਏ।ਅੰਦਰੋਂ ਕੰਧ ਨਾਲ ਟੰਗੀ ਨਾਗਨੀ ਲਿਆ ਕੇ ਫੜਾ, ਇਹਨਾਂ ਦੀ …।”
ਗੁੱਸੇ ਵਿਚ ਮੇਰੇ ਹੱਥ ਪੈਰ ਕੰਬਣ ਲੱਗ ਪਏ। ਮੇਰੀ ਹਾਲਤ ਦੇਖ ਮਾਤਾ ਜੀ ਆਪਣਾ ਰੋਣਾ ਭੁਲ ਮੈਨੂੰ ਫੜ੍ਹ ਕੇ ਮੰਜ਼ੇ ਉੱਪਰ ਬਿਠਾਉਦੇਂ ਬੋਲੇ, “ ਕਾਕਾ, ਹੋਸ਼ ਵਿਚ ਆ,ਤੇਰੀ ਨਾਗਨੀ ਨਾਲ ਇਹ ਮਸਲਾ ਹੱਲ ਨਹੀ ਹੋਣਾ।”
ਮੇਰੀ ਕੰਡ ਉੱਪਰ ਹੱਥ ਫੇਰਦੇ ਮੇਰੀ ਪਤਨੀ ਨੂੰ ਬੋਲੇ, “ ਬਹੂ ਇਹਨੂੰ ਠੰਡੇ ਪਾਣੀ ਦਾ ਗਿਲਾਸ ਲਿਆ ਕੇ ਦੇ।”
ਫਿਰ ਮੇਰੀ ਲੇਰ ਨਿਕਲ ਗਈ ਤਾਂ ਮੈਂ ਜੋਰ ਲਾ ਕੇ ਬੋਲਿਆ, “ ਜੇ ਇਹ ਮਸਲਾ ਨਾਗਨੀ ਨਾਲ ਹੱਲ ਨਹੀ ਹੋਣਾ ਤਾਂ ਠੰਡੇ ਪਾਣੀ ਨਾਲ ਵੀ ਨਹੀ ਹੋਣਾ।”
ਮੇਰੀ ਲੇਰ ਸੁਣ ਕੇ ਗੁਵਾਂਢੀ ਤਾਇਆ ਕੰਧ ਉੱਪਰ ਦੀ ਹੀ ਪੁੱਛਣ ਲੱਗਾ, “ ਬੇਚਿੰਤ ਕੌਰੇ, ਦੇਬੀ ਨੂੰ ਕੀ ਹੋਇਆ।”
ਮੇਰੀ ਮਾਂ ਰੋਂਦੀ ਅਵਾਜ਼ ਵਿਚ ਬੋਲੀ, “ ਬਾਈ ਜੀ, ਗੁਰੁੂ ਘਰ ਚੱਲ ਕੇ ਵੇਖੋ ਕੀ ਹੋਇਆ।”
“ ਕੀ ਹੋਇਆ?” ਤਾਈ ਵੀ ਨਾਲ ਹੀ ਕੰਧ ਉੱਪਰ ਦੀ ਬੋਲੀ, “ ਭਾਈ ਜੀ ਤਾਂ ਠੀਕ ਆ।”
“ ਗੁਰੂ ਮਹਾਰਾਜ ਦੇ ਪੱਤਰੇ ਕੱਟ ਕੇ ਕਿਸੇ ਨੇ ਆਲੇ-ਦੁਆਲੇ ਖਿਲਾਰ ਦਿੱਤੇ।” ਮਾਂ ਨੇ ਰੌਂਦੀ ਅਵਾਜ਼ ਵਿਚ ਦੱਸਿਆ, “ ਹਨੇਰ ਹੋ ਗਿਆ।”
“ ਮਰ ਜਾਏ ਕੰਜਰ, ਇਹਦੀ ਬੇੜੀ ਬਹਿ ਜਾਏ, ਇਹਨੂੰ ਸਤੀ ਕੱਪੜੀ ਅੱਗ ਲੱਗ ਜਾਏ,ਜਿਹਨੇ ਇਹ ਸਭ ਕੁਝ ਕੀਤਾ।ਇਹਦਾ ਕੱਖ ਨਾ ਰਹੇ” ਤਾਈ ਉੱਚੀ ਉੱਚੀ ਬੋਲਣ ਲੱਗੀ, “ ਇਦਾਂ ਦਾ ਥੇਹ ਹੋਣਾ ਹੁਣ ਛੱਡਣਾ ਨਹੀ ਚਾਹੀਦਾ।”
ਤਾਇਆ- ਗਾਲਾ ਕੱਢਦੀ ਤਾਈ ਨੂੰ ਲੈ ਕੇ ਉਸ ਵੇਲੇ ਹੀ ਸਾਡੇ ਘਰ ਆ ਗਿਆ। ਮੈਂ ਤਾਏ ਨਾਲ ਚੁੰਬਰ ਕੇ ਉਚੀ ਉਚੀ ਰੋਣ ਲੱਗਾ।ਪਿਛਲਾ ਸਾਰਾ ਇਤਹਾਸ ਅੱਖਾਂ ਰਾਹੀ ਹੰਝੂ ਬਣ ਕੇ ਬਾਹਰ ਆਉਣ ਲੱਗਾ। ਤਾਏ ਦਾ ਮੋਢਾ ਫੜ੍ਹ ਕੇ ਮੈਂ ਪੁੱਛਣ ਲੱਗਾ, “ ਦੱਸ ਤਾਇਆ, ਸਾਡੇ ਨਾਲ ਇਸ ਤਰਾਂ ਕਿਉਂ ਹੁੰਦਾ ਏ? ਅਸੀ ਕੀ ਮਾੜਾ ਕਰਦੇ ਹਾਂ? ਸਾਡੇ ਗੁਰੂਆ ਨੇ ਆਪਣਾ- ਆਪ, ਆਪਣੇ ਬੱਚੇ ਇਸ ਦੇਸ਼ ੳੋੁਤੋਂ ਦੀ ਵਾਰ ਦਿੱਤੇ, ਸਾਨੂੰ ਵੱਢਣ ਲਈ ਕਦੀ ਸੰਤਾਲੀ ਲੈਂ ਆਉਂਦੇ ਨੇ ਅਤੇ ਕਦੀ ਚੁਰਾਸੀ, ਇਹ ਕਿਉਂ ਨਹੀ ਸਾਨੂੰ ਝੱਲਦੇ, ਸਾਡੇ ਹੀ ਦੇਸ਼ ਵਿਚ, ਸਾਡੇ ਹੀ ਪ੍ਰਾਂਤ ਵਿਚ, ਸਾਡੇ ਹੀ ਪਿੰਡ ਵਿਚ ਇਹ ਕਾਰਾ ਕਿਸ ਨੇ ਕੀਤਾ?”
ਤਾਏ ਨੇ ਲੰਮਾ ਅਜਿਹਾ ਸਾਹ ਲੈ ਕੇ ਕਿਹਾ, “ ਰਾਜਨੀਤੀ ਨੇ।”
“ਰਾਜਨੀਤੀ ਸਾਡੇ ਨਾਲ ਹੀ ਕਿਉਂ ਕਾਰੇ ਕਰਦੀ ਆ, ਤਾਇਆ।” ਮੈਂ ਫਿਰ ਗੁੱਸੇ ਵਿਚ ਭੁੜਕ ਪਿਆ, “ ਭੈਣ…ਇਹ ਸਾਰੇ ਸਰਕਾਰੀਏ ਹੁਣ ਮੈਂ ਛੱਡਣੇ ਨਹੀਂ?”
