ਪਟਨਾ – ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਨੇ ਆਪਣੇ ਰਾਜ ਵਿੱਚ ਇੱਕ ਅਪਰੈਲ 2016 ਤੋਂ ਪੂਰਣ ਤੌਰ ਤੇ ਸ਼ਰਾਬ ਬੰਦੀ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਨਵੀਂ ਸਰਕਾਰ ਬਣਦਿਆਂ ਹੀ ਇਹ ਅਹਿਮ ਫੈਂਸਲਾ ਲਿਆ ਗਿਆ ਹੈ। ਨਤੀਸ਼ ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਨੂੰ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਨੂੰ ਨਿਭਾਉਣ ਦੇ ਮਕਸਦ ਨਾਲ ਵੀ ਵੇਖਿਆ ਜਾ ਰਿਹਾ ਹੈ।
ਵਰਨਣਯੋਗ ਹੈ ਕਿ ਇਸੇ ਸਾਲ 9 ਜੁਲਾਈ ਨੂੰ ਪਟਨਾ ਦੇ ਐਸਕੇ ਮੈਮੋਰੀਅਲ ਹਾਲ ਵਿੱਚ ਮੁਖਮੰਤਰੀ ਨਤੀਸ਼ ਕੁਮਾਰ ਨੇ ਐਲਾਨ ਕੀਤਾ ਸੀ ਕਿ ਜੇ ਦੁਬਾਰਾ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਮਹਿਲਾਵਾਂ ਦੀ ਮੰਗ ਤੇ ਕੋਈ ਬਹੁਤ ਵੱਡਾ ਫੈਂਸਲਾ ਲੈਣਗੇ। ਸਰਕਾਰ ਨੂੰ ਨਸ਼ੀਲੇ ਪਦਾਰਥਾਂ ਤੋਂ ਸਾਲਾਨਾ 3 ਹਜ਼ਾਰ 500 ਕਰੋੜ ਰੁਪੈ ਦੀ ਟੈਕਸ ਦੇ ਰੂਪ ਵਿੱਚ ਕਮਾਈ ਹੁੰਦੀ ਹੈ।
ਮੁੱਖਮੰਤਰੀ ਨੇ ਉਚ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਇਹ ਫੈਂਸਲਾ ਲਿਆ। ਉਨ੍ਹਾਂ ਨੇ ਰਾਜ ਵਿੱਚ ਸ਼ਰਾਬ ਬੰਦੀ ਦੇ ਸਬੰਧ ਵਿੱਚ ਪੱਤਰ ਜਾਰੀ ਕਰਕੇ ਇਹ ਆਦੇਸ਼ ਦਿੱਤਾ ਹੈ। ਇਸ ਆਦੇਸ਼ ਅਨੁਸਾਰ ਅਗਲੇ ਸਾਲ ਅਪਰੈਲ ਤੋਂ ਪੂਰੇ ਰਾਜ ਵਿੱਚ ਸ਼ਰਾਬ ਬੰਦੀ ਕਰ ਦਿੱਤੀ ਜਾਵੇਗੀ। ਨਤੀਸ਼ ਕੁਮਾਰ ਨੇ ਮੋਬਾਇਲ ਤੋਂ ਸ਼ਰਾਬ ਬੰਦੀ ਦਾ ਸੰਕਲਪ ਜਾਰੀ ਕੀਤਾ।
ਸ਼ਰਾਬ ਤੇ ਚਿੰਤਾ ਜਾਹਿਰ ਕਰਦੇ ਹੋਏ ਮੁੱਖਮੰਤਰੀ ਨੇ ਕਿਹਾ ਕਿ ਗਰੀਬ ਲੋਕ ਸ਼ਰਾਬ ਪੀਣ ਦੇ ਚੱਕਰ ਵਿੱਚ ਆਪਣੇ ਪਰੀਵਾਰ ਨੂੰ ਬਰਬਾਦ ਕਰ ਰਹੇ ਹਨ। ਉਨ੍ਹਾਂ ਦੀ ਇਨ੍ਹਾਂ ਹਰਕਤਾਂ ਨਾਲ ਬੱਚਿਆਂ ਦੀ ਪੜ੍ਹਾਈ ਤੇ ਤਾਂ ਬੁਰਾ ਪ੍ਰਭਾਵ ਪੈਂਦਾ ਹੀ ਹੈ, ਇਸ ਦੇ ਨਾਲ ਘਰ ਵਿੱਚ ਕਲੇਸ਼ ਦੀ ਸਥਿਤੀ ਵੀ ਬਣੀ ਰਹਿੰਦੀ ਹੈ।ਅਪਰਾਧਾਂ ਦੇ ਵੱਧਣ ਵਿੱਚ ਵੀ ਸ਼ਰਾਬ ਦੀ ਅਹਿਮ ਭੂਮਿਕਾ ਰਹਿੰਦੀ ਹੈ। ਸ਼ਰਾਬ ਕਾਰਣ ਸੱਭ ਤੋਂ ਵੱਧ ਪਰੇਸ਼ਾਨੀ ਔਰਤਾਂ ਨੂੰ ਹੀ ਝਲਣੀ ਪੈਂਦੀ ਹੈ। ਸ਼ਰਾਬ ਨਾਲ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਸ਼ਰਾਬ ਦੀ ਵਜ੍ਹਾ ਨਾਲ ਜਿਆਦਾਤਰ ਘਰਾਂ ਦੀ ਸ਼ਾਂਤੀ ਭੰਗ ਹੁੰਦੀ ਹੈ।