ਅੰਮ੍ਰਿਤਸਰ- ਦੀਵਾਲੀ ਤੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਅਤੇ ਬਾਹਰ ਸਖਤ ਸੁਰੱਖਿਆ ਪ੍ਰਬੰਧ ਹੋਣ ਦੇ ਬਾਵਜੂਦ ਸਰਬੱਤ ਖਾਲਸਾ ਵੱਲੋਂ ਨਿਯੁਕਤ ਕੀਤੇ ਗਏ ਕਾਰਜਕਾਰੀ ਜੱਥੇਦਾਰ ਧਿਆਨ ਸਿੰਘ ਮੰਡ ਆਪਣੇ ਸਮਰਥੱਕਾਂ ਸਮੇਤ ਅੰਦਰ ਜਾਣ ਵਿੱਚ ਕਾਮਯਾਬ ਹੋ ਗਏ। ਸਰਬੱਤ ਖਾਲਸਾ ਦੇ ਆਯੋਜਨ ਕਰਕੇ ਅੰਮ੍ਰਿਤਸਰ ਸ਼ਹਿਰ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ। ਚੱਪੇ-ਚੱਪੇ ਤੇ ਪੁਲਿਸ ਤੈਨਾਤ ਸੀ ਅਤੇ ਸੁਰੱਖਿਆ ਦਸਤੇ ਗਸ਼ਤ ਕਰ ਰਹੇ ਸਨ।
ਸਰਬੱਤ ਖਾਲਸਾ ਵਿੱਚ ਨਵੇਂ ਥਾਪੇ ਗਏ ਜੱਥੇਦਾਰ ਵੱਲੋਂ 11 ਨਵੰਬਰ ਨੂੰ ਕੌਮ ਦੇ ਨਾਂ ਤੇ ਸੰਦੇਸ਼ ਦੇਣ ਸਬੰਧੀ ਕੀਤੇ ਗਏ ਐਲਾਨ ਤੋਂ ਬਾਅਦ ਸਕਿਊਰਟੀ ਹੋਰ ਵੀ ਟਾਈਟ ਕਰ ਦਿੱਤੀ ਗਈ ਸੀ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸਿਵਿਲ ਡਰੈਸ ਵਿੱਚ 200 ਤੋਂ ਵੱਧ ਪੁਲੀਸ ਮੁਲਾਜ਼ਮ ਅਤੇ ਐਸਜੀਪੀਸੀ ਦੀ ਟਾਸਕ ਫੋਰਸ ਤੈਨਾਤ ਸੀ। ਬਾਹਰ ਪੈਰਾਮਿਲੀਟਰੀ ਫੋਰਸ ਅਤੇ ਪੰਜਾਬ ਪੁਲਿਸ ਦੇ ਦਸਤੇ ਹਰ ਇੱਕ ਦੀ ਤਲਾਸ਼ੀ ਲੈ ਕੇ ਅੰਦਰ ਭੇਜ ਰਹੇ ਸਨ। ਇਸ ਸੱਭ ਦੇ ਬਾਵਜੂਦ ਕਾਰਜਕਾਰੀ ਜੱਥੇਦਾਰ ਧਿਆਨ ਸਿੰਘ ਮੰਡ ਤੇ ਉਨ੍ਹਾਂ ਦੇ ਸਾਥੀ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਵਿੱਚ ਸਫਲ ਹੋ ਗਏ। ਇਹ ਵੀ ਕਿਹਾ ਜਾ ਰਿਹਾ ਹੈ ਕਿ ਧਿਆਨ ਸਿੰਘ ਮੰਡ ਪੈਂਟ-ਸ਼ਰਟ ਪਹਿਨ ਕੇ ਰਾਤ ਨੂੰ ਹੀ ਆਮ ਸੰਗਤ ਦੀ ਤਰ੍ਹਾਂ ਪਰੀਕਰਮਾ ਵਿੱਚ ਗਏ ਅਤੇ ਉਥੇ ਹੀ ਉਨ੍ਹਾਂ ਨੇ ਕਪੜੇ ਬਦਲੇ। ਸੱਭ ਤੋਂ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਸੀ ਕਿ ਉਨ੍ਹਾਂ ਦੇ ਪਰੀਕਰਮਾ ਵਿੱਚ ਦਾਖਿਲ ਹੁੰਦੇ ਸਾਰ ਹੀ ਉਨ੍ਹਾਂ ਦੀ ਸੁਰੱਖਿਆ ਲਈ 500 ਦੇ ਕਰੀਬ ਸ਼ਰਧਾਲੂ ਸ਼ਾਮਿਲ ਹੋ ਗਏ।
ਕਾਰਜਕਾਰੀ ਜੱਥੇਦਾਰ ਧਿਆਨ ਸਿੰਘ ਮੰਡ ਕੌਮ ਦੇ ਨਾਂ ਤੇ ਸੰਦੇਸ਼ ਦੇਣ ਤੋਂ ਬਾਅਦ ਮੀਡੀਆ ਦੇ ਰੂਬਰੂ ਵੀ ਹੋਏ। ਇਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਛਿਆਹਟੇ ਦੇ ਥਾਣੇ ਵਿੱਚ ਰੱਖਿਆ ਗਿਆ। ਸਰਬੱਤ ਖਾਲਸੇ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਿਯੁਕਤ ਕੀਤੇ ਗਏ ਜੱਥੇਦਾਰ ਬਾਬਾ ਦਲਜੀਤ ਸਿੰਘ ਦਾਦੂਵਾਲ ਨੂੰ ਪੱਟੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਿਯੁਕਤ ਕੀਤੇ ਗਏ ਜੱਥੇਦਾਰ ਅਮਰੀਕ ਸਿੰਘ ਅਜਨਾਲਾ,ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਅਤੇ ਭਾਈ ਮੋਹਕਮ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਸ੍ਰ. ਸਿਮਰਨਜੀਤ ਸਿੰਘ ਮਾਨ ਨੂੰ ਬਾਅਦ ਵਿੱਚ ਰਿਹਾ ਕਰ ਦਿੱਤਾ ਗਿਆ।