ਪਟਨਾ – ਬਿਹਾਰ ਵਿੱਚ ਭਾਜਪਾ ਦੀ ਕਰਾਰੀ ਹਾਰ ਤੋਂ ਬਾਅਦ ਅਤੇ ਪਾਰਟੀ ਵੱਲੋਂ ਕਾਰਵਾਈ ਕੀਤੇ ਜਾਣ ਸਬੰਧੀ ਆ ਰਹੀਆਂ ਖ਼ਬਰਾਂ ਦੇ ਚੱਲਦੇ ਸੋਮਵਾਰ ਨੂੰ ਬਾਲੀਵੁੱਡ ਐਕਟਰ ਤੇ ਸਿਆਸੀ ਨੇਤਾ ਸ਼ਤਰੂਘਨ ਸਿਨਹਾ ਨੇ ਨਤੀਸ਼ ਕੁਮਾਰ ਅਤੇ ਲਾਲੂ ਯਾਦਵ ਨਾਲ ਮੁਲਾਕਾਤ ਕੀਤੀ। ਸ਼ਤਰੂਘਨ ਨੇ ਨਤੀਸ਼ ਦੀ ਤਾਰੀਫ਼ ਕਰਦੇ ਹੋਏ ਕਿਹਾ, ‘ ਮੈਂ ਅਜਿਹਾ ਕੁਝ ਵੀ ਨਹੀਂ ਕੀਤਾ ਜਿਸ ਨਾਲ ਮੇਰੇ ਉਪਰ ਕਾਰਵਾਈ ਹੋਵੇ। ਕੋਈ ਕਾਰਵਾਈ ਕਰਨਾ ਚਾਹੁੰਦਾ ਹੈ ਤਾਂ ਮੈਂ ਰੋਕ ਨਹੀਂ ਸਕਦਾ।’
ਬੀਜੇਪੀ ਦੀ ਬਿਹਾਰ ਵਿੱਚ ਹੋਈ ਹਾਰ ਤੋਂ ਬਾਅਦ ਇਹ ਚਰਚਾ ਚੱਲ ਰਹੀ ਹੈ ਕਿ ਪਾਰਟੀ ਦੇ ਦੋ ਨੇਤਾਵਾਂ ਸ਼ਤਰੂਘਨ ਸਿਨਹਾ ਅਤੇ ਆਰ.ਕੇ. ਸਿੰਹ ਤੇ ਕਾਰਵਾਈ ਹੋ ਸਕਦੀ ਹੈ। ਇਸ ਸੱਭ ਦੇ ਬਾਵਜੂਦ ਸ਼ਤਰੂਘਨ 178 ਕਿਲੋ ਲਡੂਆਂ ਸਮੇਤ ਨਤੀਸ਼ ਨੂੰ ਵਧਾਈ ਦੇਣ ਲਈ ਉਨ੍ਹਾਂ ਦੇ ਨਿਵਾਸ ਸਥਾਨ ਤੇ ਪਹੁੰਚੇ। ਨਤੀਸ਼ ਨਾਲ ਮੁਲਾਕਾਤ ਤੋਂ ਬਾਅਦ ਸ਼ਤਰੂ ਨੇ ਕਿਹਾ ਕਿ ਨਤੀਸ਼ ਮੇਰੇ ਦੋਸਤ ਅਤੇ ਮੇਰੇ ਲਈ ਆਦਰਯੋਗ ਹਨ। ਪਾਰਟੀ ਮੇਰੇ ਖਿਲਾਫ਼ ਕਾਰਵਾਈ ਕਰਨ ਲਈ ਸੁਤੰਤਰ ਹੈ। ਨਤੀਸ਼ ਨਾਲ ਮੁਲਾਕਾਤ ਕਰਨ ਤੋਂ ਬਾਅਦ ਸ਼ਤਰੂਘਨ ਸਿਨਹਾ ਨੇ ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨਾਲ ਵੀ ਮੁਲਾਕਾਤ ਕੀਤੀ।