“ ਕਿੳਂਕਿ ਰਾਜਨੀਤੀ ਨੂੰ ਪਤਾ ਹੈ ਕਿ ਇਸ ਕੌਮ ਕੋਲ ਨਾ ਕੋਈ ਚੱਜ ਦਾ ਲੀਡਰ ਆ, ਨਾ ਕੋਈ ਘਰ ਆ ਨਾ ਕੋਈ ਦਰ ਆ।” ਤਾਏ ਨੇ ਮੈਂਨੂੰ ਸਮਝਾਉਣ ਦੇ ਯਤਨ ਨਾਲ ਕਿਹਾ, “ਦੇਬੀ, ਇਕ ਗੱਲ ਮੈ ਤੈਨੂੰ ਦੱਸਣੀ ਚਾਹੁੰਦਾ ਆਂ, ਆਪਣੇ ਆਪ ਨੂੰ ਕਾਬੂ ਵਿਚ ਰੱਖ, ਇਹ ਵੈਰੀ ਜਾਣ ਕੇ ਅੱਗ ਲਾਉਂਦੇ ਨੇ ਤਾਂ ਜੋ ਆਪਣੀਆਂ ਰੋਟੀਆਂ ਸੇਕ ਸਕਣ,ਆਪਣੇ ਗੁੱਸੇ ਨੂੰ ਸੰਭਾਲ।”
“ ਹਾਂ ਕਾਕਾ, ਇਹ ਦਾਦੇ ਮਘਾਉਣੇ ਥੋੜੇ ਸਾਲਾ ਬਾਅਦ ਹੀ ਆਪਣੇ ਵਰਗਾ ਹੀ ਕੋਈ ਛਟਿਆ ਸਾਧ ਕੱਢ ਲੈਂਦੇ ਆ, ਵੋਟਾ ਲੈਣ ਲਈ।” ਤਾਈ ਬੋਲੀ, “ ਸਾਧ ਨੂੰ ਅੱਗੇ ਰੱਖ ਲੋਕਾਂ ਦੇ ਪੁੱਤ ਮਰਵਾਉਂਦੇ ਆ।ਜਦੋਂ ਇਹ ਮਸ਼ਟੰਡੇ ਸਾਧ ਬਦਮਾਸ਼ੀਆਂ ਕਰਦੇ ਆ ਤਾਂ ਪੁਲਸ ਵੀ ਚੁੱਪ ਧਾਰ ਲੈਂਦੀ ਆ।ਫਿਰ ਜਦੋਂ ਲੋਕ ਆਪ ਇਹਨਂਾ ਦੇ ਗੰਦੇ ਕਾਰੇ ਰੋਕਣ ਲਈ ਅੱਗੇ ਆਉਂਦੇ ਤਾਂ ਪੁਲਸ ਦੀਆਂ ਗੋਲੀਆਂ ਵੀ ਝੱਟ ਬਾਹਰ ਆ ਜਾਂਦੀਆ, ਪੁੱਤ ਇਹਨਾਂ ਨਾਲ ਤਾਂ ਸੰਭਲ ਕੇ ਚਲਣਾ ਪੈਣਾ ਆ, ਤੂੰ ਆਪਣੇ ਆਪ ਨੂੰ ਸੰਭਾਲ।”
“ ਮੈਂ ਕਿਵੇ ਸੰਭਾਲਾ?।” ਮੈਂ ਫਿਰ ਰੋ ਪਿਆ, “ ਮੇਰੇ ਅੰਗ ਅੰਗ ਵਿਚ ਅੱਗ ਲਗੀ ਪਈ ਆ, ਮੇਰਾ ਹਿਰਦਾ ਵਲੂੰਧੜਾ ਗਿਆ ਏ, ਮੇਰਾ ਦਿਲ ਛਲਣੀ ਹੋ ਗਿਆ ਆ, ਮੇਰੇ ਗੱਲ ਵਿਚ ਮੇਰੀ ਜ਼ਬਾਨ ਵਿਚ ਛਾਲੇ ਜਲਣ ਲੱਗ ਪਏ ਨੇ, ਮੈਂ ਕਿਵੇ ਸੰਭਾਲਾ ਆਪਣੇ ਆਪ ਨੂੰ ਤੂੰ ਦੱਸ ਤਾਇਆ।”
