ਕੈਨੇਡਾ ਵਿਚ ਜਸਟਿਨ ਟਰੂਡੋ ਦੀ ਅਗਵਾਈ ਵਿਚ ਲਿਬਰਲ ਪਾਰਟੀ ਦੀ ਨਵੀਂ ਸਰਕਾਰ ਬਣੀ ਹੈ। ਪੰਜਾਬੀਆਂ ਖ਼ਾਸ ਤੌਰ ਤੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਜਿਥੋਂ ਭਾਰਤ ਦੀ ਅਜ਼ਾਦੀ ਦੀ ਲਹਿਰ ਦਾ ਆਗਾਜ਼ ਨਸਲੀ ਵਿਤਕਰੇ ਦੇ ਵਿਰੋਧ ਵਜੋਂ ਹੋਇਆ ਸੀ, ਉਥੋਂ ਹੀ ਹਾਊਸ ਆਫ ਕਾਮਨਜ਼ ਦੇ ਕੁਲ 338 ਮੈਂਬਰਾਂ ਵਿਚੋਂ 19 ਪੰਜਾਬੀ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ ਅਤੇ ਉਨ੍ਹਾਂ ਵਿਚੋਂ 4 ਸਿੱਖਾਂ ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ, ਅਮਰਜੀਤ ਸਿੰਘ ਸੋਹੀ ਅਤੇ ਬਰਦੀਸ਼ ਕੌਰ ਚੱਗਰ ਨੂੰ ਮੰਤਰੀ ਬਣਾਇਆ ਗਿਆ ਹੈ। ਇਨ੍ਹਾਂ ਵਿਚੋਂ 2 ਅੰਮ੍ਰਿਤਧਾਰੀ ਸਿੱਖ ਹਨ। ਬਰਦੀਸ਼ ਕੌਰ ਚੱਗਰ ਨੂੰ ਕੈਨੇਡਾ ਦੀ ਪਹਿਲੀ ਸਿੱਖ ਇਸਤਰੀ ਮੰਤਰੀ ਬਣਨ ਦਾ ਮਾਣ ਜਾਂਦਾ ਹੈ। ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਐਨੀ ਵੱਡੀ ਗਿਣਤੀ ਵਿਚ ਪੰਜਾਬੀ ਚੋਣ ਜਿੱਤੇ ਹਨ। ਪੰਜਾਬੀਆਂ ਦੀ ਕੈਨੇਡਾ ਵਿਚ ਚੜ੍ਹਤ ਹੈ। ਜਿਥੋਂ ਪੰਜਾਬੀਆਂ ਨੇ ਨਸਲੀ ਵਿਤਕਰੇ ਦੇ ਵਿਰੁਧ ਆਵਾਜ਼ ਬੁਲੰਦ ਕੀਤੀ ਸੀ ਅੱਜ ਉਥੇ ਹੀ 4 ਸਿੱਖ ਮੰਤਰੀ ਬਣਕੇ ਕੈਨੇਡਾ ਦੇ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ਕਰਨਗੇ।
ਪੰਜਾਬੀ ਜਿਸ ਦੇਸ਼ ਦੇ ਮੂਲ ਨਾਗਰਿਕ ਹਨ, ਉਸ ਦੇਸ਼ ਵਿਚ ਅਜੇ ਤੱਕ ਪੰਜਾਬੀਆਂ ਖ਼ਾਸ ਤੌਰ ਤੇ ਸਿੱਖਾਂ ਨਾਲ ਅਨਿਆਂ ਅਤੇ ਵਿਤਕਰੇ ਹੋ ਰਹੇ ਹਨ। 