ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਸਰਕਾਰ ਦੇ ਖਿਲਾਫ਼ ਕਲ ਕੀਤੇ ਗਏ ਪ੍ਰਦਰਸ਼ਨ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਵੱਜੌਂ 16 ਦਸੰਬਰ ਨੂੰ ਦਿੱਲੀ ਸਰਕਾਰ ਵੱਲੋਂ ਮਾਨਤਾ ਦੇਣ ਤੇ ਧੰਨਵਾਦ ਕੀਤਾ ਹੈ। ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ ਇਸ ਸਬੰਧ ’ਚ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਸਰਕਾਰ ਨੂੰ ਸੀਮਿਤ ਛੁੱਟੀ ਨੂੰ ਬਦਲ ਕੇ ਵਿਸ਼ੇਸ਼ ਛੁੱਟੀ ਘੋਸ਼ਿਤ ਕਰਨ ਦੀ ਕੀਤੀ ਗਈ ਮੰਗ ਨੂੰ ਦਿੱਲੀ ਸਰਕਾਰ ਵੱਲੋਂ ਕੋਈ ਤਵੱਜੋਂ ਨਾ ਦੇਣ ਤੇ ਵੀ ਨਾਖੁਸ਼ੀ ਜਾਹਿਰ ਕੀਤੀ ਹੈ।
ਸੋਸ਼ਲ ਮੀਡੀਆ ਤੇ ਬਿਨਾਂ ਰੈਫਰੇਂਸ ਨੰਬਰ ਦੇ ਦਿੱਲੀ ਦੇ ਉਪ-ਮੁੱਖਮੰਤਰੀ ਮਨੀਸ਼ ਸਿਸੋਦੀਆਂ ਦੇ ਦਸਤਖਤ ਵਾਲੀ ਕਲ ਰਾਤ ਤੋਂ ਚਲ ਰਹੇ ਆਫਿਸ਼ ਆਰਡਰ ਤੇ ਵੀ ਜੀ.ਕੇ. ਨੇ ਸਵਾਲ ਖੜੇ ਕੀਤੇ ਹਨ। ਜੀ.ਕੇ. ਨੇ ਕਿਹਾ ਕਿ ਦਿੱਲੀ ਸਰਕਾਰ ਕਿਸ ਤਾਕਤ ਦੇ ਤਹਿਤ ਬਿਨਾਂ ਰੈਫਰੈਂਸ ਨੰਬਰ ਦੇ ਜਾਰੀ ਆਫਿਸ ਆਰਡਰ ਨੂੰ ਸੋਸ਼ਲ ਮੀਡੀਆ ਤੇ ਜਾਰੀ ਕਰ ਸਕਦੀ ਹੈ”;ਵਸ ਜੀ.ਕੇ. ਨੇ ਆਫਿਸ ਆਰਡਰ ਤੇ ਦਸਤਖਤਾਂ ਦੇ ਥੱਲੇ 26 ਨਵੰਬਰ ਦੀ ਤਾਰੀਖ਼ ਲਿਖ ਕੇ ਬਿਨਾਂ ਰੈਫਰੈਂਸ ਨੰਬਰ ਦੇ ਉਸਨੂੰ ਜਾਰੀ ਕਰਨ ਦੇ ਪਿੱਛੇ ਵੱਡੀ ਸਾਜਿਸ਼ ਹੋਣ ਦਾ ਵੀ ਖਦਸਾ ਜਤਾਇਆ।
ਦਿੱਲੀ ਕਮੇਟੀ ਵੱਲੋਂ ਇਸ ਮਸਲੇ ਤੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ 19 ਨਵੰਬਰ ਨੂੰ ਲਿੱਖੀ ਗਈ ਚਿੱਠੀ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਅਗਰ ਦਿੱਲੀ ਸਰਕਾਰ ਇਹ ਕਾਰਜ ਪਹਿਲੇ ਕਰ ਦਿੰਦੀ ਤਾਂ ਉਨ੍ਹਾਂ ਨੂੰ ਰੋਸ਼ ਮੁਜਾਹਿਰਾਂ ਕਰਨ ਦੀ ਲੋੜ ਨਾ ਪੈਂਦੀ। ਆਫਿਸ ਆਰਡਰ ਦੇ ਸੋਸ਼ਲ ਮੀਡੀਆ ਤੇ ਆਉਣ ਨੂੰ ਜੀ.ਕੇ. ਨੇ ਦਿੱਲੀ ਸਰਕਾਰ ਦੀ ਕਾਰਜਪ੍ਰਣਾਲੀ ਤੇ ਸਵਾਲਿਆ ਨਿਸ਼ਾਨ ਅਤੇ ਲੋਕ ਸੇਵਕਾਂ ਦੀ ਸੰਵਿਧਾਨ ਤਹਿਤ ਭੇਦ ਗੁਪਤ ਰਖਣ ਦੇ ਲਏ ਗਏ ਹਲਫ਼ ਦੀ ਵੀ ਉਲੰਘਣਾ ਕਰਾਰ ਦਿੱਤਾ। ਜੀ.ਕੇ. ਨੇ ਦਾਅਵਾ ਕੀਤਾ ਕਿ ਅਗਰ ਦਿੱਲੀ ਸਰਕਾਰ ਨੇ ਦਿੱਲੀ ਕਮੇਟੀ ਨੂੰ ਜਵਾਬੀ ਚਿੱਠੀ ਲਿੱਖੀ ਹੁੰਦੀ ਤਾਂ ਉਸਦਾ ਸੋਸ਼ਲ ਮੀਡੀਆ ਤੇ ਆਉਣਾ ਭੇਦ ਗੁਪਤ ਰਖਣ ਦੀ ਹਲਫ਼ ਦੀ ਉਲੰਘਣਾ ਨਹੀਂ ਸੀ ਪਰ ਭੇਦ ਭਰੇ ਹਾਲਾਤਾਂ ਤਹਿਤ ਬਿਨਾਂ ਰੈਫਰੈਂਸ ਨੰਬਰ ਦੇ ਜਾਰੀ ਹੋਏ ਆਫਿਸ ਆਰਡਰ ਦਾ ਜਨਤਕ ਹੋਣਾ ਲਾਪਰਵਾਹੀ ਜਾਂ ਸਸਤੀ ਸ਼ੋਹਰਤ ਪ੍ਰਾਪਤ ਕਰਨ ਦਾ ਹਿੱਸਾ ਮਾਤਰ ਹੈ।
ਲੰਬੇ ਸਮੇਂ ਤੋਂ ਚਲੇ ਆ ਰਹੇ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਦਿੱਲੀ ਸਰਕਾਰ ਵੱਲੋਂ ਸੀਮਿਤ ਛੁੱਟੀ ਦੇ ਬਦਲੇ ਵਿਸ਼ੇਸ਼ ਛੁੱਟੀ ਨਾ ਦੇਣ ਕਰਕੇ ਸਿੱਖਾਂ ਦਾ ਕੋਈ ਫਾਇਦਾ ਨਾ ਹੋਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਜੀ.ਕੇ. ਨੇ ਸਾਫ ਕੀਤਾ ਕਿ ਸੀਮਿਤ ਛੁੱਟੀ ਤਹਿਤ ਕੋਈ ਕਰਮਚਾਰੀ ਤਾਂ ਛੁੱਟੀ ਲੈ ਸਕਦਾ ਹੈ ਪਰ ਦਿੱਲੀ ਸਰਕਾਰ ਦੇ ਦਫ਼ਤਰ ਆਮ ਦਿਨਾਂ ਵਾਂਗ ਖੁਲੇ ਰਹਿਣਗੇ। ਜੀ.ਕੇ. ਨੇ ਕੇਜਰੀਵਾਲ ਵੱਲੋਂ 17 ਨਵੰਬਰ ਨੂੰ ਛੱਠ ਪੂਜਾ ਮੌਕੇ ਦਿੱਤੀ ਗਈ ਵਿਸ਼ੇਸ਼ ਛੁੱਟੀ ਦੀ ਤਰਜ ਤੇ ਗੁਰੂ ਸਾਹਿਬ ਦੀ ਸ਼ਹੀਦੀ ਦਿੱਲੀ ’ਚ ਹੋਣ ਕਰਕੇ ਵਿਸ਼ੇਸ਼ ਛੁੱਟੀ 16 ਦਸੰਬਰ ਦੀ ਘੋਸ਼ਿਤ ਕਰਨ ਦੀ ਵੀ ਮੰਗ ਕੀਤੀ।