ਤਾਏ ਨੇ ਘੁੱਟ ਕੇ ਮੈਂਨੂੰ ਜੱਫੀ ਵਿਚ ਲੈ ਕੇ ਕਿਹਾ, “ ਛੱਲਣੀ ਹੋਏ ਦਿਲ ਨਾਲ ਅਤੇ ਵਲੂੰਧੜੇ ਹੋਏ ਹਿਰਦੇ ਨਾਲ ਵੀ ਆਪਾਂ ਮਜ਼ਬੂਤ ਰਹਿਣਾ ਆ।ਇਹ ਵਿਰੋਧੀਆਂ ਦੀਆਂ ਸਭ ਚਾਲਾਂ ਨੇ, ਜਦੋਂ ਵੀ ਸਾਡੀ ਜ਼ਵਾਨੀ ਦੀ ਫਸਲ ਤਿਆਰ ਹੁੰਦੀ ਆ, ਵੈਰੀ ਨਾਲ ਹੀ ਆਪਣੀਆਂ ਦਾਤੀਆਂ ਤਿੱਖੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ, ਨਬੇ ਵਿਚ ਤੇਰੇ ਪਿਉ ਨੂੰ ਅੱਤਵਾਦੀ ਕਹਿ ਕੇ ਚੁੱਕ ਕੇ ਲੈ ਗਏ ਸਨ, ਹੁਣ ਮੈਂ ਤੈਂਨੂੰ ਨਹੀ ਚੁਕਣ ਦੇਣਾ।” ਅੱਗੇ ਤਾਏ ਕੋਲ ਬੋਲ ਹੀ ਨਾ ਹੋਇਆ ਅਤੇ ਉਹ ਰੋ ਪਿਆ।ਮੇਰੀ ਮਾਂ ਤਾਈ ਦੇ ਗੱਲ ਲੱਗ ਹੋਰ ਵੀ ਉੱਚੀ ਇਸ ਤਰਾਂ ਰੋਣ ਲੱਗੀ ਜਿਵੇਂ ਉਸ ਨੂੰ ਆਪਣਾ ਪੁੱਤਰ ਪੁਲੀਸ ਦੇ ਹੱਥੋਂ ਮਰਦਾ ਦਿਸਦਾ ਹੋਵੇ।ਮੇਰੀ ਮਾਂ ਨੇ ਆਪਣੇ ਕਾਲਜ਼ੇ ਨੂੰ ਇਸ ਤਰਾ ਹੱਥ ਪਾਇਆ ਹੋਇਆ ਸੀ, ਜਿਵੇ ਉਸ ਨੂੰ ਬਾਹਰ ਡਿਗਣ ਤੋਂ ਰੋਕ ਰਹੀ ਹੋਵੇ।ਮੇਰੀ ਪਤਨੀ ਆਪਣੇ ਹੰਝੂ ਆਪਣੇ ਪੱਲੇ ਵਿਚ ਸੰਭਾਲਦੀ,ਹੱਥਾਂ ਵਿਚਲੇ ਕੰਬਦੇ ਠੰਡੇ ਪਾਣੀ ਦੇ ਗਿਲਾਸ ਨੂੰ ਡਿਗਣ ਤੋਂ ਬਚਾਉਦੀਂ ਕਹਿ ਰਹੀ ਸੀ, “ ਪਾਣੀ ਪੀ ਲਉ।”
“ ਅੱਜ ਇਹ ਚੰਦਰੀ ਸਵੇਰ ਕਿਹੋ ਜਿਹੀ ਚੜ੍ਹੀ ਸਾਡੇ ਵਿਹੜੇ ਵਿਚ?” ਤਾਈ ਹੌਲੀ ਅਜਿਹੀ ਬੋਲੀ, “ ਕਿਸ ਤਰਾਂ ਦੀ ਖਬਰ ਸੁਣਾ ਦਿੱਤੀ।”