1984 ਦਾ ਕਤਲੇਆਮ ਅਤੇ ਸ਼੍ਰੀ ਹਰਿਮੰਦਰ ਸਾਹਿਬ ਤੇ ਭਾਰਤੀ ਫ਼ੌਜਾਂ ਦੇ ਹਮਲੇ ਦੇ ਅਜੇ ਵੀ ਸਿੱਖਾਂ ਦੇ ਜਖ਼ਮ ਅੱਲੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਜਾ ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖਾਂ ਦੇ ਮਨਾਂ ਵਿਚ ਅਸੰਤੁਸ਼ਟਤਾ ਦਾ ਵਾਤਵਰਨ ਪੈਦਾ ਕਰ ਦਿੱਤਾ ਹੈ। ਭਾਰਤ ਵਿਚ ਅਜੇ ਵੀ ਪੰਜਾਬੀਆਂ ਅਤੇ ਸਿੱਖਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ, ਗੁਜਰਾਤ ਦੇ ਕਿਸਾਨਾ ਦਾ ਉਜਾੜਾ ਡੈਮੋਕਲੀ ਦੀ ਤਲਵਾਰ ਦੀ ਤਰ੍ਹਾਂ ਲਟਕ ਰਿਹਾ ਹੈ। ਪ੍ਰੰਤੂ ਕੈਨੇਡਾ ਵਿਚ ਉਨ੍ਹਾਂ ਨੂੰ ਅੱਖਾਂ ਤੇ ਬਿਠਾ ਲਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪੰਜਾਬੀਆਂ ਦੇ ਹਮਾਇਤੀ ਸਾਬਤ ਹੋਏ ਹਨ, ਜਿਨ੍ਹਾਂ ਨੇ ਆਪਣੀ ਵਜਾਰਤ ਵਿਚ 4 ਸਿੱਖਾਂ ਨੂੰ ਮੰਤਰੀ ਬਣਾਇਆ ਹੈ ਜਦੋਂ ਕਿ ਭਾਰਤ ਦੀ ਵਜਾਰਤ ਵਿਚ ਇੱਕ ਵੀ ਪਗੜੀਧਾਰੀ ਮੰਤਰੀ ਨਹੀਂ ਹੈ। ਇੱਕ ਸਿੱਖ ਇਸਤਰੀ ਮੰਤਰੀ ਬਣਾਈ ਗਈ ਹੈ, ਉਹ ਵੀ ਕਿਸੇ ਮੈਰਿਟ ਤੇ ਨਹੀਂ ਸਗੋਂ ਸਿਫ਼ਾਰਸੀ ਹੈ। ਜਸਟਿਨ ਟਰੂਡੋ ਵਧਾਈ ਦੇ ਹੱਕਦਾਰ ਹਨ, ਜਿਨ੍ਹਾਂ ਨੇ ਪੰਜਾਬੀਆਂ ਅਤੇ ਖ਼ਾਸ ਤੌਰ ਤੇ ਸਿੱਖਾਂ ਦੇ ਦਿਲਾਂ ਨੂੰ ਸਿੱਖ ਐਮ.ਪੀਜ਼ ਨੂੰ ਮੈਰਿਟ ਦੇ ਆਧਾਰ ਤੇ ਮੰਤਰੀ ਬਣਾ ਜਿੱਤ ਲਿਆ ਹੈ। ਹੈਰਾਨੀ ਦੀ ਗੱਲ ਹੈ ਕਿ 42 ਸਾਲਾ ਹਰਜੀਤ ਸਿੰਘ ਸੱਜਣ ਨੂੰ ਕੌਮੀ ਰੱਖਿਆ ਮੰਤਰੀ ਬਣਾਕੇ ਕੈਨੇਡਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਿਹੜਾ ਪਗੜੀਧਾਰੀ ਸਿੱਖ ਹੈ। ਹਰਜੀਤ ਸਿੰਘ ਸੱਜਣ ਸਿੱਖ ਆਗੂ ਤੇ ਕੈਨੇਡੀਅਨ ਸਿੰਘ ਸਭਾ ਗੁਰਦੁਆਰਾ ਸਰੀ ਦੇ ਪ੍ਰਧਾਨ ਕੁੰਦਨ ਸਿੰਘ ਸੱਜਣ ਦੇ ਸਪੁੱਤਰ ਹਨ। ਹਰਜੀਤ ਸਿੰਘ ਸੱਜਣ ਕੈਨੇਡਾ ਦੀ ਫ਼ੌਜ ਵਿਚ ਅਧਿਕਾਰੀ ਦੇ ਅਹੁਦੇ ਤੇ ਸਨ ਪ੍ਰੰਤੂ ਜਸਟਿਨ ਟਰੂਡੋ ਨੇ ਉਸਦੀ ਕਾਬਲੀਅਤ ਦਹ ਪਛਾਣ ਕਰਕੇ ਆਪ ਨੂੰ ਫ਼ੌਜ ਤੋਂ ਛੁਟੀ ਦਿਵਾਕੇ ਚੋਣ ਲੜਾਇਆ ਹੈ। ਉਹ ਹੁਸ਼ਿਆਪੁਰ ਜਿਲ੍ਹੇ ਦੇ ਬੰਬੇਲੀ ਪਿੰਡ ਦਾ ਜਮਪਲ ਪੰਜਾਬੀ ਹੈ, ਜਿਹੜਾ 5 ਸਾਲ ਦੀ ਉਮਰ ਵਿਚ ਆਪਣੇ ਮਾਪਿਆਂ ਨਾਲ ਕੈਨੇਡਾ ਪਰਵਾਸ ਕਰ ਗਿਆ ਸੀ। 38 ਸਾਲਾ ਨਵਦੀਪ ਸਿੰਘ ਬੈਂਸ ਆਰਥਿਕ ਮਾਹਿਰ ਅਤੇ ਰੀਅਰਸਨ ਯੂਨੀਵਰਸਿਟੀ ਵਿਚ ਐਮ.ਬੀ.ਏ.ਦੇ ਵਿਜਿਟਿੰਗ ਪ੍ਰੋਫ਼ੈਸਰ ਹਨ, ਉਨ੍ਹਾਂ ਨੂੰ ਲਿਬਰਲ ਪਾਰਟੀ ਦੀਆਂ ਨੀਤੀਆਂ ਬਣਾਉਣ ਦਾ ਮਾਣ ਵੀ ਜਾਂਦਾ ਹੈ। ਨਵਦੀਪ ਸਿੰਘ ਬੈਂਸ ਨੂੰ ਵਿਗਿਆਨ ਅਤੇ ਆਰਥਿਕ ਵਿਕਾਸ, ਅਮਰਜੀਤ ਸਿੰਘ ਸੋਹੀ ਨੂੰ ਮੁੱਢਲੇ ਢਾਂਚੇ ਤੇ ਭਾਈਚਾਰਿਆਂ ਬਾਰੇ ਅਤੇ 35 ਸਾਲਾ ਬਰਦੀਸ਼ ਕੌਰ ਚੱਗਰ ਨੂੰ ਸੈਰ ਸਪਾਟਾ ਅਤੇ ਲਘੂ ਉਦਯੋਗ ਮੰਤਰੀ ਬਣਾਇਆ ਗਿਆ ਹੈ। ਬਰਦੀਸ਼ ਕੌਰ ਚੱਗਰ ਸਾਇੰਸ ਦੇ ਵਿਸ਼ੇ ਦੀ ਗ੍ਰੈਜੂਏਟ ਹੈ। ਅਮਰਜੀਤ ਸਿੰਘ ਸੋਹੀ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਨਾਲ ਜੁੜਿਆ ਹੋਇਆ ਸੀ। ਟਰੱਕ ਡਰਾਇਵਰ ਤੋਂ ਆਪਣਾ ਕੈਰੀਅਰ ਸ਼ੁਰੂ ਕਰਕੇ ਮੰਤਰੀ ਦੇ ਅਹੁਦੇ ਤੇ ਪਹੁੰਚਿਆ ਹੈ। ਉਹ ਸੰਗਰੂਰ ਜਿਲ੍ਹੇ ਦੇ ਬਨਭੌਰਾ ਪਿੰਡ ਦਾ ਜੰਮਪਲ ਹੈ। ਹੈਰਾਨੀ ਦੀ ਗੱਲ ਹੈ ਕਿ 1988 ਵਿਚ ਜਦੋਂ ਉਹ ਕੈਨੇਡਾ ਤੋਂ ਭਾਰਤ ਆਇਆ ਹੋਇਆ ਸੀ ਤਾਂ ਲੋਕ ਸੰਗਰਾਮ ਮੋਰਚਾ ਦੀ ਇੱਕ ਰੈਲੀ ਵਿਚ ਹਿੱਸਾ ਲੈਣ ਲਈ ਬਿਹਾਰ ਗਿਆ ਸੀ, ਉਸਨੂੰ ਖੱਬੇ ਪੱਖੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਸਿਖਿਆ ਦੇਣ ਦਾ ਇਲਜ਼ਾਮ ਲਗਾਕੇ ਅਤਵਾਦੀ ਕਹਿਕੇ 13 ਨਵੰਬਰ 1988 ਨੂੰ ਅਜ਼ਾਦਭੀਗਾ ਪਿੰਡ ਤੋਂ ਗ੍ਰਿਫ਼ਤਾਰ ਕਰਕੇ ਬਿਹਾਰ ਦੀ ਗਯਾ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਜਿਥੇ ਉਹ 21 ਮਹੀਨੇ ਰਿਹਾ। ਉਸਨੂੰ ਅਨੇਕਾਂ ਤਸੀਹੇ ਵੀ ਦਿੱਤੇ ਗਏ ਅਤੇ ਜ਼ਬਰੀ ਜੁਰਮ ਕਬੂਲ ਕਰਨ ਲਈ ਜ਼ੋਰ ਪਾਇਆ ਗਿਆ ਸੀ। ਬਠਿੰਡਾ ਜਿਲ੍ਹੇ ਦੀ ਰਹਿਣ ਵਾਲੀ ਜਹਾਨਾਬਾਦ ਜਿਲ੍ਹੇ ਦੀ ਜਿਲਾ ਮੈਜਿਸਟਰੇਟ ਅੰਮ੍ਰਿਤ ਪਾਲ ਨੂੰ ਜਦੋਂ ਪਤਾ ਲੱਗਾ ਕਿ ਇੱਕ 25 ਸਾਲ ਦਾ ਸਿੱਖ ਨੌਜਵਾਨ ਪੁਲਿਸ ਨੇ ਜੇਲ੍ਹ ਵਿਚ ਡੱਕਿਆ ਹੋਇਆ ਹੈ ਤਾਂ ਉਸਨੇ ਪੜਤਾਲ ਕਰਵਾਈ ਜਿਸ ਵਿਚ ਉਹ ਨਿਰਦੋਸ਼ ਪਾਇਆ ਅਤੇ ਜੇਲ੍ਹ ਤੋਂ ਰਿਹਾ ਕਰਵਾਇਆ ਕਿਉਂਕਿ ਪੁਲਿਸ ਦੋਸ਼ ਸਾਬਤ ਕਰਨ ਵਿਚ ਅਸਫਲ ਰਹੀ ਤਾਂ ਕਿਤੇ ਉਹ ਵਾਪਸ ਕੈਨੇਡਾ ਜਾ ਸਕਿਆ। ਭਾਰਤ ਖ਼ਾਸ ਤੌਰ ਤੇ ਪੰਜਾਬ ਵਿਚ ਤਾਂ ਜੇਕਰ ਸਿਆਸੀ ਜੀਵਨ ਤੇ ਅਜਿਹਾ ਦਾਗ ਲੱਗ ਜਾਂਦਾ ਹੈ ਤਾਂ ਮੁੜਕੇ ਵਿਰੋਧੀ ਸਿਆਸੀ ਪਾਰਟੀਆਂ ਪੋਤੜੇ ਖੋਲ੍ਹਦੀਆਂ ਰਹਿੰਦੀਆਂ ਹਨ। ਕਮਾਲ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਜਿਨ੍ਹਾਂ ਆਪਣੇ ਮੰਤਰੀ ਮੰਡਲ ਵਿਚ ਪ੍ਰਕ੍ਰਿਤੀ ਦੀ ਇਨਸਾਨੀਅਤ ਦੇ ਸਾਰੇ ਰੰਗ ਸ਼ਾਮਲ ਕਰਕੇ ਮੰਤਰੀ ਮੰਡਲ ਨੂੰ ਸਤਰੰਗੀ ਪੀਂਘ ਦਾ ਰੂਪ ਦੇ ਦਿੱਤਾ। ਟਰੂਡੋ ਮੰਤਰੀ ਮੰਡਲ ਇਨਸਾਨੀਅਤ ਦੇ ਹਰ ਰੰਗ ਦੀ ਖ਼ੁਸ਼ਬੂ ਦੇ ਕੇ ਕੈਨੇਡਾ ਦੀ ਪਰਜਾ ਨੂੰ ਖ਼ੁਸ਼ਬੂਆਂ ਵੰਡ ਰਹੀ ਹੈ। ਦੁਨੀਆਂ ਦੇ ਇਤਿਹਾਸ ਵਿਚ ਜਸਟਿਨ ਟਰੂਡੋ ਦਾ ਇਹ ਮੰਤਰੀ ਮੰਡਲ ਇਤਿਹਾਸਕ ਘਟਨਾ ਬਣ ਗਿਆ ਹੈ। ਖ਼ਾਸ ਤੌਰ ਤੇ ਪਰਵਾਸੀ ਭਾਈਚਾਰੇ ਨੂੰ ਤਾਂ ਅਥਾਹ ਤਾਕਤ ਦੇ ਕੇ ਮਾਲੋ ਮਾਲ ਕਰ ਦਿੱਤਾ ਹੈ। ਹੁਣ ਉਹ ਆਪਣੇ ਆਪ ਨੂੰ ਪਰਵਾਸੀ ਦੀ ਥਾਂ ਕੈਨੇਡਾ ਦੇ ਵਾਸੀ ਮਹਿਸੂਸ ਕਰ ਰਹੇ ਹਨ। ਕੈਨੇਡਾ ਵਿਚ ਭਾਰਤੀਆਂ ਦੀ ਗਿਣਤੀ ਸਿਰਫ਼ 4 ਫ਼ੀ ਸਦੀ ਹੈ ਜਿਸ ਵਿਚੋਂ ਸਿੱਖਾਂ ਦੀ ਗਿਣਤੀ 1.5 ਫ਼ੀ ਸਦੀ ਹੀ ਹੈ, ਫਿਰ ਵੀ ਉਹ 4 ਮੰਤਰੀ ਹਨ। ਇਸ ਮੰਤਰੀ ਮੰਡਲ ਵਿਚ ਆਦਮੀ ਅਤੇ ਔਰਤ ਵਿਚ ਕੋਈ ਫਰਕ ਨਹੀਂ ਰੱਖਿਆ ਗਿਆ। ਦੋਵਾਂ ਦੀ ਪ੍ਰਤੀਸ਼ਤ ਅੱਧੀ ਅਰਥਾਤ 15-15 ਹੈ। ਕੈਲਗਰੀ ਸੈਂਟਰ ਤੋਂ ਚੋਣ ਜਿੱਤੇ ਅੰਗਹੀਣ ਕੈਂਟ ਹੈਹਰ ਜਿਹੜਾ ਗੋਲੀ ਲੱਗਣ ਕਰਕੇ ਅਪਾਹਜ ਬਣਿਆਂ ਸੀ ਉਹ ਸਾਬਕ ਫ਼ੌਜੀਆਂ ਦਾ ਮੰਤਰੀ ਬਣਾਇਆ ਗਿਆ ਹੈ ਕਿਉਂਕਿ ਉਹ ਫ਼ੌਜੀਆਂ ਦੀਆਂ ਭਾਵਨਾਵਾਂ ਨੂੰ ਸਮਝ ਸਕਦਾ ਹੈ। ਅਫ਼ਗਾਨਿਸਤਾਨ ਤੋਂ ਰਿਫਿਊਜੀ ਬਣਕੇ ਆਈ 30 ਸਾਲਾ ਮਰੀਅਮ ਮੋਨਸਫ਼ ਲੋਕ ਤੰਤਰਿਕ ਵਿਭਾਗ ਦੀ ਮੰਤਰੀ ਬਣਾਈ ਗਈ ਹੈ। ਇਸੇ ਤਰ੍ਹਾਂ ਪੰਜਾਬੀਆਂ ਦੇ ਗੜ੍ਹ ਗਰੇਟਰ ਟਰਾਂਟੋ ਹਲਕੇ ਤੋਂ ਚੁਣੀ ਹੋਈ 49 ਸਾਲਾ ਨੋਬਲ ਪਾਈਜ ਜੇਤੂ ਡਾ.ਕ੍ਰਿਸਟੀ ਡਿੰਕਨ ਨੂੰ ਸਾਇੰਸ ਵਿਭਾਗ ਦੀ ਮੰਤਰੀ ਬਣਾਇਆ ਗਿਆ ਹੈ। ਉਹ ਪੰਜਾਬੀਆਂ ਖ਼ਾਸ ਤੌਰ ਤੇ ਸਿੱਖਾਂ ਚਹੇਤੀ ਹੈ, ਉਸਨੂੰ ਬਜ਼ੁਰਗ ਸਿੱਖ ਬਾਬਿਆਂ ਦੀ ਅਤਿ ਨਜ਼ਦੀਕੀ ਗਿਣਿਆਂ ਜਾਂਦਾ ਹੈ। ਮੰਤਰੀ ਮੰਡਲ ਦੀ ਦਿੱਖ ਨੌਜਵਾਨਾ ਵਾਲੀ ਹੈ ਕਿਉਂਕਿ ਸਾਰੇ ਮੰਤਰੀ 50 ਸਾਲ ਤੋਂ ਘੱਟ ਉਮਰ ਦੇ ਹਨ। ਭਾਰਤ ਇੱਕ ਅਜਿਹਾ ਦੇਸ਼ ਹੈ ਜਿਥੇ ਜਾਤ ਬਰਾਦਰੀ, ਰੰਗ ਭੇਦ, ਆਦਮੀ ਤੀਵੀਂ, ਨੌਜਵਾਨ ਅਤੇ ਬੁੱਢੇ ਦਾ ਫਰਕ ਰੱਖਿਆ ਜਾਂਦਾ ਹੈ। ਕੈਨੇਡਾ ਵਿਚ ਅਜਿਹੀ ਕੋਈ ਗੱਲ ਨਹੀਂ ਹੈ। ਕੈਨੇਡਾ ਵਿਚ ਪੰਜਾਬੀ ਨੂੰ ਤੀਜੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ, ਹੁਣ ਸੰਸਦ ਵਿਚ ਵੀ ਪੰਜਾਬੀ ਨੂੰ ਤੀਜੀ ਭਾਸ਼ਾ ਦਾ ਦਰਜਾ ਦੇ ਦਿੱਤਾ ਗਿਆ ਹੈ। ਜਦੋਂ ਕਿ ਭਾਰਤ ਦੇ ਕਈ ਸੂਬਿਆਂ ਜਿਵੇਂ ਹਰਿਆਣ, ਹਿਮਾਚਲ, ਚੰਡੀ ਗੜ ਅਤੇ ਦਿੱਲੀ ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਸਿੱਖਾਂ ਨੂੰ ਅੰਦੋਲਨ ਕਰਨੇ ਪਏ ਹਨ ਫਿਰ ਵੀ ਪੰਚਾਇਤ ਦਾ ਕਿਹਾ ਸਿਰ ਮੱਥੇ ਪ੍ਰੰਤੂ ਪ੍ਰਨਾਲਾ ਉਥੇ ਦਾ ਉਥੇ ਹੀ ਹੈ। ਇਥੋਂ ਤੱਕ ਕਿ ਪੰਜਾਬ ਦੇ ਸਕੂਲਾਂ ਵਿਚ ਵੀ ਪੰਜਾਬੀ ਪੜ੍ਹਾਉਣ ਤੇ ਪਾਬੰਦੀ ਹੈ। ਧਰਮ ਤੇ ਅਧਾਰਤ ਭਾਰਤੀ ਜਨਤਾ ਪਾਰਟੀ ਦਾ ਰਾਜ ਭਾਗ ਹੈ ਫਿਰ ਵੀ ਪੰਜਾਬੀ ਦੀ ਦੁਰਦਸ਼ਾ ਹੈ।
ਸ਼੍ਰੀ ਨਰਿੰਦਰ ਮੋਦੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖਾਂ ਨੂੰ ਵਿਦੇਸ਼ ਵਿਚ ਦਿੱਤੀ ਨੁਮਾਇੰਦਗੀ ਤੋਂ ਹੀ ਸਬਕ ਸਿੱਖਣਾ ਚਾਹੀਦਾ ਹੈ ਕਿ ਸਿੱਖਾਂ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇ। ਹੁਣ ਤਾਂ ਅਕਾਲੀ ਦਲ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਵਿਚ ਵੀ ਸਿੱਖ ਸੰਗਤ ਦੇ ਬੈਨਰ ਹੇਠ ਸਿੱਖ ਸ਼ਾਮਲ ਕੀਤੇ ਜਾ ਰਹੇ ਹਨ। ਜੇਕਰ ਅਕਾਲੀ ਦਲ ਦੇ ਸਿੱਖਾਂ ਨੂੰ ਭਾਰਤੀ ਜਨਤਾ ਪਾਰਟੀ ਮੰਤਰੀ ਨਹੀਂ ਬਣਾਉਦਾ ਚਾਹੁੰਦੀ ਤਾਂ ਐਸ.ਐਸ.ਆਹਲੂਵਾਲੀਆ ਵਰਗੇ ਪੁਰਾਣੇ ਸਿਆਸਤਦਾਨ ਭਾਰਤੀ ਜਨਤਾ ਪਾਰਟੀ ਵਿਚ ਮੰਤਰੀ ਬਣਨ ਦੀ ਚਾਹਤ ਨਾਲ ਹੀ ਸ਼ਾਮਲ ਹੋ ਕੇ ਬੈਠੇ ਹਨ , ਉਸਨੂੰ ਹੀ ਮੰਤਰੀ ਮੰਡਲ ਵਿਚ ਸ਼ਾਮਲ ਕਰਕੇ ਉਸ ਦੀ ਆਸ ਨੂੰ ਬੂਰ ਪਾ ਦਿੱਤਾ ਜਾਵੇ।