ਅਨਪੜ੍ਹਤਾ ਅੰਧਵਿਸ਼ਵਾਸ ਦੀ ਮਾਂ ਹੈ ਤੇ ਦੁਰਦਸ਼ਾ ਇਸ ਦੀ ਸੰਤਾਨ ਹੈ। ਇਹ ਹੀ ਕਾਰਨ ਹੈ ਕਿ ਇੱਥੇ ਸਮੇਂ-ਸਮੇਂ ਬਹੁਤ ਸਾਰੀਆਂ ਅਫ਼ਵਾਹਾਂ ਜਨਮ ਲੈਂਦੀਆਂ ਰਹੀਆਂ ਹਨ, ਪਰ ਜਾਗਰੂਕ ਲੋਕਾਂ ਦੇ ਯਤਨਾਂ ਸਦਕਾ ਕੁੱਝ ਸਮੇਂ ਬਾਅਦ ਇਹ ਦਮ ਤੋੜ ਜਾਂਦੀਆਂ ਸਨ। ਪਿਛਲੇ ਸਾਲਾਂ ਵਿੱਚ ਭਾਰਤ ਦੇ ਉ¤ਤਰੀ ਖਿੱਤੇ ਵਿੱਚ ਬਹੁਤ ਸਾਰੀਆਂ ਅਫ਼ਵਾਹਾਂ ਨੇ ਜਨਮ ਲਿਆ, ਪਰ ਪੰਜਾਬ ਦੇ ਤਰਕਸ਼ੀਲਾਂ ਨੇ ਕੁੱਝ ਹੀ ਦਿਨਾਂ ਵਿੱਚ ਇਨ੍ਹਾਂ ਦੀ ਸੰਘੀ ਘੁੱਟ ਦਿੱਤੀ, ਇਸ ਕੰਮ ਵਿੱਚ ਉਨ੍ਹਾਂ ਨੂੰ ਪੱਤਰਕਾਰਾਂ, ਚਿੱਤਰਕਾਰਾਂ, ਡਰਾਈਵਰਾਂ, ਪੁਲਿਸ ਕਰਮਚਾਰੀਆਂ ਅਤੇ ਆਮ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ। ਜਦੋਂ ਵੀ ਉਹ ਅਖ਼ਬਾਰਾਂ, ਇਸ਼ਤਿਹਾਰਾਂ ਤੇ ਨਾਟਕ ਮੇਲਿਆਂ ਰਾਹੀਂ ਅਫ਼ਵਾਹਾਂ ਦੀ ਅਸਲੀਅਤ ਲੋਕਾਂ ਦੇ ਦਿਮਾਗਾਂ ਵਿੱਚ ਪਾ ਦਿੰਦੇ ਤਾਂ ਅਫ਼ਵਾਹਾਂ ਦੀ ਹਨੇਰੀ ਨੂੰ ਠੱਲ੍ਹ ਪੈਂਦੀ। ਕੁੱਝ ਕੁ ਅਫ਼ਵਾਹਾਂ ਦਾ ਜ਼ਿਕਰ ਮੈਂ ਹੇਠ ਲਿਖੇ ਅਨੁਸਾਰ ਕਰ ਰਿਹਾ ਹਾਂ।
ਵੀਹਵੀਂ ਸਦੀ ਦੇ ਪਿਛਲੇ ਦਹਾਕੇ ਦੇ ਆਖ਼ਰੀ ਸਾਲਾਂ ਵਿੱਚ ਤਰਕਸ਼ੀਲਾਂ ਦਾ ਵਾਹ ਦੋ ਵੱਡੀਆਂ ਅਫ਼ਵਾਹਾਂ ਨਾਲ ਪਿਆ। ਇਨ੍ਹਾਂ ਵਿੱਚੋਂ ਪਹਿਲੀ ਅਫ਼ਵਾਹ ਕੁੱਝ ਸਾਧਾਂ-ਸੰਤਾਂ ਦੀ ਮਿਲੀਭੁਗਤ ਨਾਲ ਚਲਾਈ ਜਾ ਰਹੀ ਸੀ। ਇਸ ਵਿੱਚ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਸੀ ਕਿ ਇੰਦਰਾ ਗਾਂਧੀ ਦੇ ਚਿੱਤਰ ਵਾਲਾ ਸਿੱਕਾ, ਰਾਜੀਵ ਗਾਂਧੀ ਦੇ ਚਿੱਤਰਸ਼ਾਲੀ, ਇੱਕ ਹਜ਼ਾਰ ਵਾਲਾ ਤਾਰ ਵਾਲਾ ਨੋਟ, ਪੰਜ ਹਿਰਨੀਆਂ ਵਾਲਾ ਨੋਟ, ਨੌਂ ਇੰਚ ਵਾਲਾ ਪਿੱਤਲ ਦਾ ਗਲਾਸ, ਜੋ ਲੌਂਗ ਚੁੱਕ ਸਕਦਾ ਹੋਵੇ, ਪੁਰਾਣੇ ਦੇਸੀ ਬੱਟੇ, ਵੀਹ ਪੈਸੇ ਦੇ ਸਿੱਕੇ, ਜਿਸ ਉਤੇ ਫੁੱਲ ਅਤੇ ਸੂਰਜ ਹੋਵੇ ਵਿੱਚੋਂ ਕੋਈ ਵੀ ਇੱਕ ਦੇ ਲੱਭਣ ਵਾਲੇ ਨੂੰ ਕਰੋੜਾਂ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਲੋਕਾਂ ਨੇ ਆਪਣੇ ਘਰਾਂ ਵਿਚਲੀਆਂ ਪੁਰਾਤਨ ਚੀਜ਼ਾਂ ਨੂੰ ਲੱਭਣਾ ਸ਼ੁਰੂ ਕੀਤਾ। ਜੇ ਕਿਸੇ ਨੂੰ ਕੁੱਝ ਮਿਲ ਜਾਂਦਾ ਤਾਂ ਉਹ ਇਨਾਮ ਦੇਣ ਵਾਲੇ ਦਾ ਖੁਰਾ-ਖੋਜ ਲੱਭਣ ਲਈ ਤੁਰ ਪੈਂਦਾ। ਇਹ ਵਿਅਕਤੀ ਕਿਸੇ ਇੱਕ ਥਾਂ ’ਤੇ ਇਕੱਠੇ ਹੋਣ ਦਾ ਸੁਨੇਹਾ ਲਾ ਦਿੰਦੇ। ਇਕੱਠ ਨੂੰ ਕਿਹਾ ਜਾਂਦਾ ਕਿ ਸਮਾਨ ਦੇ ਮਾਲਕ ਆਪਣੇ ਸਮਾਨ ਨੂੰ ਲੈ ਕੇ ਲਾਈਨ ਵਿੱਚ ਖੜ੍ਹ ਜਾਣ। ਹਰ ਵਿਅਕਤੀ ਨੂੰ ਆਦੇਸ਼ ਦਿੱਤਾ ਜਾਂਦਾ ਕਿ ਜਿਸ ਨੂੰ ਯਕੀਨ ਹੈ ਕਿ ਉਸ ਦੀ ਚੀਜ਼ ਸਹੀ ਹੈ, ਉਹ ਢਾਈ ਸੌ ਰੁਪਏ ਜਮ੍ਹਾਂ ਕਰਵਾ ਦੇਵੇ। ਇਸ ਤਰ੍ਹਾਂ ਇਕੱਠੇ ਹੋਏ ਦੋ ਢਾਈ ਸੌ ਵਿਅਕਤੀਆਂ ਤੋਂ ਸੱਠ ਹਜ਼ਾਰ ਤੋਂ ਪੈਂਹਠ ਹਜ਼ਾਰ ਰੁਪਏ ਦੇ ਵਿਚਕਾਰ ਰਾਸ਼ੀ ਇਕੱਠੀ ਕਰ ਲਈ ਜਾਂਦੀ। ਸਮਾਨ ਦੀ ਪਰਖ ਵੇਲੇ ਹਰ ਚੀਜ਼ ਵਿੱਚ ਕੋਈ ਨਾ ਕੋਈ ਨੁਕਸ ਕੱਢ ਦਿੱਤਾ ਜਾਂਦਾ। ਕਿਸੇ ਨੂੰ ਕਹਿ ਦਿੱਤਾ ਜਾਂਦਾ, ਗਲਾਸ ਦਾ ਸਾਈਜ਼ ਨੌਂ ਇੰਚ ਨਾਲੋਂ ਥੋੜ੍ਹਾ ਜਿਹਾ ਵੱਡਾ ਹੈ। ਕਿਸੇ ਨੂੰ ਸਾਈਜ਼ ਛੋਟਾ ਕਹਿ ਦਿੱਤਾ ਜਾਂਦਾ। ਜੇ ਕੋਈ ਸਿੱਕੇ ਵਿੱਚ ਪੰਜ ਮੋਰਨੀਆਂ ਗਿਣਵਾ ਦਿੰਦਾ, ਪਰ ਉਹ ਉਨ੍ਹਾਂ ਦੀਆਂ ਵੀਹ ਟੰਗਾਂ ਨੂੰ ਪੂਰੀਆਂ ਨਾ ਕਰ ਸਕਦਾ। ਪੁਰਾਣਾ ਸਮਾਜ ਵੀ ਵਾਪਸ ਨਾ ਮੋੜਿਆ ਜਾਂਦਾ। ਇਸ ਤਰ੍ਹਾਂ ਸੱਠ-ਪੈਂਹਠ ਹਜ਼ਾਰ ਦੀ ਠੱਗੀ ਮਾਰ ਕੇ ਸਾਧ ਰਫ਼ੂ ਚੱਕਰ ਹੋ ਜਾਂਦੇ।
ਸਾਨੂੰ ਜ਼ਿਲ੍ਹਾ ਸੰਗਰੂਰ ਦੇ ਕਸਬੇ ਧਨੌਲੇ ਤੋਂ ਚਿੱਤਰਕਾਰ ਭੁਪਿੰਦਰ ਦਾ ਫੋਨ ਆਇਆ ਕਿ ਅੱਜ ਅਜਿਹੇ ਲੋਕਾਂ ਨੇ ਸੁਨਾਮ ਨੇੜੇ ਚੀਮਾ ਮੰਡੀ ਦੇ ਇੱਕ ਫਾਰਮ ’ਤੇ ਇਕੱਠੇ ਹੋਣਾ ਹੈ। ਪੱਤਰਕਾਰ ਦੇਵਿੰਦਰ ਨਾਲ ਸਾਡਾ ਕਾਫ਼ੀ ਸਹਿਚਾਰ ਸੀ। ਅਸੀਂ ਉਸ ਨੂੰ ਨਾਲ ਲੈ ਕੇ ਪੁਲਿਸ ਦੀ ਸਹਾਇਤਾ ਨਾਲ ਉਨ੍ਹਾਂ ਠੱਗਾਂ ਵਿੱਚੋਂ ਕੁੱਝ ਨੂੰ ਕਾਬੂ ਕਰ ਲਿਆ। ਉਨ੍ਹਾਂ ਤੋਂ ਹੋਈ ਪੁੱਛਗਿੱਛ ਨੇ ਇਸ ਸਾਰੇ ਗਰੋਹ ਨੂੰ ਬੇਨਕਾਬ ਕਰ ਦਿੱਤਾ। ਇਸ ਪੁੱਛ-ਪੜਤਾਲ ਦੀਆਂ ਅਖ਼ਬਾਰਾਂ ਤੇ ਮੈਗਜ਼ੀਨਾਂ ਵਿੱਚ ਛਪੀਆਂ ਰਿਪੋਰਟਾਂ ਨੇ ਲੋਕਾਂ ਨੂੰ ਇਸ ਠੱਗੀ ਬਾਰੇ ਸੁਚੇਤ ਕਰ ਦਿੱਤਾ। ਇਸ ਤਰ੍ਹਾਂ ਇਹ ਅਫ਼ਵਾਹ ਤਾਂ ਖ਼ਤਮ ਹੋ ਗਈ, ਪਰ ਸੈਂਕੜੇ ਲੋਕ ਜੋ ਇਸ ਅਫ਼ਵਾਹ ਕਾਰਨ ਠੱਗੇ ਗਏ, ਉਨ੍ਹਾਂ ਦੀ ਉਂਗਲੀ ਕਿਸੇ ਨੇ ਨਾ ਫੜੀ।
ਸੁਨਾਮ ਦੇ ਚਾਰ ਪੇਂਡੂਆਂ ਨੇ ਪੱਚੀ-ਪੱਚੀ ਹਜ਼ਾਰ ਰੁਪਏ ਇਕੱਠੇ ਕਰ ਕੇ ਇੱਕ ਸਾਧ ਤੋਂ ਇੱਕ ਲੱਖ ਰੁਪਏ ਵਿੱਚ ਇੱਕ ਸਿੱਕਾ ਖ਼ਰੀਦ ਲਿਆ। ਸਾਧ ਨੇ ਸਿੱਕੇ ਦੀ ਰਾਖ ਬਣਾ ਕੇ ਉਨ੍ਹਾਂ ਨੂੰ ਕਮਰੇ ਵਿੱਚ ਰੱਖਣ ਲਈ ਰਾਖ ਦੀਆਂ ਚਾਰ ਪੂੜੀਆਂ ਦੇ ਦਿੱਤੀਆਂ ਤੇ ਕਿਹਾ ਕਿ ‘ਹੁਣ ਕੁੱਝ ਦਿਨਾਂ ਵਿੱਚ ਹੀ ਤੁਹਾਡਾ ਕਮਰਾ ਨੋਟਾਂ ਨਾਲ ਭਰ ਜਾਵੇਗਾ।’
ਪੰਜਾਬ ਵਿੱਚ ਜ਼ਿਲ੍ਹੇ ਕਪੂਰਥਲੇ ਦੇ ਪਿੰਡ ਤਲਵੰਡੀ ਕੂਕਾ ਦਾ ਇੱਕ ਫ਼ੌਜੀ ਦੋ ਢਾਈ ਸਾਲ ਫ਼ੌਜ ਦੀ ਨੌਕਰੀ ਕਰਨ ਤੋਂ ਬਾਅਦ ਕਿਸੇ ਕਾਰਨ ਮਰ ਗਿਆ ਸੀ। ਉਸ ਸਮੇਂ ਉਸਦੀ ਲਾਸ਼ ਕਿਸੇ ਕਾਰਨ ਪਿੰਡ ਨਾ ਭੇਜੀ ਜਾ ਸਕੀ। ਕਿਹਾ ਜਾਂਦਾ ਹੈ ਕਿ ਹੁਣ ਫ਼ੌਜੀ ਦੀ ਰੂਹ ਹੀ ਫ਼ੌਜ ਵਿੱਚ ਡਿਊਟੀ ਨਿਭਾਅ ਰਹੀ ਹੈ। ਉਸ ਨੂੰ ਹੌਲੀ-ਹੌਲੀ ਤਰੱਕੀ ਦੇ ਕੇ ਕੈਪਟਨ ਬਣਾ ਦਿੱਤਾ ਗਿਆ ਹੈ। ਉਹ ਹਰ ਸਾਲ ਪੰਦਰਾਂ ਸਤੰਬਰ ਤੋਂ ਪੰਦਰਾਂ ਨਵੰਬਰ ਤੱਕ ਦੋ ਮਹੀਨੇ ਦੀ ਛੁੱਟੀ ਕੱਟਣ ਆਪਣੇ ਪਿੰਡ ਆਉਂਦਾ ਹੈ ਅਤੇ ਆਪਣੇ ਪਰਿਵਾਰ ਪਾਸ ਰਹਿੰਦਾ ਹੈ। ਇਸ ਸਾਰੇ ਕੁੱਝ ਦਾ ਪ੍ਰਬੰਧ ਫ਼ੌਜ ਹੀ ਕਰਦੀ ਹੈ। ਰੂਹ ਜਲੰਧਰ ਤੱਕ ਤਾਂ ਰੇਲ ਗੱਡੀ ਵਿੱਚ ਆਉਂਦੀ ਹੈ, ਉਸ ਤੋਂ ਬਾਅਦ ਇੱਕ ਫ਼ੌਜੀ ਜੀਪ ਉਸ ਨੂੰ ਪਿੰਡ ਛੱਡ ਆਉਂਦੀ ਹੈ। ਬੈਠਣ ਸਮੇਂ ਸੀਟ ਲਿਫ਼ਦੀ ਹੈ, ਫੌਜੀ ਆਪ ਹੀ ਵਾਰੀ ਖੋਲ੍ਹਦਾ ਹੈ। ਫ਼ੌਜੀ ਵੱਲੋਂ ਸਰਹੱਦ ’ਤੇ ਘੋੜੇ ਨਾਲ ਗਸ਼ਤ ਕੀਤੀ ਜਾਂਦੀ ਹੈ।
ਜਦੋਂ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਇਸ ਸਾਰੇ ਵਰਤਾਰੇ ਦੀ ਪੜਤਾਲ ਕਰਨ ਗਏ ਤਾਂ ਉਨ੍ਹਾਂ ਨੂੰ ਨਾ ਤਾਂ ਬਾਰੀ ਆਪਣੇ ਆਪ ਖੁੱਲ੍ਹਦੀ ਅਤੇ ਸੀਟ ਲਿਫ਼ਦੀ, ਨਾ ਬਾਰੀ ਬੰਦ ਹੁੰਦੀ ਨਜ਼ਰ ਆਈ। ਸਗੋਂ ਫ਼ੌਜੀ ਦੇ ਆਪਣੇ ਘਰ ਪੁੱਜਣ ਤੋਂ ਬਾਅਦ ਕੋਈ ਪੱਖਾਂ ਨਾ ਤਾਂ ਆਪਣੇ ਆਪ ਚੱਲਿਆ ਨਾ ਹੀ ਬੰਦ ਹੋਇਆ। ਇਸ ਲਈ ਤਰਕਸ਼ੀਲਾਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਇਹ ਸਭ ਗੱਲਾਂ ਮਨਘੜਤ ਹਨ। ਕੋਈ ਨਾ ਕੋਈ ਹੋਰ ਫ਼ੌਜੀ ਉਸ ਬਹਾਨੇ ਛੁੱਟੀ ਕੱਟਣ ਲਈ ਆਪਣੇ ਪਿੰਡ ਆਉਣਾ ਚਾਹੁੰਦਾ ਹੁੰਦਾ ਹੈ। ਉਸ ਲਈ ਇਹ ਬਹਾਨਾ ਇੱਕ ਵਧੀਆ ਹਥਿਆਰ ਹੈ। ਕਿਸੇ ਅਫ਼ਸਰ ਲਈ ਇਸੇ ਕਾਰਨ ਕਰਕੇ ਉਸਦੀ ਤਨਖ਼ਾਹ ਹਜ਼ਮ ਕਰੀ ਜਾਣਾ ਵੀ ਇਸ ਦੇਸ਼ ਵਿੱਚ ਸੰਭਵ ਹੈ। ਹੋ ਸਕਦਾ ਹੈ ਠੱਗੀ ਵਿੱਚੋਂ ਕੁੱਝ ਹਿੱਸਾ ਹਰ ਮਹੀਨੇ ਉਸ ਦੀ ਮਾਂ ਨੂੰ ਵੀ ਭੇਜ ਦਿੱਤਾ ਜਾਂਦਾ ਹੋਵੇ।
ਜਦੋਂ ਇਸ ਘਟਨਾ ਦੀ ਅਸਲੀਅਤ ਲੋਕਾਂ ਕੋਲ ਪੁੱਜੀ ਤਾਂ ਉਨ੍ਹਾਂ ਨੇ ਇਸ ਗੋਰਖਧੰਦੇ ਵੱਲ ਧਿਆਨ ਦੇਣਾ ਹੀ ਛੱਡ ਦਿੱਤਾ। ਜੂਨ 2001 ਦੇ ਪਹਿਲੇ ਹਫ਼ਤੇ ਭਾਰਤ ਦੀ ਰਾਜਧਾਨੀ ਦਿੱਲੀ ਵੀ ਅਜਿਹੀ ਇੱਕ ਅਫ਼ਵਾਹ ਦਾ ਸ਼ਿਕਾਰ ਬਣ ਗਈ। ਥਾਂ-ਥਾਂ ’ਤੇ ਘਰ-ਘਰ ਇਹ ਚਰਚਾ ਹੋਣੀ ਸ਼ੁਰੂ ਹੋ ਗਈ ਕਿ ਇੱਕ ਬਾਂਦਰ ਵਰਗਾ ਮਨੁੱਖ ਸੁੱਤੀਆਂ ਇਸਤਰੀਆਂ ’ਤੇ ਪੁਰਸ਼ਾਂ ਦੇ ਝਰੀਟਾਂ ਮਾਰ ਜਾਂਦਾ ਹੈ। ਕੁੱਝ ਦੇ ਝਰੀਟਾਂ ਦੇ ਨਿਸ਼ਾਨ ਵੀ ਨਜ਼ਰ ਆਏ। ਅੱਧੀ ਰਾਤ ਤੋਂ ਬਾਅਦ ਦਿੱਲੀ ਵਿੱਚ ਪੂਰਾ ਇੱਕ ਹਫ਼ਤਾ ਕਿਤੇ ਨਾ ਕਿਤੇ ਇਹ ਰੌਲਾ ਪੈ ਜਾਂਦਾ ਕਿ ਬਾਂਦਰ ਆ ਗਿਆ ਹੈ। ਕੋਈ ਕਹਿੰਦਾ ਇਸ ਬਾਂਦਰ ਦੇ ਹੱਥ ਲੋਹੇ ਦੇ ਹਨ ਕੋਈ ਕਹਿੰਦਾ ਇਸ ਨੇ ਹੈਲਮਟ ਲਈ ਹੋਈ ਹੈ। ਕੋਈ ਕਹਿੰਦਾ ਇਸ ਦੇ ਢਿੱਡ ’ਤੇ ਲਾਲ ਤੇ ਹਰੀਆਂ ਲਾਈਟਾਂ ਲੱਗੀਆਂ ਹੋਈਆਂ ਹਨ। ਦਿੱਲੀ ਦੇ ਤਰਕਸ਼ੀਲਾਂ ਨੇ ਇਸ ਅਫ਼ਵਾਹਨੁਮੀ ਗੁਬਾਰੇ ਵਿੱਚੋਂ ਹਵਾ ਕੱਢਣ ਲਈ ਆਪਣੇ ਯਤਨ ਤੇਜ਼ ਕਰ ਦਿੱਤੇ। ਦਿੱਲੀ ਦੀ ਪੁਲਿਸ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਅਤੇ ਨਫ਼ਰੀ ਵੀ ਵਧਾ ਦਿੱਤੀ ਗਈ। ਜਿੰਨੇ ਵੀ ਆਦਮੀਆਂ ਨੇ ਇਸ ਨੂੰ ਵੇਖਣ ਦਾ ਦਾਅਵਾ ਕੀਤਾ, ਸਭ ਦੇ ਬਿਆਨ ਵੱਖ-ਵੱਖ ਸਨ। ਕੋਈ ਉਸ ਨੂੰ ਮਨੁੱਖਾਂ ਵਰਗਾ, ਕੋਈ ਬਣਮਾਨਸਾਂ ਵਰਗਾ, ਕੋਈ ਉਸ ਨੂੰ ਰੋਬੋਟਾਂ ਵਰਗਾ ਦੱਸਦਾ, ਹੌਲੀ-ਹੌਲੀ ਇਸ ਗੁਬਾਰੇ ਦੀ ਹਵਾ ਨਿਕਲਦੀ ਗਈ ਤੇ ਲੋਕ ਸ਼ਾਂਤ ਹੁੰਦੇ ਗਏ। ਤਰਕਸ਼ੀਲਾਂ ਨੇ ਨਤੀਜਾ ਕੱਢਿਆ ਕਿ ਕਦੀ-ਕਦੀ ਲੋਕਾਂ ਵਿੱਚ ਵੱਡੀ ਪੱਧਰ ’ਤੇ ਮਾਸ ਹਿਸਟੀਰੀਆ ਫੈਲ ਜਾਂਦਾ ਹੈ। ਜਿਵੇਂ ਡਰੇ ਹੋਏ ਵਿਅਕਤੀ ਹਨ੍ਹੇਰੇ ਵਿੱਚ ਰੱਸੀ ਨੂੰ ਹੀ ਸੱਪ ਸਮਝ ਬੈਠਦੇ ਹਨ। ਇਸ ਤਰ੍ਹਾਂ ਡਰੇ ਹੋਏ ਲੋਕਾਂ ਨੇ ਖੁਦ ਹੀ ਛਾਲਾਂ ਮਾਰ ਲਈਆਂ ਤੇ ਸੱਟਾਂ ਖਾ ਬੈਠੇ।
ਅਗਸਤ-ਸਤੰਬਰ 2004 ਵਿੱਚ ਪੰਜਾਬ ਦੇ ਕਸਬਿਆਂ ਲਹਿਰਾ, ਮੂਨਕ, ਸੁਨਾਮ, ਧੂਰੀ ਆਦਿ ਦੇ ਲੋਕ ਇੱਕ ਹੋਰ ਜਾਨਵਰ ਦੇ ਕੱਟਣ ਦਾ ਸ਼ਿਕਾਰ ਹੋਣ ਲੱਗ ਪਏ। ਇਹ ਅਫ਼ਵਾਹ ਚੱਲ ਪਈ ਕਿ ਬਿੱਜੂ ਨਾਂ ਦਾ ਜਾਨਵਰ ਲੋਕਾਂ ਨੂੰ ਕੱਟ ਜਾਂਦਾ ਹੈ। ਲੋਕਾਂ ਨੇ ਆਪਣੀਆਂ ਨੂੰਹਾਂ-ਧੀਆਂ ਨੂੰ ਦੂਰ ਦੀਆਂ ਰਿਸ਼ਤੇਦਾਰੀਆਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਪਿੰਡਾਂ ਦੇ ਤਰਕਸ਼ੀਲ ਵੀ ਇਸ ਅਫ਼ਵਾਹਾਂ ਦਾ ਸਿਰ ਕੁਚਲਣ ਲਈ ਤਿਆਰ ਹੋ ਗਏ। ਅਖ਼ਬਾਰਾਂ, ਮੈਗਜ਼ੀਨਾਂ ਵਿੱਚ ਸਪੱਸ਼ਟੀਕਰਨ ਆਉਣ ਲੱਗ ਪਏ। ਅਸੀਂ ਜਾਣਦੇ ਸਾਂ ਕਿ ਬਿੱਜੂ ਨਾਂ ਦਾ ਜਾਨਵਰ ਸਿਰਫ਼ ਇੱਕ ਕਲਪਨਾ ਹੀ ਹੈ। ਅੱਜ ਤੱਕ ਇੱਕ ਵੀ ਵਿਅਕਤੀ ਅਜਿਹਾ ਨਹੀਂ ਹੈ,ਜਿਸ ਨੇ ਇਸ ਨੂੰ ਵੇਖਿਆ ਹੈ। ਇੱਕ-ਦੋ ਹਫ਼ਤੇ ਦੀ ਭੱਜ-ਨੱਠ ਨੇ ਹੀ ਇਸ ਗੁਬਾਰੇ ਵਿੱਚੋਂ ਵੀ ਹਵਾ ਖਾਰਜ ਕਰ ਦਿੱਤੀ।
ਸਤੰਬਰ 2002 ਵਿੱਚ ਇਹ ਅਫ਼ਵਾਹ ਛੱਡ ਦਿੱਤੀ ਗਈ ਕਿ ਇਕੱਲੀ ਔਲਾਦ ਵਾਲੇ ਮਾਪੇ ਸਟੀਲ ਦੀ ਕੌਲੀ ਵਿੱਚ ਖੰਡ ਭਰ ਕੇ ਸ਼ਿਵ ਮੰਦਿਰ ਜਾਂ ਹਨੂੰਮਾਨ ਮੰਦਿਰ ਵਿੱਚ ਪੰਜ ਸਿੱਕਿਆਂ ਸਮੇਤ ਚੜ੍ਹਾਉਣ। ਜੇ ਉਹ ਅਜਿਹਾ ਨਹੀਂ ਕਰਨਗੇ ਤਾਂ ਉਨ੍ਹਾਂ ਦੇ ਪੁੱਤਰ ਦਾ ਨੁਕਸਾਨ ਹੋ ਜਾਵੇਗਾ। ਇਸ ਦੇ ਨਾਲ ਹੀ ਇੱਕ ਹੋਰ ਅਫ਼ਵਾਹ ਇਹ ਵੀ ਛੱਡ ਦਿੱਤੀ ਗਈ ਕਿ ਸ਼ੰਕਰ ਜੀ ਦੀ ਮੂਰਤੀ ਆਪਣਾ ਰੂਪ ਤੇ ਰੰਗ ਬਦਲ ਰਹੀ ਹੈ ਅਤੇ ਮੂਰਤੀ ਉਪਰ ‘ਓਮ’ ਦਾ ਨਿਸ਼ਾਨ ਵੀ ਦਿਖਾਈ ਦੇ ਰਿਹਾ ਹੈ। ਬੱਸ ਫਿਰ ਕੀ ਸੀ, ਲੋਕਾਂ ਦੀਆਂ ਭੀੜਾਂ ਮੰਦਰਾਂ ਵਿੱਚ ਲੱਗਣ ਲੱਗੀਆਂ। ਪੁਜਾਰੀ ਖ਼ੁਸ਼ ਸਨ। ਮੁਫ਼ਤ ਵਿੱਚ ਹੀ ਬੈਠੇ ਬਿਠਾਇਆਂ ਨੂੰ ਲੱਖਾਂ ਰੁਪਏ ਬਣ ਗਏ।
ਕਦੇ ਤੁਸੀਂ ਸੁਣਿਆ ਹੋਵੇ ਕਿ ਟੈਲੀਫੋਨ ਵਿੱਚ ਭੂਤ ਆ ਗਿਆ ਹੋਵੇ? ਜੀ ਹਾਂ! ਉਤਰੀ ਭਾਰਤ ਵਿੱਚ ਅਜਿਹਾ ਵਾਪਰਿਆ ਸੀ। ਤੁਹਾਨੂੰ ਇੱਕ ਫੋਨ ਕਾਲ ਆਉਂਦੀ ਹੈ ਤੇ ਉਸ ’ਤੇ ਫੋਨ ਨੰਬਰ 9888888888 ਨਜ਼ਰ ਆਉਂਦਾ ਹੈ। ਤੁਸੀਂ ਭੂਤ ਦੀ ਕਾਲ ਸਮਝ ਕੇ ਡਰ ਜਾਂਦੇ ਹੋ। ਮਾਰਚ 2007 ਵਿੱਚ ਮੈਂ ਆਪਣੇ ਮਿੱਤਰ ਭਗਵਾਨ ਸਿੰਘ ਖਹਿਰਾ ਵੱਲੋਂ ਅੰਮ੍ਰਿਤਸਰ ਦੇ ਪਿੰਡ ਸੇਰੋ ਵਿਖੇ ਰੱਖੇ ਤਰਕਸ਼ੀਲ ਮੇਲੇ ਵਿੱਚ ਭਾਗ ਲੈਣ ਲਈ ਜਾ ਰਿਹਾ ਸੀ ਤੇ ਰਸਤੇ ਵਿੱਚ ਹੀ ਫੋਨ ਆਉਣੇ ਸ਼ੁਰੂ ਹੋ ਗਏ। ਲੋਕ ਦੱਸਣ ਲੱਗੇ ਕਿ ਫੋਨ ’ਤੇ ਡਿਸਪਲੇ ਹੋ ਰਹੇ ਨੰਬਰ ਕਿਵੇਂ ਲੋਕਾਂ ਨੂੰ ਡਰਾ ਰਹੇ ਹਨ। ਬਹੁਤ ਸਾਰੇ ਲੋਕਾਂ ਨੇ ਤਾਂ ਡਰਦੇ ਮਾਰੇ ਫੋਨ ਚੁੱਕਣੇ ਹੀ ਬੰਦ ਕਰ ਦਿੱਤੇ। ਮਾਪੇ ਆਪਣੇ ਬੱਚਿਆਂ ਨੂੰ ਮੱਤਾਂ ਦੇਣ ਲੱਗੇ ‘‘ਟੈਲੀਫੋਨ ਨਾ ਚੁਕਿਓ, ਨਹੀਂ ਤਾਂ ਮਰ ਜਾਓਗੇ’’। ਖੰਨੇ ਤੋਂ ਇੱਕ ਮੈਡਮ ਪੁੱਛ ਰਹੀ ਸੀ, ‘‘ਟੈਲੀਫੋਨ ਵਾਲਾ ਮਾਜਰਾ ਕੀ ਹੈ?’’