“ ਤਾਈ ਜੀ, ਸਵੇਰਾ ਜਾਂ ਸ਼ਾਮਾਂ ਵਿਚਾਰੀਆਂ ਦਾ ਕੀ ਕਸੂਰ?” ਮੇਰੀ ਪਤਨੀ ਡੁਸਕਦੀ ਬੋਲੀ, “ ਇਹ ਤਾਂ ਇਨਸਾਨ ਹੀ ਨੇ ਜੋ ਦੂਜਿਆਂ ਦੀਆਂ ਸਵੇਰਾਂ ਸ਼ਾਮਾ ਤਬਾਹ ਕਰ ਦਿੰਦੇ ਨੇ।”
ਅਸੀ ਇਕ-ਦੂਜੇ ਨਾਲ ਲੱਗੇ ਆਪਣੇ ਦੁੱਖ ਨੂੰ ਘਟਾਉਣ ਦੀ ਕੋਸ਼ਿਸ਼ ਹੀ ਕਰ ਰਿਹੇ ਸਾਂ ਕਿ ਪਿਛਲੀ ਗਲੀ ਵਾਲਾ ਰਾਮਗੜ੍ਹੀਆ ਨੱਥਾ ਸਿੰਘ ਚਾਚਾ ਜੀ ਆ ਗਿਆ।ਸਾਡੇ ਚਿਹਰਿਆ ਨੇ ਉਸ ਨੂੰ ਦੱਸ ਦਿੱਤਾ ਕਿ ਜੋ ਉਹ ਖਬਰ ਸਾਨੁੂੰ ਦੇਣ ਆਇਆ ਹੈ ਉਸ ਦਾ ਅਸਰ ਤਾਂ ਸਾਰੇ ਘਰ ਵਿਚ ਪਸਰਿਆ ਪਿਆ ਹੈ।
“ ਉਦਾਸ ਨਾ ਹੋਵੋ।” ਨੱਥਾ ਸਿੰਘ ਚਾਚਾ ਜੀ ਆਉਂਦਾ ਹੀ ਬੋਲਿਆ, “ ਪਤਾ ਲੱਗਾ ਹੈ ਕਿ ਇਹ ਸਭ ਕੇਂਦਰ ਅਤੇ ਪੰਜਾਬ ਵਾਲੀ ਸਰਕਾਰ ਦੀ ਰਲੀ-ਮਿਲੀ ਸਾਜਸ਼ ਆ।”
“ ਨੱਥਾ ਸਿੰਘ ਜੀ, ਸਰਕਾਰ ਜਾਂ ਕੇਂਦਰ ਦੀ ਹੋਵੇ ਜਾਂ ਪੰਜਾਬ ਦੀ, ਗੱਲ ਤਾਂ ਇਹ ਆ, ਇਹੋ ਅਜਿਹੀਆਂ ਘਿਨਾਉਣੀਆਂ ਗੱਲਾਂ ਕਰਨ ਤੋਂ ਰੋਕਿਆ ਕਿਵੇ ਜਾਵੇ।” ਤਾਇਆ ਉੱਚੀ ਅਵਾਜ਼ ਵਿਚ ਬੋਲਿਆ, “ ਇਹਨਾਂ ਨੂੰ ਨੱਥ ਕਿਵੇ ਪਾਈ ਜਾਏ ਸੋਚਣ ਦੀ ਤਾਂ ਇਹ ਗੱਲ ਆ।”
“ ਨੱਥ ਪਾਉਣੀ ਔਖੀ ਨਹੀ।” ਨੱਥਾ ਸਿੰਘ ਚਾਚਾ ਜੀ ਚੜ੍ਹਦੀ ਕਲਾ ਵਿਚ ਬੋਲਿਆ, “ ਜੇ ਸਾਰੇ ਪੰਜਾਬੀ, ਸਾਰਾ ਪੰਥ, ਇਕੱਠਾ ਹੋ ਜਾਵੇ ਤਾਂ।”
“ਨੱਥਾ ਸਿੰਘ ਜੀ, ਵੈਰੀਆਂ ਨੇ ਇਕੱਠ ਵਿਚ ਗਦਾਰ ਫਿਰ ਧੱਸ ਦੇਣੇ ਆ।” ਤਾਏ ਨੇ ਪਰਨੇ ਨਾਲ ਆਪਣਾ ਮੂੰਹ ਸਾਫ ਕਰਦੇ ਕਿਹਾ, “ ਇਹ ਬਿਪਰ ਤਾਂ ਪਤਾ ਵੀ ਨਹੀ ਲੱਗਦਾ ਕਦੋਂ ਪਾੜਾ ਪਾ ਦੇਂਦੇ ਨੇ।”
