ਫਤਹਿਗੜ੍ਹ ਸਾਹਿਬ – “ਅਮਰੀਕਨ, ਕੈਨੇਡੀਅਨ, ਆਸਟ੍ਰੇਲੀਅਨ, ਬਰਤਾਨੀਆ ਅਤੇ ਯੂਰਪ ਦੇ ਮੁਲਕਾਂ ਦੇ ਗੁਰੁ ਘਰਾਂ ਦੇ ਪ੍ਰਤੀਨਿਧਾਂ ਅਤੇ ਉਥੇ ਸਰਗਰਮ ਪੰਥਕ ਕਮੇਟੀਆਂ ਦੇ ਨੁਮਾਇੰਦਿਆਂ ਵੱਲੋਂ ਉਚੇਚੇ ਤੌਰ ‘ਤੇ 10 ਨਵੰਬਰ 2015 ਦੇ ਸਰਬੱਤ ਖਾਲਸਾ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਅਤੇ ਸਰਬੱਤ ਖਾਲਸਾ ਨੂੰ ਕੌਮਾਂਤਰੀ ਪੱਧਰ ਦੇ ਸਿੱਖਾਂ ਨੇ ਪ੍ਰਵਾਨਗੀ ਦੇ ਕੇ ਅਤੇ ਪੰਜਾਬ ਦੀ ਬਾਦਲ ਹਕੂਮਤ ਵੱਲੋਂ ਸਮੁੱਚੇ ਪੰਜਾਬ ਵਿਚ ਭਾਰੀ ਫੋਰਸਾਂ ਲਗਾ ਕੇ , ਡੀਟੀਓਜ਼ ਨੂੰ ਪਰਮਿਟ ਨਾ ਦੇਣ ਦੀ ਹਿਦਾਇਤ ਕਰਕੇ ਅਤੇ ਅੰਮ੍ਰਿਤਸਰ ਜਾਣ ਵਾਲੀਆਂ ਗੱਡੀਆਂ ਨੂੰ ਮਨਸੂਖ ਕਰਵਾਉਣ ਦੀਆਂ ਵੱਡੀਆਂ ਰੁਕਾਵਟਾਂ ਪਾਉਣ ਦੇ ਬਾਵਜੂਦ ਵੀ ਹਿੰਦ ਅਤੇ ਪੰਜਾਬ ਤੋਂ ਸਰਬੱਤ ਖਾਲਸਾ ਵਿਚ ਪੂਰਨ ਹੌਂਸਲੇ ਅਤੇ ਵਿਸ਼ਵਾਸ ਨਾਲ ਪੰਜ ਲੱਖ ਦੇ ਕਰੀਬ ਪਹੁੰਚੇ ਪੰਥ ਦਰਦੀਆਂ, ਸਮੁੱਚੀਆਂ ਪੰਥਕ ਜਥੇਬੰਦੀਆਂ, ਰਾਗੀਆਂ, ਢਾਡੀਆਂ, ਕਥਾਵਾਚਕਾਂ, ਨੌਜਵਾਨਾਂ, ਬੁੱਧੀਜੀਵੀਆਂ ਅਤੇ ਸਮੁੱਚੀ ਸਿੱਖ ਕੌਮ ਆਦਿ ਸਭ ਦਾ ਸਰਬੱਤ ਖਾਲਸਾ ਪ੍ਰਬੰਧਕ ਕਮੇਟੀ ਅਤੇ ਅੱਜ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪੀਏਸੀ ਦੀ ਮੀਟਿੰਗ ਵੱਲੋਂ ਜਿੱਥੇ ਤਹਿ ਦਿਲੋਂ ਧੰਨਵਾਦ ਕਰਦੀ ਹੈ, ਉਥੇ ਇਹ ਵੀ ਉਮੀਦ ਕਰਦੀ ਹੈ ਕਿ ਮੌਜੂਦਾ ਬਾਦਲ ਹਕੂਮਤ, ਸ਼੍ਰੀ ਮੱਕੜ ਅਤੇ ਸਿੱਖ ਕੌਮ ਵੱਲੋਂ ਰੱਦ ਕੀਤੇ ਜਾ ਚੁੱਕੇ ਅਖੌਤੀ ਜਥੇਦਾਰ ਸਰਬੱਤ ਖਾਲਸਾ ਦੇ ਹੋਏ ਫੈਸਲਿਆਂ ਵਿਚ ਰੁਕਾਵਟ ਪਾਉਣ ਲਈ ਜੋ ਸਾਜਿਸ਼ੀ ਢੰਗਾਂ ਨਾਲ ਕਾਰਵਾਈਆਂ ਕਰ ਰਹੇ ਹਨ, ਉਹਨਾਂ ਦਾ ਜਮਹੂਰੀਅਤ ਅਤੇ ਅਮਨਮਈ ਤਰੀਕੇ ਬਾਦਲੀਲ ਢੰਗ ਨਾਲ ਜਿਵੇਂ ਸਮੁੱਚੇ ਖਾਲਸਾ ਨੇ ਪਹਿਲੇ ਬਰਗਾੜੀ ਵਿਖੇ ਸ਼ਹੀਦੀ ਸਮਾਗਮ ਵਿਚ ਅਤੇ ਹੁਣ 10 ਨਵੰਬਰ 2015 ਨੂੰ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਵਿਚ ਜਾਬਤੇ ਨਾਲ ਰਹਿੰਦੇ ਹੋਏ ਕੌਮੀ ਮਿਸ਼ਨ ਨੂੰ ਪੂਰਨ ਕੀਤਾ ਹੈ ਅਤੇ ਸਰਬੱਤ ਖਾਲਸਾ ਦੀ ਵਿਧੀ ਨੂੰ ਜੀਵਿਤ ਕਰਨ ਲਈ ਯੋਗਦਾਨ ਪਾਇਆ ਹੈ, ਉਹ ਇਹਨਾਂ ਦੀਆਂ ਹਰ ਤਰ੍ਹਾਂ ਦੀਆਂ ਗੈਰ ਕਾਨੂੰਨੀ, ਗੈਰ ਸਮਾਜਿਕ ਅਤੇ ਗੈਰ ਪੰਥਕ ਕਾਰਵਾਈਆਂ ਦਾ ਮਜਬੂਤੀ ਨਾਲ ਜਵਾਬ ਦੇਣ ਲਈ ਤਿਆਰ ਬਰ ਤਿਆਰ ਰਹਿਣ। ਇਹ ਚੱਲ ਰਿਹਾ ਕੌਮੀ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਉਪਰੋਤਕ ਬਾਦਲ ਦਲੀਏ , ਮੱਕੜ, ਅਖੌਤੀ ਜਥੇਦਾਰ ਅਤੇ ਸਿੱਖ ਕੌਮ ‘ਤੇ ਜਬਰ ਜੁਲਮ ਕਰਨ ਵਾਲੇ ਬਾਦਲ ਦੇ ਨੇੜੇ ਰਹਿਣ ਵਾਲੇ ਸਿਆਸਤਦਾਨ ਆਪਣੇ ਅਸਤੀਫੇ ਨਹੀਂ ਦੇ ਦਿੰਦੇ ਜਾਂ ਫਿਰ ਕੌਮ ਉਹਨਾਂ ਨੁੰ ਸਮਾਜਿਕ ਤੌਰ ‘ਤੇ ਵਿਚਰਨ ਉਤੇ ਆਪਣੀਆਂ ਰਵਾਇਤਾਂ ਅਨੁਸਾਰ ਫਾਰਗ ਕਰਨ ਲਈ ਮਜਬੂਰ ਨਹੀਂ ਕਰ ਦਿੰਦੀ।”
ਇਹ ਉਪਰੋਕਤ ਫੈਸਲੇ ਅੱਜ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਇਕ ਹੋਈ ਹੰਗਾਮੀ ਮੀਟਿੰਗ ਵਿਚ ਸਰਬ ਸੰਮਤੀ ਨਾਲ ਪਾਸ ਕੀਤੇ ਗਏ। ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਿਹਾ ਕਿ ਪਹਿਲੇ ਮਤੇ ਵਿਚ ਭਾਈ ਧਿਆਨ ਸਿੰਘ ਮੰਡ ਕਾਰਜਕਾਰਨੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਅਮਰੀਕ ਸਿੰਘ ਅਜਨਾਲਾ ਜਥੇਦਾਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੂੰ ਅਤੇ ਭਾਈ ਮੋਹਕਮ ਸਿੰਘ , ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸਤਨਾਮ ਸਿੰਘ ਮਨਾਵਾਂ ਅਤੇ ਹੋਰਨਾਂ ਨੂੰ ਗੈਰ ਕਾਨੂੰਨੀਂ ਤਰੀਕੇ ਨਜ਼ਰਬੰਦ ਕਰਨ ਅਤੇ ਗ੍ਰਿਫ਼ਤਾਰ ਕਰਨ ਦੀ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦਾ ਹੋਇਆ, ਮੌਜੂਦਾ ਪੰਜਾਬ ਦੀ ਬਾਦਲ ਹਕੂਮਤ , ਸਿੱਖ ਕੌਮ ਦੀਆਂ ਭਾਵਨਾਵਾਂ ਦੇ ਵਿਰੁੱਧ ਜਾ ਕੇ ਜਬਰੀ ਤਖਤਾਂ ਉਤੇ ਕਬਜ਼ਾ ਕਰੀਂ ਬੈਠੇ ਦਿਸ਼ਾਹੀਣ ਅਤੇ ਸਿਧਾਂਤਹੀਣ ਜਥੈਦਾਰ ਅਤੇ 2004 ਵਾਲੀ ਬੋਗਸ ਐਸਜੀਪੀਸੀ ਦੇ ਬਣੇ ਪ੍ਰਧਾਨ ਸ਼੍ਰੀ ਮੱਕੜ ਨੂੰ ਖਬਰਦਾਰ ਕਰਦੀ ਹੈ ਕਿ ਊਹ ਪੰਜ ਪਿਆਰੇ ਅਤੇ ਸਰਬੱਤ ਖਾਲਸੇ ਦੇ ਸਿਧਾਂਤਾਂ ਅਤੇ ਫੈਸਲਿਆਂ ਦੀ ਵਿਰੋਧਤਾ ਕਰਨ ਅਤੇ ਇਹਨਾਂ ਕੌਮੀ ਫੈਸਲਿਆਂ ਵਿਰੁੱਧ ਬਿਜਲਈ ਮੀਡੀਏ ਅਤੇ ਅਖ਼ਬਾਰਾਂ ਵਿਚ ਗੁੰਮਰਾਹਕੁੰਨ ਪ੍ਰਚਾਰ ਕਰਨ ਤੋਂ ਜਾਂ ਤਾਂ ਤੌਬਾ ਕਰ ਲੈਣ ਜਾਂ ਫਿਰ ਸਿੱਖ ਕੌਮ ਦੇ ਫੈਸਲਾਕੁੰਨ ਰੋਹ ਦਾ ਟਾਕਰਾ ਕਰਨ ਲਈ ਅਤੇ ਮਾਰੂ ਨਤੀਜਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਸਰਬੱਤ ਖਾਲਸਾ ਵੱਲੋਂ ਜੋ ਭਾਈ ਧਿਆਨ ਸਿੰਘ ਮੰਡ ਨੂੰ ਬਤੌਰ ਕਾਰਜਕਾਰਨੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਅਮਰੀਕ ਸਿੰਘ ਅਜਨਾਲਾ ਜਥੇਦਾਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀ ਸੇਵਾ ਸੌਂਪੀ ਗਈ ਹੈ, ਉਹਨਾਂ ਨੂੰ ਮੰਦਭਾਵਨਾ ਅਤੇ ਦਹਿਸ਼ਤ ਪਾਉਣ ਅਧੀਨ ਸਰਕਾਰ ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਲਈ ਉਹ ਹੁਣ ਜ਼ਮਾਨਤ ਆਦਿ ਕਾਨੂੰਨੀਂ ਪ੍ਰਕਿਰਿਆ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਨਗੇ। ਕਿਉਂ ਕਿ ਸਿੱਖ ਕੌਮ ਦੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਦੁਨਿਆਵੀ ਕਾਨੂੰਨਾਂ ਤੋਂ ਉਪਰ ਹਨ। ਇਹਨਾਂ ‘ਤੇ ਇਹ ਹਿੰਦੂਤਵ ਕਾਨੂੰਨ ਬਿਲਕੁਲ ਲਾਗੂ ਨਹੀਂ ਹੋ ਸਕਦੇ। ਬਾਦਲ ਹਕੂਮਤ ਨੇ ਸਰਬੱਤ ਖਾਲਸਾ ਵੱਲੋਂ ਨਿਯੁਕਤ ਕੀਤੇ ਗਏ ਉਪਰੋਕਤ ਤਿੰਨੋਂ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਨੂੰ ਗ੍ਰਿਫ਼ਤਾਰ ਕਰਕੇ ਅਤੇ ਜੇਲ੍ਹਾਂ ਵਿਚ ਭੇਜ ਕੇ ਖੁਦ ਹੀ ਸਾਬਿਤ ਕਰ ਦਿੱਤਾ ਹੈ ਕਿ ਇਹਨਾਂ ਦੇ ਮਨ ਵਿਚ ਤਖ਼ਤ ਸਾਹਿਬਾਨਾਂ, ਉਹਨਾਂ ਦੇ ਜਥੈਦਾਰ ਸਾਹਿਬਾਨਾਂ ਪ੍ਰਤੀ ਕੇਵਲ ਸਿਆਸੀ ਮੰਤਵਾਂ ਦੀ ਪੂਰਤੀ ਵਾਲਾ ਸਤਿਕਾਰ ਹੈ ਨਾ ਕਿ ਸਿਧਾਂਤਕ ਅਤੇ ਉੱਚ ਧਾਰਮਿਕ ਆਹੁਦਿਆਂ ਅਤੇ ਸਿੱਖੀ ਸਿਧਾਂਤਾਂ ਦਾ। ਇਸ ਲਈ ਸਿੱਖ ਕੌਮ ਸ. ਬਾਦਲ ਅਤੇ ਸ਼੍ਰੀ ਮੱਕੜ ਨੂੰ ਅੱਜ ਤੋਂ ਹੋਰ ਵੀ ਵੱਡਾ ਕੌਮੀ ਦੋਸ਼ੀ ਕਰਾਰ ਦਿੰਦੀ ਹੈ।
ਅੱਜ ਦੀ ਮੀਟਿੰਗ ਨੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਦੋ ਮਹੀਨੇ ਪਹਿਲੇ ਦਿਲ ਦੀ ਡੂੰਘੀ ਬਿਮਾਰੀ ਦੀ ਬਦੌਲਤ ਪੀਜੀਆਈ ਰਹੇ ਹਨ ਅਤੇ ਜੋ ਅੱਜ ਵੀ ਇਸ ਬਿਮਾਰੀ ਤੋਂ ਪੀੜਿਤ ਹਨ ਅਤੇ ਜਿਹਨਾਂ ਨੇ “ਸਰਬੱਤ ਖਾਲਸਾ” ਦੇ ਕੌਮੀ ਪ੍ਰੋਗਰਾਮ ਵਿਚ ਬਾਕੀ ਪੰਥਕ ਜਥੈਬੰਦੀਆਂ ਦੇ ਮੁੱਖੀਆਂ ਦੀ ਤਰ੍ਹਾਂ ਅਮਨਮਈ ਅਤੇ ਜਹਮੂਰੀਅਤ ਤਰੀਕੇ ਹਿੱਸਾ ਲਿਆ ਹੈ ਅਤੇ ਸਰਬੱਤ ਖਾਲਸਾ ਸੰਪੰਨ ਹੋਣ ਤੱਕ ਕੋਈ ਵੀ ਗੈਰ ਕਾਨੂੰਨੀਂ ਜਾਂ ਗੈਰ ਸਮਾਜਿਕ ਕਾਰਵਾਈ ਨਹੀਂ ਹੋਈ। ਇਸ ਦੇ ਬਾਵਜੂਦ ਵੀ ਤੜਕੇ 4 ਵਜੇ ਸ. ਮਾਨ ਦੇ ਅੰਮ੍ਰਿਤਸਰ ਦੇ ਘਰ ਵਿਖੇ ਭਾਰੀ ਫੋਰਸ ਨਾਲ ਛਾਪਾ ਮਾਰ ਕੇ , ਉਹਨਾਂ ਨੂੰ ਦੋ ਮੰਜਿਲਾਂ ਉਪਰ ਤੋਂ ਨਾਈਟ ਸੂਟ ਵਿਚ ਹੀ ਧੁਹ ਕੇ ਲਿਆ ਕੇ ਪੁਲਿਸ ਗੱਡੀ ਵਿਚ ਸੁੱਟਣ ਦੀ ਸ਼ਰਮਨਾਕ ਕਾਰਵਾਈ ਇਹਨਾਂ ਦੇ ਮਨਸੂਬਿਆਂ ਨੂੰ ਪ੍ਰਤੱਖ ਕਰਦੀ ਹੈ। ਫਿਰ ਸ. ਮਾਨ ਨੇ ਹਾਈ ਕੋਰਟ ਵੱਲੋਂ ਮਿਲੇ ਹੁਕਮਾਂ ਦੀ ਕਾਪੀ, ਜਿਸ ਅਨੁਸਾਰ ਸ. ਮਾਨ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲੇ ਸਹੀ ਵਜ੍ਹਾ ਦੱਸ ਕੇ ਸੂਚਿਤ ਕਰਨਾ ਜਰੂਰੀ ਹੈ, ਉਸ ਦੀ ਵੀ ਪ੍ਰਵਾਹ ਨਾ ਕਰਦੇ ਹੋਏ ਅਤੇ ਬਿਨਾਂ ਕਿਸੇ ਵਰੰਟ ਤੋਂ, ਇਹ ਕਹਿੰਦੇ ਹੋਏ ਪਹਿਲਾਂ ਅਸੀਂ ਗ੍ਰਿਫ਼ਤਾਰ ਕਰਾਂਗੇ ਅਤੇ ਫਿਰ ਹਾਈ ਕੋਰਟ ਦੇ ਹੁਕਮਾਂ ਨੂੰ ਵੇਖਾਂਗੇ, ਅਦਾਲਤ ਦੀ ਤੌਹੀਨ ਕਰਦੇ ਹੋਏ ਅਤੇ ਸ. ਮਾਨ ਅਤੇ ਉਹਨਾਂ ਦੇ ਬੇਟੇ ਸ. ਇਮਾਨ ਸਿੰਘ ਨੂੰ ਜ਼ਲੀਲ ਕਰਨ ਦੀ ਕਾਰਵਾਈ ਦੀ ਵੀ ਅੱਜ ਦੀ ਮੀਟਿੰਗ ਜਿੱਥੇ ਪੁਰਜੋਰ ਨਿਖੇਧੀ ਕਰਦੀ ਹੈ, ਉਥੇ ਖਬਰਦਾਰ ਵੀ ਕਰਦੀ ਹੈ ਕਿ ਸਿੱਖ ਕੌਮ ਅਜਿਹੀਆਂ ਗੈਰ ਕਾਨੂੰਨੀਂ ਪੁਲਿਸ ਦੀਆਂ ਕਾਰਵਾਈਆਂ ਨੂੰ ਬਿਲਕੁਲ ਸਹਿਨ ਨਹੀਂ ਕਰੇਗੀ ਅਤੇ ਇਸ ਅਮਲ ਵਿਰੁੱਧ ਆਪਣੇ ਵਕੀਲ ਸ਼੍ਰੀ ਰੰਜਨ ਲੱਖਨਪਾਲ ਰਾਹੀਂ ਧਾਰਾ 452 ਅਤੇ ਅਗਵਾਹ ਦੀ ਧਾਰਾ ਅਧੀਨ ਹਾਈ ਕੋਰਟ ਨੂੰ ਵੀ ਜਲਦੀ ਪਹੁੰਚ ਕਰਕੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਕਾਨੂੰਨੀਂ ਕਾਰਵਾਈ ਦੀ ਮੰਗ ਕਰੇਗੀ। ਅੱਜ ਦੀ ਮੀਟਿੰਗ ਮੌਜੂਦਾ ਪੰਜਾਬ ਦੇ ਡੀਜੀਪੀ ਨੂੰ ਵੀ ਕਹਿਣਾ ਚਾਹੇਗੀ ਕਿ ਜੇਕਰ ਆਪ ਜੀ ਦੀ ਪੁਲਿਸ ਸ. ਮਾਨ ਅਤੇ ਕੌਮ ਦੇ ਤਖਤਾਂ ਦੇ ਜਥੇਦਾਰ ਅਤੇ ਆਮ ਸਿੱਖਾਂ ਅਤੇ ਨਿਵਾਸੀਆਂ ਨਾਲ ਅਜਿਹਾ ਕੁਝ ਕਰੇਗੀ ਤਾਂ ਆਪ ਜੀ ਤੋਂ ਪਹਿਲੇ ਰਹਿ ਚੁੱਕੇ ਡੀਜੀਪੀ ਗਿੱਲ, ਵਿਰਕ ਅਤੇ ਸੈਣੀ ਦੇ ਅਮਲਾਂ ਵਿਚ ਫਿਰ ਕੀ ਅੰਤਰ ਰਹਿ ਜਾਵੇਗਾ?
