ਪੈਰਿਸ – ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਕਈ ਸਥਾਨਾਂ ਤੇ ਹੋਈ ਗੋਲੀਬਾਰੀ ਅਤੇ ਨੈਸ਼ਨਲ ਸਟੇਡੀਅਮ ਦੇ ਕੋਲ ਹੋਏ ਬੰਬ ਧਮਾਕਿਆਂ ਵਿੱਚ ਘੱਟ ਤੋਂ ਘੱਟ 158 ਲੋਕ ਮਾਰੇ ਗਏ ਹਨ ਅਤੇ 200 ਤੋਂ ਵੱਧ ਜਖਮੀ ਹੋਏ ਹਨ। 80 ਤੋਂ ਵੱਧ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।ਫਰੈਂਚ ਮੀਡੀਏ ਅਨੁਸਾਰ ਇਸ ਹਮਲੇ ਦੀ ਜਿੰਮੇਵਾਰੀ ਆਈਐਸਆਈਐਸ ਨੇ ਲਈ ਹੈ।
ਇਹ ਬੰਬ ਧਮਾਕੇ ਉਸ ਸਮੇਂ ਕੀਤੇ ਗਏ ਜਦੋਂ ਕਿ ਜਰਮਨੀ ਅਤੇ ਫਰਾਂਸ ਦਰਮਿਆਨ ਫੁੱਟਬਾਲ ਮੈਚ ਖੇਡਿਆ ਜਾ ਰਿਹਾ ਸੀ। ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲਾਂਦ ਵੀ ਉਸ ਸਮੇਂ ਇਹ ਮੈਚ ਵੇਖ ਰਹੇ ਸਨ ਪਰ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਪੁਲਿਸ ਅਨੁਸਾਰ 8 ਹਮਲਾਵਰ ਮਾਰੇ ਗਏ ਹਨ, ਜਿਨ੍ਹਾਂ ਵਿੱਚੋਂ 7 ਨੇ ਸੂਇਸਾਈਡ ਬੈਲਟ ਦੁਆਰਾ ਆਪਣੇ ਆਪ ਨੂੰ ਵਿਸਫੋਟਾਂ ਨਾਲ ਉਡਾਇਆ ਹੈ।
ਫਰਾਂਸ ਦੇ ਰਾਸ਼ਟਰਪਤੀ ਓਲਾਂਦ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਦੇਸ਼ ਦੇ ਨਾਲ ਲਗਦੀ ਸਰਹੱਦ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਨੇ ਜੀ-20 ਸੰਮੇਲਨ ਵਿੱਚ ਭਾਗ ਲੈਣ ਲਈ ਤੁਰਕੀ ਜਾਣ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਹੈ।
ਪੈਰਿਸ ਨਿਵਾਸੀਆਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਾਂ ਨਿਕਲਣ। ਸਥਾਨਕ ਪੁਲਿਸ ਦੀ ਮੱਦਦ ਲਈ ਸੈਨਾ ਨੂੰ ਵੀ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਬੈਟਾਕਲਾਂ ਕਾਨਸਰਟ ਹਾਲ ਵਿੱਚ ਸੱਭ ਤੋਂ ਵੱਧ ਭਿਆਨਕ ਹਮਲਾ ਹੋਇਆ, ਜਿੱਥੇ ਕੈਲੇਫੋਰਨੀਆਂ ਦੇ ਬੈਂਡ ਈਗਲਜ ਆਫ਼ ਡੈਥ ਮੇਟਲ ਦਾ ਪ੍ਰੋਗਰਾਮ ਹੋਣ ਵਾਲਾ ਸੀ। ਅਮਰੀਕਾ ਨੇ ਫਰਾਂਸ ਜਾਣ ਵਾਲੀਆਂ ਸਾਰੀਆਂ ਫਲਾਈਟਸ ਬੰਦ ਕਰ ਦਿੱਤੀਆਂ ਹਨ।