“ ਗੱਲ ਤਾਂ ਤੁਹਾਡੀ ਠੀਕ ਆ।” ਮੈਂ ਹੌਲੀ ਅਜਿਹੀ ਬੋਲਿਆ, “ ਜੇ ਕਿਤੇ ਮਜਾਰਾਜੇ ਰਣਜੀਤ ਸਿੰਘ ਨੂੰ ਬਿਪਰ ਧਿਆਨ ਚੰਦ ਡੋਗਰੇ ਦਾ ਪਤਾ ਲੱਗ ਜਾਂਦਾ ਤਾਂ, ਆ ਹਾਲ ਸਾਡੀ ਕੌਮ ਦਾ ਨਹੀ ਸੀ ਹੋਣਾ।”
“ ਹੁਣ ਤਾਂ ਕਈ ਡੋਗਰੇ ਤੁਰੇ ਫਿਰਦੇ ਨੇ ਕੌਮ ਵਿਚ।” ਨੱਥਾ ਸਿੰਘ ਨੇ ਕਿਹਾ, “ ਕਈ ਤਾਂ ਆਪਣੇ ਹੀ ਬਿਪਰ ਬਣ ਗਏ ਆ, ਪਹਿਲਾਂ ਇਹਨਾਂ ਨੂੰ ਨੱਥ ਪਾਈ ਜਾਵੇ, ਫਿਰ ਵੈਰੀ ਤਾਂ ਝੱਟ ਕਾਬੂ ਵਿਚ ਆ ਜਾਵੇ।”
ਮੇਰਾ ਛੋਟਾ ਬੇਟਾ ਜੋ ਰੋਣਾ-ਧੋਣਾ ਸੁਣ ਕੇ ਉਠ ਗਿਆ ਸੀ।ਦੌੜ ਕੇ ਮੇਰੇ ਕੋਲ ਆਉਂਦਾ ਬੋਲਿਆ, “ ਡੈਡੀ, ਤੁਸੀ ਕੱਲ੍ਹ ਤਾਂ ਲੰਡਰ ਝੋਟੀ ਨੂੰ ਨੱਥ ਪਾ ਲਈ ਸੀ, ਇਹਨਾਂ ਨੂੰ ਵੀ ਪਾ ਲਉ।”
ਬੱਚੇ ਦੀ ਗੱਲ ਨੇ ਸਾਰਿਆਂ ਦੇ ਮੂੰਹਾਂ ਉੱਪਰ ਮੁਸਕ੍ਰਾਹਟ ਫੈੇਲਾ ਦਿੱਤੀ।ੳਦੋਂ ਹੀ ਗਲੀ ਵਿੱਚ ਲੰਘਦੇ ਲੰਬਰਦਾਰ ਨੇ ਸਾਡੇ ਦਰਵਾਜ਼ੇ ਵਿੱਚ ਮੂੰਹ ਕੱਢਦੇ ਕਿਹਾ, “ ਤੁਸੀ ਇੱਥੇ ਬੈਠੇ ਹੋ, ਉਧਰ ਸਾਰਾ ਪਿੰਡ ਗੁਰੂ ਘਰ ਇਕੱਠਾ ਹੋ ਰਿਹਾ ਆ।”
“ ਬੱਸ ਜੀ, ਅਸੀ ਆਏ।” ਤਾਏ ਨੇ ਕਿਹਾ, “ ਖਬਰ ਸੁਣ ਕੇ ਦੇਬੀ ਦਾ ਚਿੱਤ ਬਹੁਤ ਖਰਾਬ ਹੋ ਗਿਆ ਸੀ, ਤਾਂ ਕਰਕੇ ਗੱਲ-ਬਾਤ ਕਰਨ ਲੱਗ ਪਏ।”
“ ਗੱਲ-ਬਾਤ ਸਾਰਿਆਂ ਨੂੰ ਇਕੱਠੇ ਹੋ ਕੇ ਕਰਨੀ ਪੈਣੀ ਆ ਜੀ।” ਲੰਬਰਦਾਰ ਨੇ ਕਿਹਾ, “ ਅੱਲਗ ਅੱਲਗ ਟੋਲਿਆਂ ਵਿਚ ਜਾਂ ਇਕੱਲੇ ਇਕੱਲੇ ਜੱਥੇ ਵਿਚ ਗੱਲਬਾਤ ਕਰਨ ਨਾਲ ਗੱਲ ਕਿਸੇ ਕੰਢੇ ਨਹੀ ਲੱਗਣੀ।”