ਅੱਜ ਦੀ ਮੀਟਿੰਗ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਰਬੱਤ ਖਾਲਸਾ ਵਿਚ ਸ਼ਮੂਲੀਅਤ ਕਰਨ ਵਾਲੀਆਂ ਸਮੁੱਚੀਆਂ ਸਿਆਸੀ, ਧਾਰਮਿਕ, ਪੰਥਕ ਜਥੇਬੰਦੀਆਂ ਅਤੇ ਪੰਥ ਦਰਦੀਆਂ ਨੂੰ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰਨਾਂ ਨੂੰ ਰਿਹਾਅ ਕਰਵਾਉਣ ਦੇ ਮਿਸ਼ਨ ਅਧੀਨ ਆਪੋ ਆਪਣੇ ਸ਼ਹਿਰਾਂ, ਸਬ ਡਵੀਜ਼ਨਾਂ ਅਤੇ ਜਿਲ੍ਹਿਆਂ ਵਿਚ ਹਮੇਸ਼ਾਂ ਦੀ ਤਰ੍ਹਾਂ ਸਮੂਹਿਕ ਤੌਰ ‘ਤੇ ਜਥੇਬੰਦਕ ਢੰਗ ਅਤੇ ਅਮਨ ਚੈਨ ਅਤੇ ਜਮਹੂਰੀਅਤ ਕਦਰਾਂ ਕੀਮਤਾਂ ਦੀ ਪਾਲਣਾ ਕਰਦੇ ਹੋਏ ਇਹਨਾਂ ਗ੍ਰਿਫਤਾਰੀਆਂ ਵਿਰੁੱਧ, ਉਪਰੋਕਤ ਬਾਦਲ ਦਲੀਆਂ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਢੀਂਡਸਾ, ਭੂੰਦੜ, ਦਲਜੀਤ ਚੀਮਾਂ, ਸ਼ੇਰ ਸਿੰਘ ਘੁਬਾਇਆ, ਸ਼੍ਰੀ ਮੱਕੜ ਅਤੇ ਕੌਮ ਵੱਲੋਂ ਪੂਰਨ ਤੌਰ ਤੇ ਰੱਦ ਕੀਤੇ ਜਾ ਚੁੱਕੇ ਜਥੇਦਾਰਾਂ ਦੇ ਅਸਤੀਫੇ ਲੈਣ ਲਈ ਅਤੇ ਬਾਦਲ ਦਲੀਆਂ ਦੇ ਵਜੀਰਾਂ, ਆਹੁਦੇਦਾਰਾਂ ਨੂੰ ਬਰਗਾੜੀ ਦੇ ਸਮਾਗਮ ਵਿਖੇ ਐਲਾਨੇ ਗਏ ਪ੍ਰੋਗਰਾਮ ਅਨੁਸਾਰ 15 ਨਵੰਬਰ ਤੋਂ ਇਹਨਾਂ ਦਾ ਘਿਰਾਓ ਕਰੇ ਜਾਣ ਦੀ ਕੌਮੀ ਅਪੀਲ ਕੀਤੀ। ਇਹਨਾਂ ਰੋਸ ਧਰਨਿਆਂ ਵਿਚ ਸਮੁੱਚੇ ਅਮਨ ਪਸੰਦ ਹਿੰਦੂ, ਮੁਸਲਿਮ, ਇਸਾਈ ਅਤੇ ਸਿੱਖ ਕੌਮ ਨਾਲ ਸੰਬੰਧਤ ਨਿਵਾਸੀਆਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਜੋ ਉਪਰੋਤਕ ਆਗੂਆਂ ਅਤੇ ਸ. ਬਾਦਲ ਕੌਮ ਦੇ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਗ੍ਰਿਫ਼ਤਾਰ ਕਰਕੇ ਅਤੇ ਸ. ਮਾਨ ਵਰਗੀ ਸ਼ਖ਼ਸੀਅਤ ਨੂੰ ਜ਼ਲੀਲ ਕਰਨ ਦੇ ਗੈਰ ਜਮਹੂਰੀਅਤ ਅਤੇ ਅਣਮਨੁੱਖੀ ਅਮਲ ਹੋ ਰਹੇ ਹਨ, ਉਹਨਾਂ ਵਿਰੁੱਧ ਅਮਰੀਕਾ, ਕੈਨੇਡਾ, ਬਰਤਾਨੀਆਂ, ਜਰਮਨ, ਆਸਟ੍ਰੇਲੀਆ ਅਤੇ ਸਮੁੱਚੇ ਯੂਰਪੀਅਨ ਮੁਲਕਾਂ ਦੇ ਸੂਝਵਾਨ ਸਿੱਖਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪੋ ਆਪਣੇ ਮੁਲਕਾਂ ਦੀਆਂ ਹਕੂਮਤਾਂ ਨੂੰ ਮੋਦੀ ਹਕੂਮਤ ਅਤੇ ਬਾਦਲ ਹਕੂਮਤ ਦੇ ਜਬਰ ਜੁਲਮਾਂ ਸੰਬੰਧੀ ਯਾਦ ਪੱਤਰ ਦੇਣ। ਅੱਜ ਦੀ ਮੀਟਿੰਗ ਨੇ ਆਖਰੀ ਮਤੇ ਵਿਚ ਸਮੁੱਚੇ ਅਮਨ ਪਸੰਦ ਅਤੇ ਜਮਹੂਰੀਅਤ ਲੀਹਾਂ ‘ਤੇ ਚੱਲਣ ਵਾਲੇ ਪੰਜਾਬੀਆਂ ਅਤੇ ਸਿੱਖਾਂ ਨੂੰ ਇਹ ਵੀ ਪੁਰਜੋਰ ਅਪੀਲ ਕੀਤੀ ਕਿ ਸ. ਬਾਦਲ, ਸੁਖਬੀਰ ਸਿੰਘ ਬਾਦਲ, ਮੱਕੜ ਆਦਿ ਵੱਲੋਂ ਜੋ ਆਉਣ ਵਾਲੇ ਦਿਨਾਂ ਵਿਚ “ਸਰਬੱਤ ਖਾਲਸਾ” ਦੇ ਵਡਮੁੱਲੇ ਹੋਏ ਫੈਸਲਿਆਂ ਵਿਰੁੱਧ ਪ੍ਰਚਾਰ ਕਰਨ ਲਈ ਅਤੇ ਸਿੱਖ ਕੌਮ ਵਿਚ ਖਾਨਾਜੰਗੀ ਕਰਾਉਣ ਲਈ ਇਹਨਾਂ ਵੱਲੋਂ ਰੈਲੀਆਂ ਰੱਖੀਆਂ ਗਈਆਂ ਹਨ , ਉਹਨਾਂ ਨੂੰ ਨਾ-ਮਿਲਵਰਤਨ ਦੀ ਸਮਾਜਪੱਖੀ ਸੋਚ ਉਤੇ ਪਹਿਰਾ ਦਿੰਦੇ ਹੋਏ ਇਹਨਾਂ ਦੀਆਂ ਗੁੰਮਰਾਹਕੁੰਨ ਪ੍ਰਚਾਰ ਵਾਲੀਆਂ ਰੈਲੀਆਂ ਵਿਚ ਨਾ ਤਾਂ ਸ਼ਮੂਲੀਅਤ ਕਰਨ ਅਤੇ ਨਾ ਹੀ ਖਾਨਾਜੰਗੀ ਹੋਣ ਦੇਣ। ਬਲਕਿ ਇਹਨਾਂ ਰੈਲੀਆਂ ਨੂੰ ਦਲੀਲ ਅਤੇ ਰੋਸ ਵਿਖਾਵਿਆਂ ਰਾਹੀਂ ਅਸਫਲ ਬਣਾਉਣ ਦੀ ਜਿੰਮੇਵਾਰੀ ਵੀ ਨਿਭਾਉਣ ਅਤੇ ਬਾਦਲ ਦਲੀਆਂ, ਸ਼੍ਰੀ ਮੱਕੜ ਅਤੇ ਅਖੌਤੀ ਜਥੇਦਾਰਾਂ ਦੇ ਮਨਸੂਬਿਆਂ ਨੂੰ ਬਿਲਕੁਲ ਵੀ ਕਾਮਯਾਬ ਨਾ ਹੋਣ ਦੇਣ। ਮੀਟਿੰਗ ਨੇ ਸਮੁੱਚੀ ਸਿੱਖ ਕੌਮ ਨੁੰ ਜਿੱਥੇ ਸਰਬੱਤ ਖਾਲਸਾ ਵੱਲੋਂ ਹੋਏ 13 ਕੌਮੀ ਫੈਸਲਿਆਂ ਉਤੇ ਦ੍ਰਿੜ੍ਹਤਾ ਅਤੇ ਸੰਜੀਦਗੀ ਨਾਲ ਪਹਿਰਾ ਦੇਣ ਦੀ ਅਪੀਲ ਕੀਤੀ, ਉਥੇ ਸਮੁੱਚੇ ਕੌਮੀ ਪ੍ਰੋਗਰਾਮਾਂ ਵਿਚ ਜਾਬਤਾ , ਅਮਨ ਚੈਨ ਅਤੇ ਜਮਹੂਰੀਅਤ ਦਾ ਪੱਲਾ ਫੜ ਕੇ ਰੋਸ ਵਿਖਾਵੇ ਆਦਿ ਕਰਨ ਦੀ ਵੀ ਜੋਰਦਾਰ ਗੁਜਾਰਿਸ਼ ਕੀਤੀ। ਅੱਜ ਦੀ ਮੀਟਿੰਗ ਨੇ ਪੰਜਾਬ ਦੀ ਜਾਬਰ ਬਾਦਲ ਹਕੂਮਤ ਨੂੰ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ 16 ਨਵੰਬਰ ਤੱਕ ਬਾਇੱਜਤ ਰਿਹਾਅ ਕਰਨ ਲਈ ਖਬਰਦਾਰ ਕਰਦੇ ਹੋਏ ਕਿਹਾ ਕਿ ਜੇਕਰ ਸਰਬੱਤ ਖਾਲਸਾ ਵੱਲੋਂ ਨਿਯੁਕਤ ਕੀਤੇ ਗਏ ਕੌਮ ਦੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਰਿਹਾਅ ਨਾ ਕੀਤਾ ਤਾਂ 16 ਨਵੰਬਰ ਨੂੰ ਸਰਬੱਤ ਖਾਲਸਾ ਪ੍ਰਬੰਧਕ ਕਮੇਟੀ ਦੀ ਇਕ ਮੀਟਿੰਗ ਕਰਕੇ ਅਗਲੇ ਸਖ਼ਤ ਐਕਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਜਿਸ ਦੇ ਨਤੀਜਿਆਂ ਤੋਂ ਬਾਦਲ ਹਕੂਮਤ ਜਿੰਮੇਵਾਰ ਹੋਵੇਗੀ। ਅੱਜ ਦੀ ਮੀਟਿੰਗ ਵਿਚ ਜਥੇਦਾਰ ਭਾਗ ਸਿੰਘ, ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾਂ (ਦੋਵੇਂ ਮੀਤ ਪ੍ਰਧਾਨ), ਮਾਸਟਰ ਕਰਨੈਲ ਸਿੰਘ ਨਾਰੀਕੇ ਅਤੇ ਪ੍ਰੋ. ਮੋਹਿੰਦਰਪਾਲ ਸਿੰਘ (ਦੋਵੇਂ ਜਰਨਲ ਸਕੱਤਰ), ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸ. ਰਣਜੀਤ ਸਿੰਘ ਚੀਮਾਂ ਦਫ਼ਤਰ ਸਕੱਤਰ, ਰਣਦੇਵ ਸਿੰਘ ਦੇਬੀ ਯੂਥ ਪ੍ਰਧਾਨ, ਸੂਬੇਦਾਰ ਮੇਜਰ ਸਿੰਘ,ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਨੈਬੀ, ਅਵਤਾਰ ਸਿੰਘ ਖੱਖ, ਕੁਲਦੀਪ ਸਿੰਘ ਭਾਗੋਵਾਲ, ਹਰਭਜਨ ਸਿੰਘ ਕਸ਼ਮੀਰੀ (ਸਾਰੇ ਪੀ ਏ ਸੀ ਮੈਂਬਰ), ਸੁਰਿੰਦਰ ਸਿੰਘ ਬੋਰਾਂ ਸਦਰਏ ਖਾਲਿਸਤਾਨ, ਸਿ਼ੰਗਾਰਾ ਸਿੰਘ ਬਡਲਾ ਫਤਹਿਗੜ੍ਹ ਸਾਹਿਬ, ਸੁਖਜੀਤ ਸਿੰਘ ਡਰੋਲੀ ਜਲੰਧਰ, ਕੁਲਦੀਪ ਸਿੰਘ ਪਹਿਲਵਾਨ ਹਲਕਾ ਇੰਚਾਰਜ ਫਤਹਿਗੜ੍ਹ ਸਾਹਿਬ, ਧਰਮ ਸਿੰਘ ਕਲੌੜ ਇਲਾਕਾ ਸਕੱਤਰ ਨੇ ਸ਼ਮੂਲੀਅਤ ਕੀਤੀ।
ਸਰਬੱਤ ਖਾਲਸਾ ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰ ਕਤਈ ਵੀ ਜਮਾਨਤ ‘ਤੇ ਬਾਹਰ ਨਹੀਂ ਆਉਣਗੇ: ਅੰਮ੍ਰਿਤਸਰ ਦਲ
This entry was posted in ਪੰਜਾਬ.