ਨਵੀਂ ਦਿੱਲੀ : ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਮਦਮੀ ਟਕਸਾਲ ਜਥਾ ਭਿੰਡਰਾ ਦੇ ਸਹਿਯੋਗ ਨਾਲ ਮੁੱਖ ਦਰਵਾਜੇ ਤੇ ਸੋਨਾ ਚੜਾਉਣ ਦੀ ਸ਼ੁਰੂ ਕੀਤੀ ਗਈ ਸੇਵਾ ਅੱਜ ਸੰਪੂਰਣ ਹੋਣ ਦੇ ਮੌਕੇ ਤੇ ਕਮੇਟੀ ਵੱਲੋਂ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ’ਚ ਸੰਗਤਾਂ ਵੱਲੋਂ ‘‘ਦਰਸ਼ਨ ਦੀਜੇ ਖੋਲ ਕਿਵਾੜ’’ ਸ਼ਬਦ ਗਾਇਨ ਕਰਦੇ ਹੋਏ ਮੁੱਖ ਦਰਵਾਜੇ ਨੂੰ ਖੋਲਿਆ ਗਿਆ। 13 ਫੁੱਟ ਉੱਚੇ ਅਤੇ 8.5 ਫੁੱਟ ਚੌੜੇ ਉਕਤ ਦਰਵਾਜੇ ਨੂੰ ਸੰਗਤ ਦੇ ਸਹਿਯੋਗ ਨਾਲ ਦਮਦਮੀ ਟਕਸਾਲ ਵੱਲੋਂ 7 ਮਹੀਨੇ ਵਿੱਚ ਲਗਭਗ 5 ਕਿਲੋ ਸੋਨੇ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਵੱਖ-ਵੱਖ ਥਾਂਵਾ ਤੇ ਲੱਗੇ ਦਰਵਾਜਿਆਂ ਤੇ ਸੋਨੇ ਉਪਰ ਕੀਤੀ ਗਈ ਮੀਨਾਕਾਰੀ ਚੋਂ ਬੇਹਤਰੀਨ ਮੀਨਾਕਾਰੀ ਦੀ ਚੋਣ ਕਰਦੇ ਹੋਏ ਟਕਸਾਲ ਵੱਲੋਂ ਰਾਜਸਥਾਨ ਅਤੇ ਕਾਂਗੜੇ ਦੇ ਕਾਰੀਗਰਾਂ ਦੇ ਸਹਿਯੋਗ ਨਾਲ ਇਸ ਸੇਵਾ ਨੂੰ ਸੰਪੂਰਨ ਕੀਤਾ ਗਿਆ ਹੈ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਮੌਕੇ ਤੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਸਾਫ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਗੁਰਧਾਮਾਂ ਤੇ ਸੋਨਾ ਲਗਾਉਣ ਦਾ ਹਿਮਾਇਤੀ ਨਹੀਂ ਰਿਹਾ ਪਰ ਸੰਗਤਾਂ ਦੀ ਅਪਾਰ ਸ਼ਰਧਾ ਅਤੇ ਭਰੋਸੇ ਨੂੰ ਵੀ ਅਨਗੋਲਾ ਨਹੀਂ ਕੀਤਾ ਜਾ ਸਕਦਾ। ਇਸ ਦਰਵਾਜੇ ਤੇ ਲੱਗੇ ਸੋਨੇ ਦੀ ਸੇਵਾ ਕਿਸੇ ਗੁਰਸਿੱਖ ਪਰਿਵਾਰ ਵੱਲੋਂ ਕਰਨ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਗੁਰੂ ਦੀ ਗੋਲਕ ਤੋਂ ਇਸ ਸਬੰਧ ਵਿਚ ਕੋਈ ਪੈਸਾ ਖਰਚ ਨਾ ਕਰਨ ਦਾ ਵੀ ਦਾਅਵਾ ਕੀਤਾ। ਗੁਰੂ ਦੀ ਗੋਲਕ ਨੂੰ ਕਮੇਟੀ ਵੱਲੋਂ ਧਰਮ ਪ੍ਰਚਾਰ ਅਤੇ ਸਿਖਿਆ ਤੇ ਖਰਚ ਕਰਨ ਦੀ ਆਪਣੀ ਪੁਰਾਣੀ ਵੱਚਨਬਧਤਾ ਨੂੰ ਦੋਹਰਾਉਂਦੇ ਹੋਏ ਜੀ.ਕੇ. ਨੇ ਗੁਰਦੁਆਰਾ ਬੰਗਲਾ ਸਾਹਿਬ ਨਾਲ ਲਗਦੀਆਂ ਜਗ੍ਹਾਂ ਜਮੀਨਾਂ ਸਰਕਾਰ ਪਾਸੋਂ ਲੈ ਕੇ ਗੁਰਦੁਆਰਾ ਸਾਹਿਬ ਨਾਲ ਜੋੜਨ ਵਾਸਤੇ ਉਨ੍ਹਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਵੱਲੋਂ ਕੀਤੇ ਗਏ ਕਾਰਜਾਂ ਦੀ ਵੀ ਸੰਗਤਾਂ ਨੂੰ ਜਾਣਕਾਰੀ ਦਿੱਤੀ।
ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਬੀਤੇ ਦਿਨੀਂ ਪੰਜਾਬ ਵਿੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਘੋਰ ਬੇਅਦਬੀ ਤੇ ਸੰਗਤਾਂ ਦੇ ਹਿਰਦੇ ਵਲੂੰਧਰੇ ਜਾਉਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਸਮੇਂ-ਸਮੇਂ ਤੇ ਭਾਰਤੀ ਕਾਨੂੰਨ ਵਿੱਚ ਬੇਅੰਤ ਸੋਧਾ ਹੋਇਆਂ ਹਨ ਪਰ ਮੌਜ਼ੂਦਾ ਕਾਨੂੰਨ ਵਿਚ ਉਕਤ ਘਟਨਾਵਾਂ ਦੇ ਦੋਸ਼ੀਆਂ ਨੂੰ ਠੋਸ ਸਜ਼ਾ ਦਿਵਾਉਣ ਦਾ ਕੋਈ ਸਥਾਨ ਫਿਲਹਾਲ ਨਜ਼ਰ ਨਹੀਂ ਆਉਂਦਾ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦਿਹਾੜੇ ਦੀ ਵਧਾਈ ਦਿੰਦੇ ਹੋਏ ਕੁਝ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਹਵਾਲਾ ਦੇ ਕੇ ਕਾਲੀ ਦਿਵਾਲੀ ਮਨਾਉਣ ਦੇ ਬੀਤੇ ਦਿਨੀਂ ਦਿੱਤੇ ਗਏ ਸੱਦੇ ਤੇ ਸਵਾਲ ਖੜੇ ਕੀਤੇ। ਸਿਰਸਾ ਨੇ ਕਾਲੀ ਦਿਵਾਲੀ ਦੇ ਸੱਦੇ ਤੇ ਆਪਣੀ ਵਿਰੋਧਤਾ ਨੂੰ ਨਿਜ਼ੀ ਰਾਇ ਦਸਦੇ ਹੋਏ ਇਸ ਸਬੰਧ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਵੱਲੋਂ ਸੰਗਤਾਂ ਨੂੰ ਜ਼ੁਲਮ ਦਾ ਟਾਕਰਾ ਕਰਨ ਦੇ ਦਿੱਤੇ ਗਏ ਸੱਦੇ ਦਾ ਵੀ ਹਵਾਲਾ ਦਿੱਤਾ। ਸਿਰਸਾ ਨੇ ਕੁਝ ਲੋਕਾਂ ਤੇ ਇਤਿਹਾਸ ਨੂੰ ਕਮਜੋਰ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਾਡੇ ਲਈ ਦੀਵਾਲੀ ਦੀ ਕੋਈ ਮੱਹਤਤਾ ਨਹੀਂ ਹੈ ਪਰ ਅਸੀਂ ਬੰਦੀ ਛੋੜ ਦਿਹਾੜੇ ਨੂੰ ਮਨਾਉਣ ਦੀ ਥਾਂ ਸਾਜਿਸ਼ ’ਚ ਫਸ ਗਏ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ, ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਚਮਨ ਸਿੰਘ ਆਦਿਕ ਨੇ ਵੀ ਇਸ ਮੌਕੇ ਆਪਣੇ ਵਿਚਾਰ ਰੱਖੇ। ਤ੍ਰਿਲੋਚਨ ਸਿੰਘ ਵੱਲੋਂ ਲਿੱਖੀ ਗਈ ਕਿਤਾਬ‘‘ ਸਿਖੀ ਸੋਚ ਦੇ ਪਹਿਰੇਦਾਰ’’ ਜਾਰੀ ਕਰਨ ਦੇ ਨਾਲ ਹੀ ਸੇਵਾ ’ਚ ਸਹਿਯੋਗ ਕਰਨ ਵਾਲੀਆਂ ਸੰਗਤਾਂ ਦਾ ਵੀ ਇਸ ਮੌਕੇ ਸਨਮਾਨ ਕੀਤਾ ਗਿਆ। ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਰਪ੍ਰਸਤ ਗੁਰਬਚਨ ਸਿੰਘ ਚੀਮਾ, ਕਮੇਟੀ ਮੈਂਬਰ ਤਨਵੰਤ ਸਿੰਘ, ਬੀਬੀ ਧੀਰਜ ਕੌਰ ਅਤੇ ਅਕਾਲੀ ਆਗੂ ਵਿਕ੍ਰਮ ਸਿੰਘ ਇਸ ਮੌਕੇ ਮੌਜੂਦ ਸਨ।