“ ਹਾਂ ਜੀ, ਹਾਂਜੀ ਗੱਲ ਤੁਹਾਡੀ ਸੋਲਾ ਆਨੇ ਸਹੀ ਆ ਜੀ।” ਨੱਥਾ ਸਿੰਘ ਚਾਚਾ ਜੀ ਨੇ ਕਿਹਾ, “ ਤੁਸੀ ਅੱਪੜੋ ਅਸੀ ਤੁਹਾਡੇ ਪਿੱਛੇ ਹੀ ਆਏ।”
ਲੰਬਰਦਾਰ ਦੇ ਜਾਣ ਤੋਂ ਬਾਅਦ ਤਾਇਆ ਬੋਲਿਆ, “ਚੱਲ ਜ਼ੁਵਾਨਾ, ਧੋ ਮੂੰਹ-ਹੱਥ ਤਾਂ ਚੱਲੀਏ ਗੁਰੂਘਰ।”
“ ਤਾਇਆ ਜੀ, ਚਾਹ ਬਣੀ ਪਈ ਆ, ਮੈਂ ਹੁਣੇ ਲੈ ਕੇ ਆਈ” ਮੇਰੀ ਪਤਨੀ ਨੇ ਕਿਹਾ, “ ਮੈਂ ਹੁਣੇ ਲੈ ਕੇ ਆਈ।
“ ਧੀਏ, ਰੂਹ ਏਨੀ ਤੰਗ ਆ,ਪਾਣੀ ਦਾ ਘੁੱਟ ਵੀ ਅੰਦਰ ਲੰਘਾਉਣ ਨੂੰ ਚਿਤ ਨਹੀ ਕਰਦਾ।” ਤਾਏ ਨੇ ਲੰਮਾ ਅਤੇ ਵੱਡਾ ਸਾਹ ਖਿੱਚ ਕੇ ਕਿਹਾ, “ ਚਾਹ ਕਿੱਥੇ ਲੰਘਣੀ ਆ।”
ਤਾਏ ਦੀ ਗੱਲ ਨਾਲ ਸਾਰੇ ਸਹਿਮਤ ਲੱਗਦੇ ਸਨ,ਕਿਉਂਕਿ ਕਿਸੇ ਦਾ ਵੀ ਦਿਲ ਚਾਹ ਪੀਣ ਲਈ ਰਾਜ਼ੀ ਨਹੀ ਸੀ।ਤਾਇਆ ਨੱਥਾ ਸਿੰਘ ਚਾਚਾ ਜੀ ਨਾਲ ਦਰਵਾਜ਼ੇ ਵੱਲ ਨੂੰ ਤੁਰ ਪਿਆ ਅਤੇ ਮੈਂ ਗੁਸਲਖਾਨੇ ਵੱਲ ਨੂੰ।
ਠੰਡੇ ਪਾਣੀ ਦੇ ਛਿੱਟੇ ਆਪਣੇ ਮੂੰਹ ਉੱਪਰ ਪਾਉਂਦਾ, ਆਪਣੇ ਵਿਚਾਰਾਂ ਦੇ ਘੋੜੇ ਦੋੜਾਦਾਂ ਸੋਚ ਰਿਹਾ ਸੀ ਕਿ ਦੋਖੀਆਂ ਨੂੰ ਨੱਥ ਕਿਹੜੇ ਢੰਗ ਨਾਲ ਪਾਈ ਜਾਵੇ।ਛੇਤੀ ਹੀ ਇਸ਼ਨਾਨ ਕਰਕੇ,ਨੱਥ ਪਾਉਣ ਦਾ ਤਾਰੀਕਾ ਲੱਭਣ ਲਈ ਮੈਂ ਵੀ ਗੁਰੂ ਘਰ ਵੱਲ ਨੂੰ ਤੁਰ ਪਿਆ।
ਨੱਥ ਪਾਉਣੀ
November 5, 2015
by: ਅਨਮੋਲ ਕੌਰ
by: ਅਨਮੋਲ ਕੌਰ
This entry was posted in ਕਹਾਣੀਆਂ.