ਲੁਧਿਆਣਾ – ਚੰਡੀਗੜ੍ਹ ਤੋਂ ਲੁਧਿਆਣਾ ਆ ਰਹੀ ਤੇਜ਼ ਰਫਤਾਰ ਪੰਜਾਬ ਰੋਡਵੇਜ਼ ਦੀ ਬੱਸ ਵੱਲੋਂ ਸਥਾਨਕ ਚੀਮਾ ਚੌਂਕ ਵਿੱਚ ਕੱਟ ਮਾਰਨ ਨਾਲ ਬੱਸ ਦੀ ਅਗਲੀ ਬਾਰੀ ਵਾਲੀ ਸੀਟ ਤੇ ਬੈਠੀ ਔਰਤ ਚੱਲਦੀ ਬੱਸ ਵਿੱਚੋਂ ਬਾਹਰ ਜਾ ਡਿੱਗੀ ਜਿਸ ਨਾਲ ਔਰਤ ਜ਼ਖਮੀ ਹੋ ਗਈ। ਜ਼ਖਮੀ ਔਰਤ ਨੂੰ ਬੱਸ ਦੀਆਂ ਸਵਾਰੀਆਂ ਨੇ ਇੱਕ ਆਟੋ ਵਿੱਚ ਸਿਵਲ ਹਸਪਤਾਲ ਲੁਧਿਆਣਾ ਵਿਖੇ ਭੇਜ ਦਿੱਤਾ ਅਤੇ ਬੱਸ ਡਰਾਈਵਰ ਬੱਸ ਲੈ ਕੇ ਚੱਲਦਾ ਬਣਿਆ। ਜ਼ਖਮੀ ਔਰਤ ਦੀ ਪਛਾਣ ਮਨਜੀਤ ਕੌਰ ਪਤਨੀ ਹਰਚੰਦ ਸਿੰਘ ਵਾਸੀ ਫਤਿਹ ਸਿੰਘ ਨਗਰ ਸ਼ਿਮਲਾਪੁਰੀ ਲੁਧਿਆਣਾ ਵਜੋਂ ਹੋਈ ਹੈ।
ਜ਼ਖਮੀ ਔਰਤ ਦੇ ਦਿਉਰ ਬੁੱਧ ਸਿੰਘ ਨੀਲੋਂ ਨੇ ਦੱਸਿਆ ਕਿ ਉਸ ਦੀ ਭਰਜਾਈ ਮਨਜੀਤ ਕੌਰ ਪਿੰਡ ਨੀਲੋਂ ਤੋਂ ਲੁਧਿਆਣਾ ਆਉਂਣ ਲਈ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀਬੀ 65-2347 ਵਿੱਚ ਬੈਠੀ। ਚੰਡੀਗੜ੍ਹ ਡੀਪੂ ਦੀ ਇਸ ਬੱਸ ਦੀ ਰਫਤਾਰ ਐਨੀ ਜਿਆਦਾ ਸੀ ਕਿ ਨੀਲੋਂ ਤੋਂ ਲੁਧਿਆਣਾ ਵਿਖੇ ਇੱਕ ਘੰਟੇ ਵਿੱਚ ਪਹੁੰਚਣ ਦੀ ਥਾਂ 25 ਮਿੰਟ ਵਿੱਚ ਲੁਧਿਆਣਾ ਪਹੁੰਚ ਗਈ। ਤੇਜ ਰਫਤਾਰ ਬੱਸ ਜਦੋਂ ਚੀਮਾ ਚੌਂਕ ਵਿੱਚ ਪਹੁੰਚੀ ਤਾਂ ਡਰਾਈਵਰ ਨੇ ਕੱਟ ਮਾਰਿਆ ਜਿਸ ਨਾਲ ਅਗਲੀ ਬਾਰੀ ਦੇ ਨਾਲ ਦੀ ਸੀਟ ਤੇ ਬੈਠੀ ਮਨਜੀਤ ਕੌਰ ਬੱਸ ਵਿੱਚੋਂ ਉ¤ਭੜ ਕੇ ਬਾਹਰ ਜਾ ਡਿਗੀ ਜਿਸ ਨਾਲ ਮਨਜੀਤ ਕੌਰ ਜ਼ਖਮੀ ਹੋ ਗਈ। ਡਰਾਈਵਰ ਨੇ ਬੱਸ ਰੋਕੀ ਅਤੇ ਸਵਾਰੀਆਂ ਨੇ ਜ਼ਖਮੀ ਮਨਜੀਤ ਕੌਰ ਨੂੰ ਇੱਕ ਆਟੋ ਵਿੱਚ ਬਿਠਾ ਕੇ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਡਰਾਈਵਰ ਬੱਸ ਲੈ ਕੇ ਚੱਲਦਾ ਬਣਿਆ। ਸਿਵਲ ਹਸਪਤਾਲ ਵਿੱਚ ਮਨਜੀਤ ਕੌਰ ਦੀ ਐਲਐਮਆਰ ਕੱਟ ਕੇ ਉਸ ਨੂੰ ਈਐਸਆਈ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਖਬਰ ਲਿਖੇ ਜਾਣ ਤੱਕ ਮਨਜੀਤ ਕੌਰ ਦੇ ਈਐਸਆਈ ਹਸਪਤਾਲ ਵਿੱਚ ਟੈਸਟ ਵਗੈਰਾ ਕੀਤੇ ਜਾ ਰਹੇ ਸਨ।