ਦੂਸਰੇ ਦਿਨ ਮੈਂ ਆਪਣੇ ਦਫ਼ਤਰ ਵਿੱਚ ਕੁੱਝ ਪੱਤਰਕਾਰਾਂ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਟੈਲੀਫੋਨ ਵਾਲਾ ਸਾਰਾ ਮਾਜਰਾ ਸਮਝਾ ਦਿੱਤਾ ਤੇ ਪ੍ਰੈਕਟਿਸ ਵੀ ਕਰਵਾ ਦਿੱਤੀ। ਉਹ ਸਾਰੇ ਸੰਤੁਸ਼ਟ ਹੋ ਗਏ। ਅਸਲ ਕਹਾਣੀ ਇਹ ਸੀ ਕਿ ਜਦੋਂ ਤੁਹਾਨੂੰ ਕੋਈ ਫੋਨ ਕਰਨ ਵਾਲੇ ਦਾ ਨਾਂ ਭਰਨ ਦੀ ਬਜਾਏ ਇਸ ’ਤੇ ਤੁਸੀਂ 9888888888 ਲਿਖ ਕੇ ਸੇਵ ਕਰ ਲਵੋ। ਹੁਣ ਜਦੋਂ ਵੀ ਤੁਹਾਨੂੰ ਇਸ ਫੋਨ ਤੋਂ ਦੁਆਰਾ ਫੋਨ ਆਏਗਾ ਤਾਂ 9888888888 ਨੰਬਰ ਡਿਸਪਲੇ ਹੋਵੇਗਾ। ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਕਹੋਗੇ ਕਿ ਵੇਖੋ ਮੈਨੂੰ ਭੂਤ ਦਾ ਫੋਨ ਆ ਗਿਆ। ਇਸ ਤਰ੍ਹਾਂ ਇਹ ਅਫ਼ਵਾਹ ਵੀ ਕੁੱਝ ਦਿਨਾਂ ਵਿੱਚ ਹੀ ਦਮ ਤੋੜ ਗਈ।
ਇਸੇ ਹੀ ਮਹੀਨੇ ਵਿੱਚ ਇੱਕ ਹੋਰ ਅਫ਼ਵਾਹ ਫੈਲ ਗਈ ਕਿ ‘ਭੂਚਾਲ ਆ ਰਿਹਾ ਹੈ।’’ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਕਈਆਂ ਨੇ ਤਾਂ ਰਾਤਾਂ ਪਰਿਵਾਰਾਂ ਸਮੇਤ ਹੀ ਬਾਹਰ ਕੱਟੀਆਂ। ਅਸਲ ਮਾਜਰਾ ਇਹ ਸੀ ਕਿ ਇੱਕ ਸ਼ਰਾਬੀ ਵਿਅਕਤੀ ਦੇ ਦਿਮਾਗ ਵਿੱਚ ਆਇਆ ਕਿ ਧਰਤੀ ਘੁੰਮ ਰਹੀ ਹੈ। ਬੱਸ ਫਿਰ ਕੀ ਸੀ ਉਸਨੇ ਰਾਤੀਂ ਇੱਕ ਵਜੇ ਆਪਣੀ ਪਤਨੀ ਨੂੰ ਫੋਨ ਕਰ ਦਿੱਤਾ, ‘‘ਭੂਚਾਲ ਆ ਗਿਆ ਹੈ।’’ ਬੱਸ ਫਿਰ ਕੀ ਸੀ ਪਤਨੀ ਨੇ ਰੌਲਾ ਪਾਉਣਾ ਤੇ ਆਪਣੇ ਨਜ਼ਦੀਕੀਆਂ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਭੂਚਾਲ ਦਾ ਰੌਲਾ ਪੈ ਗਿਆ। ਲੋਕਾਂ ਨੇ ਐਨੀ ਖੇਚਲ ਵੀ ਨਹੀਂ ਕੀਤੀ ਕਿ ਟੈਲੀਵਿਜ਼ਨ ਤੋਂ ਭੂਚਾਲ ਸਬੰਧੀ ਸੂਚਨਾ ਦੇਣ ਵਾਲੇ ਮਹਿਕਮੇ ਨਾਲ ਸੰਪਰਕ ਕਰ ਲੈਂਦੇ। ਜੇ ਦੋ-ਚਾਰ ਨੇ ਇਹ ਸੂਚਨਾ ਲਈ ਵੀ ਤਾਂ ਉਨ੍ਹਾਂ ਦੀ ਕਿਸੇ ਨੇ ਵੀ ਨਹੀਂ ਸੁਣੀ।
