ਨਵੀਂ ਦਿੱਲੀ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦੇਸ਼ ਵਿੱਚ ਹਾਲ ਹੀ ਵਿੱਚ ਵਾਪਰ ਰਹੀਆਂ ਅਸਹਿਣਸ਼ੀਲਤਾ ਦੀਆਂ ਘਟਨਾਵਾਂ ਦੀ ਪੁਰਜੋਰ ਨਿੰਦਿਆ ਕਰਦੇ ਹੋਏ ਕਿਹਾ ਕਿ ਆਸਥਾ, ਬੋਲਣ ਦੀ ਆਜ਼ਾਦੀ ਅਤੇ ਧਰਮ ਤੇ ਹੋ ਰਹੇ ਹਮਲਿਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਖਾਣ-ਪੀਣ ਦੇ ਮਾਮਲਿਆਂ ਵਿੱਚ ਹਿੰਸਾ ‘ਦੇਸ਼ ਤੇ ਹਮਲਾ ਕਰਨ ਦੇ ਤੁੱਲ ਹੈ।
ਪੰਡਤ ਜਵਾਹਰ ਲਾਲ ਨਹਿਰੂ ਦੀ 125 ਜੈਯੰਤੀ ਤੇ ਨੈਸ਼ਨਲ ਕਾਨਫਰੰਸ ਦੇ ਸਮਾਗਮ ਦੌਰਾਨ ਉਨ੍ਹਾਂ ਨੇ ਕਿਹਾ, ‘ਨੋ ਪੀਸ ਵਿਦਾਊਟ ਫਰੀਡਮ। ਨੋ ਫਰੀਡਮ ਵਿਦਾਊਟ ਪੀਸ’। ਉਨ੍ਹਾਂ ਨੇ ਕਿਹਾ ਕਿ ਸ਼ਾਂਤੀ ਸਿਰਫ਼ ਆਜ਼ਾਦੀ ਲਈ ਹੀ ਜਰੂਰੀ ਨਹੀਂ ਹੈ ਸਗੋਂ ਬੌਧਿਕ ਅਤੇ ਆਰਥਿਕ ਵਿਕਾਸ ਲਈ ਵੀ ਜਰੂਰੀ ਹੈ। ਡਾ: ਮਨਮੋਹਨ ਸਿੰਘ ਨੇ ਕਿਹਾ, ‘ ਦੇਸ਼ ਹਾਲ ਹੀ ਵਿੱਚ ਕੁਝ ਚਰਮਪੰਥੀ ਸੰਗਠਨਾਂ ਦੁਆਰਾ ਵਿਚਾਰ, ਵਿਸ਼ਵਾਸ਼ ਅਤੇ ਬੋਲਣ ਦੀ ਆਜ਼ਾਦੀ ਨੂੰ ਦਬਾਉਣ ਕਰਕੇ ਬੇਹੱਦ ਚਿੰਤਿਤ ਹੈ।’ ਇਹ ਦੇਸ਼ ਦੇ ਆਰਥਿਕ ਵਿਕਾਸ ਲਈ ਖਤਰਨਾਕ ਸਾਬਿਤ ਹੋਵੇਗਾ। ਉਨ੍ਹਾਂ ਅਨੁਸਾਰ ਮੁਕਤ ਬਾਜ਼ਾਰ ਸੁਤੰਤਰਤਾ ਦੇ ਬਿਨਾਂ ਸੰਭਵ ਨਹੀਂ ਹੈ।
ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਧਰਮ ਇੱਕ ਨਿਜੀ ਮਾਮਲਾ ਹੈ ਅਤੇ ਕੋਈ ਵੀ ਧਰਮ ਰਾਜਨੀਤਕ ਨੀਤੀ ਜਾਂ ਸ਼ਾਸਨ ਵਿਵਸਥਾ ਦਾ ਆਧਾਰ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਧਰਮ ਨਿਰਪੱਖ ਗਣਰਾਜ ਵਿੱਚ ਕੋਈ ਵੀ ਕਿਸੇ ਤੇ ਆਪਣੇ ਧਾਰਮਿਕ ਵਿਸ਼ਵਾਸ਼ ਨੂੰ ਥੋਪ ਨਹੀਂ ਸਕਦਾ। ਗਣਰਾਜ ਦਾ ਭਾਵ ਹੀ ਏਕਤਾ,ਧਰਮਨਿਰਪੱਖਤਾ ਅਤੇ ਬਹੁਲਤਾਵਾਦ ਤੇ ਟਿਕਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਬੇਹਤਰੀ ਲਈ ਰਾਜ ਦੀ ਭੂਮਿਕਾ ਪਰਭਾਵਕਾਰੀ ਹੋਣੀ ਚਾਹੀਦੀ ਹੈ।