ਆਮ ਆਦਮੀ ਪਾਰਟੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 100ਵੇਂ ਸ਼ਹੀਦੀ ਦਿਵਸ ਦੇ ਮੋਕੇ ਤੇ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ। ਪਾਰਟੀ ਦੇ ਕਈ ਆਗੂਆਂ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਆਏ ਪਾਰਟੀ ਵਲੰਟੀਅਰਜ਼ ਨੇ ਵੱਡੀ ਗਿਣਤੀ ਵਿੱਚ ਫਿਰੋਜ਼ ਗਾਂਧੀ ਮਾਰਕੀਟ ਵਿਖੇ ਇੱਕਠੇ ਹੋ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਅਤੇ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ। ਪਾਰਟੀ ਦੇ ਸੁਬਾ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ, ਪ੍ਰਬੰਧਕ ਕਮੇਟੀ ਦੇ ਪ੍ਰਭਾਰੀ ਸ਼੍ਰੀ ਦੁਰਗੇਸ਼ ਪਾਠਕ, ਪਾਰਟੀ ਦੇ ਲੁਧਿਆਣਾ ਜ਼ੋਨ ਦੇ ਕੋਆਰਡੀਨੇਟਰ ਸਾਬਕਾ ਕਰਨਲ ਸ਼੍ਰੀ ਸੀ. ਐਮ. ਲ਼ਖਨਪਾਲ, ਲੁਧਿਆਣਾ ਜ਼ੋਨ ਦੇ ਆਬਸਰਵਰ ਸ਼੍ਰੀ ਕਪਿਲ ਭਾਰਦਵਾਜ ਨੇ ਇਸ ਮੋਕੇ ਸ਼ਮੂਲੀਅਤ ਕਰਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੋਕੇ ਆਮ ਆਦਮੀ ਪਾਰਟੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਭਾਈ ਬਾਲਾ ਚੌਂਕ ਤੋਂ ਲੈ ਕੇ ਸਰਾਭਾ ਪਿੰਡ ਤਕ ਜਾਣ ਵਾਲੀ ਸੜਕ ਦਾ ਨਾਮ ‘ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ’ ਰੱਖਿਆ ਜਾਵੇ।
ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਪਾਰਟੀ ਵਲੰਟੀਅਰਜ਼ ਪਾਰਟੀ ਦੇ 120-ਡੀ ਭਾਈ ਰਣਧੀਰ ਸਿੰਘ ਨਗਰ ਵਿਖੇ ਖੁੱਲੇ ਨਵੇਂ ਦਫਤਰ ਵਿਖੇ ਇੱਕਠੇ ਹੋਏ। ਚਾਰ ਵੱਖ-ਵੱਖ ਧਰਮਾਂ ਤੋਂ ਆਏ ਹੋਏ ਧਰਮ ਪ੍ਰਚਾਰਕਾਂ ਨੇ ਧਾਰਮਕਿ ਸ਼ਲੋਕਾਂ ਅਤੇ ਸ਼ਬਦਾਂ ਦੇ ਉਚਾਰਣ ਕਰਦੇ ਹੋਏ ਉਦਘਾਟਨ ਸਮਾਰੋਹ ਦਾ ਆਗਾਜ਼ ਕੀਤਾ। ਰਸਮੀ ਤੋਰ ਤੇ ਆਮ ਆਦਮੀ ਪਾਰਟੀ ਲੁਧਿਆਣਾ ਜ਼ੋਨ ਦੇ ਦਫਤਰ ਦਾ ਉਦਘਾਟਨ ਪਾਰਟੀ ਦੇ ਸੁਬਾ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ ਦੁਆਰਾ ਕੀਤਾ ਗਿਆ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਨਾਲ ਸੰਬੰਧਿਤ ਪ੍ਰਦਰਸ਼ਨੀ ਦਾ ਉਦਘਾਟਨ ਪਾਰਟੀ ਦੇ ਪ੍ਰਬੰਧਕ ਕਮੇਟੀ ਦੇ ਪ੍ਰਭਾਰੀ ਸ਼੍ਰੀ ਦੁਰਗੇਸ਼ ਪਾਠਕ ਜੀ ਦੁਆਰਾ ਕੀਤਾ ਗਿਆ। ਇਸ ਮੋਕੇ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਪਾਰਟੀ ਦੇ ਵਾਲੰਟੀਅਰਜ਼ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਨਾਲ ਸੰਬੰਧਿਤ ਪ੍ਰਦਰਸ਼ਨੀ ਤੋਂ ਵੱਡਮੁੱਲੀ ਅਤੇ ਮਹੱਤਵਪੂਰਣ ਜਾਣਕਾਰੀ ਹਾਸਿਲ ਕੀਤੀ।
ਇਸ ਤੋਂ ਬਾਅਦ ਪਾਰਟੀ ਦਫਤਰ ਵਿੱਖੇ ਹੀ ਹੋਈ ਪ੍ਰੈਸ ਕਾਂਨਫਰੰਸ ਵਿੱਚ ਸ. ਸੁੱਚਾ ਸਿੰਘ ਛੋਟੇਪੁਰ ਨੇ ਬੋਲਦਿਆਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਸਿਰਫ 19 ਸਾਲ ਦੀ ਉਮਰ ਵਿੱਚ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਸੀ ਅਤੇ ਉਹ ਸਾਡੇ ਲਈ ਇੱਕ ਮਹਾਨ ਪ੍ਰੇਰਣਾ-ਸ੍ਰੋਤ ਹਨ। ਸਾਨੂੰ ਅਜਿਹੇ ਮਹਾਨ ਸ਼ਹੀਦਾਂ ਦੇ ਨਕਸ਼ੇ-ਕਦਮਾਂ ਤੇ ਚੱਲਕੇ ਦੇਸ਼ ਦੀ ਸੇਵਾ ਕਰਨੀ ਚਾਹੀਦਾ ਹੈ। ਮੀਡੀਆ ਦੁਆਰਾ ਪੁੱਛੇ ਗਏ ਪੰਜਾਬ ਦੇ ਵਰਤਮਾਨ ਹਲਾਤਾਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਪੰਜਾਬ ਨਸ਼ਿਆਂ ਦੀ ਮਾਰ, ਭ੍ਰਿਸ਼ਟਾਚਾਰ, ਗਰੀਬੀ, ਕਿਸਾਨਾਂ ਦੁਆਰਾ ਆਤਮ ਹੁੱਤਿਆਵਾਂ, ਬੇਰੋਜ਼ਗਾਰ ਨੋਜਵਾਨ ਅਤੇ ਇੰਡਸਟਰੀ ਦੀ ਮੰਦੀ ਹਾਲਤ ਵਰਗੀਆਂ ਅਨੇਕਾਂ ਸੱਮਸਿਆਵਾਂ ਨਾਲ ਜੂਝ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਕੋਲ ਸੱਤਾ ਦੀ ਤਾਕਤ ਹੈ, ਪਰ ਫਿਰ ਵੀ ਨਿਅਤ ਸਾਫ ਨਾ ਹੋਣ ਕਰਕੇ ਉਹ ਪੰਜਾਬ ਨੂੰ ਖੁਸ਼ਹਾਲੀ ਅਤੇ ਤਰੱਕੀ ਦੇ ਰਾਹ ਵੱਲ ਲੈ ਕੇ ਜਾਣ ਵਿੱਚ ਪੂਰੀ ਤਰਾਂ ਅਸਫਲ ਹੋਈ ਹੈ। ਅੰਤ ਵਿੱਚ ਉਹਨਾਂ ਨੇ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਬਣਾਈ ਰੱਖਣ ਲਈ ਲੋਕਾਂ ਨੂੰ ਅਪੀਲ ਕੀਤੀ।