ਇੱਕ ਹੋਰ ਅਫ਼ਵਾਹ ਦਾ ਕੇਂਦਰ ਸਮੁੱਚੀ ਧਰਤੀ ਹੀ ਹੈ। ਕਹਿੰਦੇ ਮਾਇਆ ਸਭਿਅਤਾ ਦੇ ਕੈਲੰਡਰਾਂ ਵਿੱਚ ਇਹ ਦਰਜ ਕੀਤਾ ਹੋਇਆ ਹੈ ਕਿ 21 ਦਸੰਬਰ 2012 ਨੂੰ ਦੁਨੀਆ ਨਸ਼ਟ ਹੋ ਜਾਵੇਗੀ। ਇਸ ਸਬੰਧੀ ਛਪੇ ਕਈ ਲੇਖਾਂ ਨੇ ਪੰਜਾਬੀਆਂ ਦੀ ਨੀਂਦ ਵੀ ਉਡਾ ਦਿੱਤੀ ਸੀ। ਮਾਇਆ ਸਭਿਅਤਾ ਦੇ ਲੋਕਾਂ ਨੂੰ ਆਪਣੀ ਹੋਣੀ ਦਾ ਹੀ ਪਤਾ ਨਹੀਂ ਸੀ ਕਿ ਉਹ ਧਰਤੀ ਦੇ ਦੂਸਰੇ ਲੋਕਾਂ ਦੀ ਹੋਣੀ ਦਾ ਫ਼ੈਸਲਾ ਕਰ ਸਕਦੇ ਸਨ, ਕਿਉਂਕਿ ਮਾਇਆ ਸਭਿਅਤਾ ਤਾਂ ਕੁੱਝ ਸਦੀਆਂ ਪਹਿਲਾਂ ਧਰਤੀ ਤੋਂ ਅਲੋਪ ਹੀ ਹੋ ਗਈ ਸੀ। ਕੁੱਝ ਅਖੌਤੀ ਪੁਜਾਰੀਆਂ ਨੇ ਤਾਂ ਇਸ ਸਬੰਧੀ ਆਪਣੀਆਂ ਦਲੀਲਾਂ ਵੀ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ। ਕੋਈ ਕਹਿੰਦਾ,‘ਸੂਰਜ ਤੋਂ ਉ¤ਠੇ ਤੂਫ਼ਾਨਾਂ ਨੇ’, ਕੋਈ ਕਹਿੰਦਾ ‘ਧਰਤੀ ਤੋਂ ਫੱਟਣ ਵਾਲੇ ਜਵਾਲਾਮੁਖੀਆਂ ਨੇ’, ਕੋਈ ਕਹਿੰਦਾ ‘ਧਰਤੀ ਦੇ ਚੁੰਬਕੀ ਖੇਤਰ ਦੀ ਤਬਦੀਲੀ ਕਾਰਨ ਹੋਣੀ ਵਾਲੀ ਤਬਾਹੀ ਨੇ’ ਧਰਤੀ ਤੋਂ ਮਨੁੱਖ ਜਾਤੀ ਨੂੰ ਸਦਾ ਲਈ ਅਲੋਪ ਕਰ ਦੇਣਾ ਹੈ।
ਇਸ ਸਬੰਧੀ ਮੈਨੂੰ ਵੀ ਕਈ ਲੇਖ ਅਖ਼ਬਾਰਾਂ ਨੂੰ ਦੇਣੇ ਪਏ, ਜਿਨ੍ਹਾਂ ਵਿੱਚ ਮੈਂ ਉਨ੍ਹਾਂ ਸਭ ਦੀਆਂ ਦਲੀਲਾਂ ਦਾ ਢੁਕਵਾਂ ਜਵਾਬ ਦਿੱਤਾ। ਅਖ਼ੀਰ 21 ਦਸੰਬਰ 2012 ਵੀ ਲੰਘ ਗਿਆ ਅਤੇ ਇਹ ਦੁਨੀਆਂ ਵੀ ਸਹੀ ਸਲਾਮਤ ਹੈ। ਸਿੱਟੇ ਵਜੋਂ ਇਸ ਗੁਬਾਰੇ ਦੀ ਫੂਕ ਵੀ ਨਿਕਲ ਗਈ।
ਧਰਤੀ ਦੇ ਇਤਿਹਾਸ ਵਿੱਚ ਇਹ ਸਾਰੀਆਂ ਅਫ਼ਵਾਹਾਂ ਨਾ ਤਾਂ ਪਹਿਲੀਆਂ ਸਨ ਤੇ ਨਾ ਹੀ ਆਖ਼ਰੀ। ਅਜਿਹੀਆਂ ਹਜ਼ਾਰਾਂ ਅਫ਼ਵਾਹਾਂ ਦੇ ਗੁਬਾਰਿਆਂ ਵਿੱਚ ਅੰਧਵਿਸ਼ਵਾਸੀ ਹਵਾ ਭਰਦੇ ਰਹਿੰਦੇ ਹਨ ਤੇ ਜਾਗਰੂਕ ਲੋਕ ਇਸ ਹਵਾ ਨੂੰ ਕੱਢਦੇ ਰਹਿੰਦੇ ਹਨ ਤੇ ਧਰਤੀ ਸਮਤੋਲ ਵਿੱਚ ਰਹਿੰਦੀ ਹੈ।