ਨਵੀਂ ਦਿੱਲੀ – ਪੰਜਾਬ ਦੇ ਸਾਬਕਾ ਮੁੱਖਮੰਤਰੀ ਅਤੇ ਲੋਕਸਭਾ ਵਿੱਚ ਕਾਂਗਰਸ ਦੇ ਉਪਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਤੇ ਰਾਜ ਨੂੰ ਲੁਟਣ ਦਾ ਆਰੋਪ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਰਕੇ ਪੰਜਾਬ ਦੇ ਲੋਕਾਂ ਵਿੱਚ ਬਾਦਲ ਸਰਕਾਰ ਪ੍ਰਤੀ ਬਹੁਤ ਗੁੱਸਾ ਹੈ ਜੇ ਅੱਜ ਚੋਣਾਂ ਹੋ ਜਾਣ ਤਾਂ ਅਕਾਲੀ ਦਲ ਨੂੰ ਇੱਕ ਵੀ ਸੀਟ ਨਹੀਂ ਮਿਲੇਗੀ।
ਮਹਾਰਾਜਾ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਪ੍ਰਤੀ ਜਨਤਾ ਵਿੱਚ ਏਨਾ ਗੁੱਸਾ ਹੈ ਕਿ ਉਨ੍ਹਾਂ ਦੀ ਸ਼ਰੇਆਮ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਏਨੀ ਹਿੰਮਤ ਨਹੀਂ ਹੈ ਕਿ ਉਹ ਆਪਣੇ ਹੀ ਖੇਤਰ ਵਿੱਚ ਜਾ ਸਕਣ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਪੰਜਾਬ ਵਿੱਚ ਤਾਂ ਪ੍ਰੈਸ ਕਾਨਫਰੰਸ ਕਰਨ ਦੀ ਹਿੰਮਤ ਨਹੀਂ ਜੁਟਾ ਪਾਏ, ਇਸ ਲਈ ਉਸ ਨੂੰ ਦਿੱਲੀ ਆਉਣਾ ਪਿਆ। ਕੈਪਟਨ ਨੇ ਕਿਹਾ, ‘ਬਾਦਲ ਪ੍ਰੀਵਾਰ ਅਤੇ ਉਨ੍ਹਾਂ ਦੇ ਲੋਕ ਪੈਸਾ ਬਣਾਉਣ ਵਿੱਚ ਲਗੇ ਹੋਏ ਹਨ। ਉਹ ਤਾਂ ਦੇਸ਼ ਛੱਡ ਕੇ ਭੱਜ ਜਾਣਗੇ ਪਰ ਅਸਾਂ ਤਾਂ ਏਥੇ ਰਹਿਣਾ ਹੈ।’
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਬਾਦਲ ਸਰਕਾਰ ਤੋਂ ਬਹੁਤ ਨਿਰਾਸ਼ ਹਨ। ਨਕਲੀ ਕੀੜੇਮਾਰ ਦਵਾਈਆਂ ਕਾਰਣ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਹੈ। ਕਿਸਾਨਾਂ ਨੂੰ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਰਾਜ ਵਿੱਚ ਕਾਨੂੰਨ ਵਿਵਸਥਾ ਵੀ ਬਹੁਤ ਖਰਾਬ ਹੈ, ਜਿਸ ਕਰਕੇ ਉਦਯੋਗ ਦੂਸਰੇ ਰਾਜਾਂ ਵੱਲ ਮੂੰਹ ਕਰ ਰਹੇ ਹਨ। ਨੌਜਵਾਨ ਵਰਗ ਬੇਰੁਜ਼ਗਾਰ ਹੈ ਅਤੇ ਡਰੱਗ ਵਿੱਚ ਧੱਸਦਾ ਜਾ ਰਿਹਾ ਹੈ।
ਸਰਬੱਤ ਖਾਲਸਾ ਵਿੱਚ ਕੁਝ ਕਾਂਗਰਸੀ ਨੇਤਾਵਾਂ ਦੇ ਜਾਣ ਦੇ ਲਗੇ ਆਰੋਪਾਂ ਬਾਰੇ ਕੈਪਟਨ ਨੇ ਕਿਹਾ ਕਿ ਇਹ ਕੋਈ ਰਾਜਨੀਤਕ ਪ੍ਰੋਗਰਾਮ ਨਹੀਂ ਸੀ, ਬਲਿਕ ਇਹ ਇੱਕ ਧਾਰਮਿਕ ਪ੍ਰੋਗਰਾਮ ਸੀ। ਇੰਦਰਜੀਤ ਸਿੰਘ ਜੀਰਾ ਅਤੇ ਰਮਨਜੀਤ ਸਿੰਘ ਸਿੱਕਾ ਉਥੇ ਗਏ ਸੀ ਕਿਉਂਕਿ ਇਹ ਉਨ੍ਹਾਂ ਦੇ ਇਲਾਕੇ ਵਿੱਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ।ਵਿਧਾਇਕ ਜੀਰਾ ਨੇ ਆਪਣਾ ਅਸਤੀਫ਼ਾ ਵੀ ਦੇ ਦਿੱਤਾ ਹੈ। ਰਾਹੁਲ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ।