ਫ਼ਤਹਿਗੜ੍ਹ ਸਾਹਿਬ – ਪਿਛਲੇ ਦਿਨੀਂ ਬਾਦਲ-ਬੀਜੇਪੀ ਸਰਕਾਰ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਥੱਪੜ ਮਾਰਨ ਵਾਲੇ ਸ. ਜਰਨੈਲ ਸਿੰਘ ਹਮੀਰਗੜ੍ਹ ਜੋ ਇਸ ਵੇਲੇ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਸਰਜੀਕਲ ਵਾਰਡ ਵਿਚ ਜੇਰੇ ਇਲਾਜ ਹਨ, ਅੱਜ ਉਚੇਚੇ ਤੌਰ ਤੇ ਉਹਨਾਂ ਦੀ ਸਿਹਤ ਦਾ ਹਾਲ-ਚਾਲ ਜਾਣਨ ਦੇ ਲਈ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਹੁੰਚੇ । ਸ. ਜਰਨੈਲ ਸਿੰਘ ਨੇ ਸ. ਮਾਨ ਨੂੰ ਦੱਸਿਆ ਕਿ ਬਾਦਲ-ਬੀਜੇਪੀ ਹਕੂਮਤ ਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਪੰਜਾਬ ਵਿਚ ਵੱਖ-ਵੱਖ ਥਾਵਾ ਉਤੇ ਬੇਅਦਬੀ ਅਤੇ ਅਪਮਾਨ ਨੂੰ ਨਾ ਸਹਾਰਦਿਆ ਗੁਰੂ ਸਾਹਿਬ ਨੇ ਮੇਰੇ ਤੋਂ ਇਹ ਸੇਵਾ ਲਈ ਕਿ ਮੈਂ ਸਿਕੰਦਰ ਸਿੰਘ ਮਲੂਕੇ ਦੇ ਨਾਲ ਅਜਿਹਾ ਵਿਵਹਾਰ ਕਰਕੇ ਗੁਰੂ ਸਾਹਿਬ ਦੇ ਹੋਏ ਅਪਮਾਨ ਦਾ ਬਦਲਾ ਲੈ ਸਕਾ । ਉਸ ਤੋ ਬਾਅਦ ਮਲੂਕੇ ਨੇ ਸਭ ਤੋ ਪਹਿਲਾ ਮੇਰੇ ਸਿਰ ਵਿਚ ਘਸੁੰਨ-ਮੁੱਕੀਆਂ ਮਾਰਨੀਆਂ ਸੁਰੂ ਕਰ ਦਿੱਤੀਆਂ ਅਤੇ ਉਸਦੇ ਗੁੰਡੇ, ਬਦਮਾਸ਼ਾਂ ਨੇ ਮੇਰੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ । ਜਿਸ ਨਾਲ ਮੈਂ ਬੇਹੋਸ਼ ਹੋ ਗਿਆ । ਇਸ ਲਈ ਮੈਨੂੰ ਮੈਡੀਕਲ ਵਿਚ ਦਾਖਲ ਕਰਵਾਇਆ ਗਿਆ ਹੈ, ਪਰ ਅਜੇ ਤੱਕ ਮੇਰੇ ਨਾਲ ਹੋਈ ਇਸ ਬਦਸਲੂਕੀ, ਮਾਰਕੁੱਟ ਬਾਰੇ ਨਾ ਕੋਈ ਪ੍ਰਸ਼ਾਸ਼ਨ, ਨਾ ਅਧਿਕਾਰੀ ਅਤੇ ਨਾ ਹੀ ਕੋਈ ਸਰਕਾਰ ਦਾ ਨੁਮਾਇੰਦਾ ਮੇਰਾ ਹਾਲ-ਚਾਲ ਪੁੱਛਣ ਲਈ ਆਇਆ ਹੈ । ਅਜੇ ਤੱਕ ਮੇਰੇ ਵੱਲੋਂ ਕੀਤੀ ਸਿ਼ਕਾਇਤ ਤੇ ਕੋਈ ਅਮਲ ਨਹੀਂ ਹੋਇਆ, ਨਾ ਹੀ ਐਫ.ਆਈ.ਆਰ ਕੱਟ ਹੋਈ ਹੈ, ਇਹ ਦਰਸਾਉਦਾ ਹੈ ਕਿ ਕਾਨੂੰਨ ਸਿਰਫ਼ ਅਮੀਰਾਂ, ਵਜ਼ੀਰਾਂ ਲਈ ਹੀ ਬਣੇ ਹਨ, ਇਸ ਲਈ ਗ਼ਰੀਬਾਂ ਨੂੰ ਕੋਈ ਨਹੀਂ ਪੁੱਛਦਾ । ਜਦੋ ਸ. ਮਾਨ ਨੇ ਪੁੱਛਿਆ ਕਿ ਤੁਹਾਡਾ ਇਲਾਜ ਠੀਕ ਹੋ ਰਿਹਾ ਹੈ, ਤਾਂ ਜਰਨਂੈਲ ਸਿੰਘ ਨੇ ਤਸੱਲੀ ਦੁਹਰਾਉਦਿਆ ਕਿਹਾ ਕਿ ਇਲਾਜ ਤਾਂ ਠੀਕ ਚੱਲ ਰਿਹਾ ਹੈ, ਪਰ ਸਫ਼ਾਈ ਦਾ ਬਹੁਤ ਮੰਦਾ ਹਾਲ ਹੈ । ਗ਼ਰੀਬਾਂ ਦੀ ਸਾਰ ਲੈਣ ਦੇ ਲਈ ਇਲਾਕੇ ਦੇ ਐਮ.ਐਲ.ਏਜ਼ ਅਤੇ ਐਮ.ਪੀਜ਼ ਕੋਈ ਧਿਆਨ ਨਹੀਂ ਦੇ ਰਹੇ ।
ਸ. ਮਾਨ ਨੇ ਇਸ ਤੋ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆ ਕਿਹਾ ਕਿ ਸ. ਜਰਨੈਲ ਸਿੰਘ ਦੀ ਹੋਈ ਕੁੱਟਮਾਰ ਬਦਲੇ ਸਿਕੰਦਰ ਸਿੰਘ ਮਲੂਕੇ ਤੇ 307 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕੀਤਾ ਜਾਵੇ । ਜੇਰੇ ਇਲਾਜ ਸ. ਜਰਨੈਲ ਸਿੰਘ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਜਾਵੇ ਅਤੇ ਇਸ ਨੂੰ ਤੁਰੰਤ ਜਰਨਲ ਵਾਰਡ ਵਿਚੋ ਪ੍ਰਾਈਵੇਟ ਵਾਰਡ ਵਿਚ ਸਿਫਟ ਕੀਤਾ ਜਾਵੇ । ਇਸ ਬਾਰੇ ਸ. ਮਾਨ ਫਿਰ ਡਿਪਟੀ ਸੂਪਰਡੈਂਟ ਮੈਡੀਕਲ ਡਾ. ਸਿੰਗਲਾ ਨੂੰ ਵੀ ਉਚੇਚੇ ਤੌਰ ਤੇ ਮਿਲੇ । ਸ. ਮਾਨ ਨੇ ਕਿਹਾ ਕਿ ਬਾਦਲ ਸਰਕਾਰ ਦੇ ਵਜ਼ੀਰਾਂ ਵੱਲੋਂ ਕਾਨੂੰਨ ਨੂੰ ਹੱਥ ਵਿਚ ਲੈਣ ਵਾਲੀਆਂ ਇਹ ਕਾਰਵਾਈਆਂ ਬਰਦਾਸਤ ਨਹੀਂ ਕੀਤੀਆਂ ਜਾਣਗੀਆਂ । ਇਸ ਮੌਕੇ ਕਰਮਜੀਤ ਸਿੰਘ ਸਿੱਖਾਂਵਾਲਾ ਜਿ਼ਲ੍ਹਾ ਪ੍ਰਧਾਨ ਫ਼ਰੀਦਕੋਟ, ਮਾਸਟਰ ਜਸਵੰਤ ਸਿੰਘ ਸ਼ਹਿਰੀ ਪ੍ਰਧਾਨ, ਸ. ਸੁਰਜੀਤ ਸਿੰਘ ਅਰਾਈਆਵਾਲਾ ਵਰਕਿੰਗ ਕਮੇਟੀ ਮੈਂਬਰ, ਬੀਬੀ ਜਸਵਿੰਦਰ ਕੌਰ ਖ਼ਾਲਸਾ, ਗੁਰਜੰਟ ਸਿੰਘ ਕੱਟੂ (ਪੀ.ਏ. ਸ. ਮਾਨ), ਪ੍ਰਗਟ ਸਿੰਘ ਜੀਰਾ, ਭਵਖੰਡਨ ਸਿੰਘ, ਮਨਜੀਤ ਸਿੰਘ ਮਹੱਦੀਆ, ਜਗਤਾਰ ਸਿੰਘ ਸਹਿਜੜਾ, ਆਦਿ ਆਗੂ ਹਾਜ਼ਰ ਸਨ।