ਫ਼ਤਹਿਗੜ੍ਹ ਸਾਹਿਬ – “ਜਦੋ ਸਮੁੱਚੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸਿੱਖ ਕੌਮ ਨਾਲ ਸੰਬੰਧਤ ਜਥੇਬੰਦੀਆਂ, ਸੰਤ-ਮਹਾਪੁਰਖ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ, ਢਾਡੀਆ-ਰਾਗੀਆਂ, ਕਥਾਂਵਾਚਕਾਂ, ਗ੍ਰੰਥੀ ਸਿੰਘਾਂ ਅਤੇ ਸਮੁੱਚੀ ਸਿੱਖ ਕੌਮ ਨੇ 10 ਨਵੰਬਰ 2015 ਨੂੰ ਬੁਲਾਏ ਗਏ ਸਰਬੱਤ ਖ਼ਾਲਸਾ ਵਿਚ ਆਪੋ-ਆਪਣੀ ਇੱਛਾ ਅਤੇ ਆਤਮਿਕ ਹੁਕਮਾਂ ਅਨੁਸਾਰ ਲੱਖਾਂ ਦੀ ਗਿਣਤੀ ਵਿਚ ਸਮੂਲੀਅਤ ਕਰਕੇ ਉਥੇ ਸਰਬਸੰਮਤੀ ਨਾਲ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨਾਂ ਦੀਆਂ ਨਵੀਆਂ ਨਿਯੁਕਤੀਆਂ ਕਰਕੇ ਅਤੇ ਹੋਰ 12 ਮਹੱਤਵਪੂਰਨ ਫੈਸਲਿਆ ਉਤੇ ਮੋਹਰ ਲਗਾਕੇ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਉਸ ਸਰਬੱਤ ਖ਼ਾਲਸੇ ਦੀ ਸੰਗਤ ਵਿਚ ਉਪਰੋਕਤ ਦਲ ਖ਼ਾਲਸਾ ਵੱਲੋ ਵੀ ਸਮੂਲੀਅਤ ਕੀਤੀ ਗਈ ਸੀ । ਉਸ ਸਮੇ ਇਹਨਾਂ ਆਗੂਆਂ ਨੇ ਸਮੁੱਚੀ ਸੰਗਤ ਦੇ ਨਾਲ ਜੈਕਾਰਿਆ ਦੀ ਗੂੰਜ ਵਿਚ ਉਪਰੋਕਤ 13 ਫੈਸਲਿਆ ਨੂੰ ਪ੍ਰਵਾਨਗੀ ਦਿੱਤੀ ਸੀ । ਅੱਜ ਸਰਬੱਤ ਖ਼ਾਲਸਾ ਸੰਪੂਰਨ ਹੋਣ ਤੋ 17 ਦਿਨਾਂ ਬਾਅਦ ਜੇਕਰ ਇਹਨਾਂ ਨੂੰ ਸਰਬੱਤ ਖ਼ਾਲਸਾ ਵੱਲੋ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬਾਨ ਨੂੰ ਰੱਦ ਕਰਨ ਦੀ ਬਿਆਨਬਾਜੀ ਕਰਨੀ ਪੈ ਰਹੀ ਹੈ ਤਾਂ ਸਿੱਖ ਕੌਮ ਅਤੇ ਪੰਥ ਦਰਦੀ ਖੁਦ ਇਸ ਦੁੱਖਦਾਇਕ ਅਮਲ ਤੋ ਅੰਦਾਜਾ ਲਗਾ ਸਕਦੇ ਹਨ ਕਿ ਇਹਨਾਂ ਨੂੰ ਅਜਿਹੀ ਪੰਥ ਵਿਰੋਧੀ ਬਿਆਨਬਾਜੀ ਕਰਨ ਲਈ ਕਿਹੜੀ ਦਿਸ਼ਾ ਤੋ ਆਦੇਸ਼ ਆਏ ਹਨ ? ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋ ਵੀ ਖ਼ਾਲਸਾ ਪੰਥ ਵੱਲੋ ਬੀਤੇ ਸਮੇ ਵਿਚ ਅਹਿਮ ਫੈਸਲੇ ਕੀਤੇ ਜਾਂਦੇ ਰਹੇ ਹਨ, ਇਹ ਦਲ ਖ਼ਾਲਸਾ ਵਾਲੇ ਹਮੇਸ਼ਾਂ ਹੀ ਵੱਖਰੀ ਬੀਨ ਵਜਾਕੇ ਪਤਾ ਨਹੀਂ ਕਿਸ ਮਕਸਦ ਦੀ ਪੂਰਤੀ ਕਰਨਾ ਚਾਹੁੰਦੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਰਬੱਤ ਖ਼ਾਲਸਾ ਦੇ ਹੋਏ ਫੈਸਲਿਆ ਤੋ 17 ਦਿਨਾਂ ਬਾਅਦ ਦਲ ਖ਼ਾਲਸਾ ਦੀ ਜੁਬਾਨ ਨੂੰ ਲੱਗੇ ਜਿੰਦਰੇ ਖੁੱਲ੍ਹਣ ਉਤੇ ਹੈਰਾਨੀ ਅਤੇ ਦੁੱਖ ਪ੍ਰਗਟ ਕਰਦੇ ਹੋਏ ਜ਼ਾਹਰ ਕੀਤੇ । ਉਹਨਾਂ ਕਿਹਾ ਕਿ ਜੋ ਇਹ ਅਖ਼ਬਾਰਾਂ ਅਤੇ ਮੀਡੀਏ ਵਿਚ ਇਹ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ ਕਿ ਪੰਥ ਦਾ ਵੱਡਾ ਹਿੱਸਾ ਖਾਮੋਸ ਹੈ, ਇਹਨਾਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅਮਰੀਕਾ, ਕੈਨੇਡਾ, ਜਰਮਨ, ਬਰਤਾਨੀਆ ਆਦਿ ਸਮੁੱਚੇ ਯੂਰਪਿੰਨ ਮੁਲਕਾਂ ਵਿਚ ਉਥੋ ਦੇ ਸਿੱਖਾਂ ਨੇ ਆਪੋ-ਆਪਣੇ ਗੁਰੂਘਰਾਂ, ਸਿੱਖੀ ਸੰਸਥਾਵਾਂ ਵਿਚ ਇਕੱਤਰ ਹੋ ਕੇ ਕੇਵਲ ਸਰਬੱਤ ਖ਼ਾਲਸਾ ਦੇ ਫੈਸਲਿਆ ਦੇ ਹੱਕ ਵਿਚ ਸਰਬਸੰਮਤੀ ਨਾਲ ਮਤੇ ਹੀ ਨਹੀਂ ਪਾਏ, ਬਲਕਿ ਉਹਨਾਂ ਨੇ ਸਰਬੱਤ ਖ਼ਾਲਸੇ ਵਿਚ ਆਪਣੇ ਨੁਮਾਇੰਦਿਆ ਨੂੰ ਭੇਜਕੇ ਪੂਰਨ ਤੌਰ ਤੇ ਪ੍ਰਵਾਨਗੀ ਵੀ ਦਿੱਤੀ ਹੈ ਅਤੇ ਪੰਜਾਬ ਵਿਚ ਪ੍ਰਕਾਸਿਤ ਹੋਣ ਵਾਲੇ ਅਖਬਾਰਾਂ ਵਿਚ ਸਰਬੱਤ ਖ਼ਾਲਸਾ ਦੇ ਹੋਏ ਫੈਸਲਿਆ ਨੂੰ ਪ੍ਰਵਾਨ ਕਰਨ ਸੰਬੰਧੀ ਇਸਤਿਹਾਰ ਵੀ ਲਗਵਾਏ ਹਨ । ਜਿਥੋ ਤੱਕ ਹਿੰਦ ਦੇ ਸਮੁੱਚੇ ਸੂਬਿਆਂ ਅਤੇ ਪੰਜਾਬ ਵਿਚ ਵੱਸਣ ਵਾਲੇ ਸਿੱਖਾਂ ਦੀ ਗੱਲ ਆਉਦੀ ਹੈ ਉਹ ਫੇਸਬੁੱਕਾਂ, ਸੋ਼ਸ਼ਲ ਸਾਈਡ ਅਤੇ ਵੱਖ-ਵੱਖ ਟੀ.ਵੀ. ਚੈਨਲਾਂ ਵੱਲੋ ਜਾਰੀ ਕੀਤੀ ਗਈਆਂ ਸਰਬੱਤ ਖ਼ਾਲਸਾ ਦੇ ਇਕੱਠ ਦੀਆਂ ਫੋਟੋਗ੍ਰਾਂਫ ਅਤੇ ਉਸ ਦਿਨ ਦੇ ਸਿੱਖ ਕੌਮ ਦੇ ਜਾਹੋ-ਜ਼ਲਾਲ ਨੂੰ ਉਹ ਅੱਜ ਵੀ ਫਿਰ ਤੋ ਪ੍ਰਤੱਖ ਵੇਖ ਸਕਦੇ ਹਨ । ਫਿਰ ਇਹ ਦਲ ਖ਼ਾਲਸੇ ਵਾਲੇ ਸਿੱਖ ਕੌਮ ਦੇ ਵੱਡੇ ਹਿੱਸੇ ਦੇ ਖਾਮੋਸ ਰਹਿਣ ਦੀ ਗੱਲ ਕਰਕੇ ਕੀ ਸਿੱਖ ਕੌਮ ਵਿਚ ਭੰਬਲਭੂਸਾ ਨਹੀਂ ਪਾ ਰਹੇ ?