ਧਾਰਮਿਕ ਕੱਟੜਤਾ ਅਤੇ ਮਨੁੱਖ

ਦੁਨੀਆਂ ਵਿਚ ਜਿੱਥੇ ਕਿਤੇ ਮਨੁੱਖ ਦਾ ਵਾਸ ਹੈ, ਉੱਥੇ ਉਸ ਨੇ ਧਰਮ ਅਤੇ ਰੱਬ ਦੀ ਸਿਰਜਣਾ ਕਰ ਲਈ ਹੈ ਕਿਉਂਕਿ ਮੌਤ ਦਾ ਡਰ ਅਤੇ ਭਵਿੱਖ ਦੀ ਚਿੰਤਾ ਉਸ ਨੂੰ ਅਜਿਹਾ ਕਰਨ ਉੱਤੇ ਮਜਬੂਰ ਕਰ ਦਿੰਦੇ ਹਨ। ਧਰਮ ਦਾ ਨਸ਼ਾ ਅਫੀਮ ਵਾਂਗ ਦਿਮਾਗ਼ ਨੂੰ ਸੁੰਨ ਕਰ ਕੇ, ਸੋਚਣ ਸਮਝਣ ਦੀ ਤਾਕਤ ਖੋਹ ਕੇ, ਅਣਹੋਣੀਆਂ ਗੱਲਾਂ ਨੂੰ ਅੱਖਾਂ ਬੰਦ ਕਰ ਕੇ ਮੰਨਣ ਲਈ ਮਜਬੂਰ ਕਰ ਦਿੰਦਾ ਹੈ।
ਕੁੱਝ ਉਹ ਗੱਲਾਂ ਜੋ ਮਨੁੱਖ ਲੋਚਦਾ ਹੈ ਪਰ ਕਰ ਨਹੀਂ ਸਕਦਾ ਅਤੇ ਕੁੱਝ ਅਣਕਿਆਸੇ ਡਰਾਂ ਸਦਕਾ ਮਨੁੱਖ ਨੇ ਗ਼ੈਬੀ ਤਾਕਤਾਂ ਉਸਾਰ ਕੇ ਉਸ ਅੱਗੇ ਗੋਡੇ ਟੇਕ ਕੇ, ਮਨ ਨੂੰ ਡਰ ਮੁਕਤ ਕਰਨ ਅਤੇ ਆਪਣੀਆਂ ਇਛਾਵਾਂ ਨੂੰ ਬੂਰ ਪਾਉਣ ਦਾ ਜ਼ਰੀਆ ਬਣਾ ਲਿਆ ਹੈ।
ਜਾਨਵਰ, ਪੰਛੀ, ਕੀੜੇ ਮਕੌੜੇ, ਮੱਛੀਆਂ ਆਦਿ ਸਭ ਜਨਮ ਮਰਨ ਦਾ ਚੱਕਰ ਪੂਰਾ ਕਰਦੇ ਰਹਿੰਦੇ ਹਨ ਪਰ ਅੱਜ ਤਾਈਂ ਕਿਸੇ ਨੇ ਧਰਮ ਦਾ ਨਾਂ ਵਰਤ ਕੇ ਇਕ ਦੂਜੇ ਉ¤ਤੇ ਵਾਰ ਨਹੀਂ ਕੀਤੇ।
ਮਨੁੱਖ ਨੇ ਸਦਾ ਹੀ ਧਰਮ ਦਾ ਨਾਂ ਵਰਤ ਕੇ ਇਕ ਦੂਜੇ ਉ¤ਤੇ ਅਤਿ ਦੇ ਜ਼ੁਲਮ ਤੇ ਤਸ਼ੱਦਦ ਢਾਹੇ ਹਨ। ਜਦੋਂ ਹਿੰਦੂ, ਮੁਸਲਿਮ, ਸਿੱਖ, ਈਸਾਈ ਆਦਿ ਦੇ ਵੱਖੋ-ਵੱਖ ਧਾਰਮਿਕ ਦੰਗੇ ਨਾ ਹੋ ਸਕਦੇ ਹੋਣ ਤਾਂ ਉ¤ਥੇ ਇੱਕੋ ਧਰਮ ਦੇ ਦੋ ਪਾੜ ਕਰਕੇ ਮਨ ਦਾ ਗੁੱਸਾ ਠੰਡਾ ਕਰਨ ਲਈ ਦੰਗੇ ਸ਼ੁਰੂ ਹੋ ਜਾਂਦੇ ਹਨ।
ਮਨੁੱਖ ਦਾ ਮੰਨ ਅੰਦਰਲਾ ਸ਼ੈਤਾਨ, ਹਿੰਸਾ ਨਾਲ ਕੁੱਝ ਸਮੇਂ ਲਈ ਸ਼ਾਂਤ ਹੋ ਜਾਂਦਾ ਹੈ। ਵੱਖੋ-ਵੱਖ ਕਾਰਣਾ ਕਰ ਕੇ ਜਮਾਂ ਹੋਇਆ ਗੁੱਸਾ ਅਤੇ ਅਣਕਿਆਸੇ ਡਰਾਂ ਦੀ ਭੜਾਸ ਨਿਕਲ ਜਾਣ ਦਾ ਜ਼ਰੀਆ ਜ਼ਿਆਦਾਤਰ ਦੂਜੇ ਮਨੁੱਖ ਨੂੰ ਵੱਧ ਤੋਂ ਵੱਧ ਭਿਆਨਕ ਤਰੀਕੇ ਕੁੱਟਮਾਰ ਜਾਂ ਕਤਲ ਕਰ ਕੇ ਨਿਕਲਦਾ ਹੈ। ਜਦੋਂ ਵੱਡੇ ਪੱਧਰ ਉ¤ਤੇ ਅਜਿਹਾ ਕਰਨਾ ਹੋਵੇ ਤਾਂ ਧਰਮ ਦੇ ਓਹਲੇ ਹੇਠ ਕਰਨਾ ਸੌਖਾ ਹੋ ਜਾਂਦਾ ਹੈ।
ਏਸੇ ਲਈ ਧਾਰਮਿਕ ਦੰਗੇ ਦੁਨੀਆਂ ਦੇ ਹਰ ਕੋਨੇ ਵਿਚ ਥੋੜੇ ਬਹੁਤ ਹੁੰਦੇ ਰਹਿੰਦੇ ਹਨ। ਪੁਰਾਣੇ ਸਮਿਆਂ ਵਿਚ ਭੁੱਖਮਰੀ ਤੋਂ ਜਾਂ ਰਾਜਿਆਂ ਦੇ ਜ਼ੁਲਮਾਂ ਤੋਂ ਧਿਆਨ ਵੰਡਾਉਣ ਲਈ ਲੋਕਾਂ ਦੇ ਮਨਾਂ ਵਿਚ ਭਰੇ ਗੁੱਸੇ ਨੂੰ ਖਿੰਡਾਉਣ ਲਈ ਧਰਮ ਦੇ ਓਹਲੇ ਬਥੇਰੀ ਵਾਰ ਕਤਲੋ-ਗਾਰਤ ਹੋ ਚੁੱਕੀ ਹੈ ਤੇ ਹਾਲੇ ਵੀ ਚੱਲ ਰਹੀ ਹੈ।
ਜ਼ਿਆਦਾਤਰ ਅਜਿਹੇ ਦੰਗੇ ਨਿਹੱਥੇ ਬੰਦਿਆਂ ਉੱਤੇ ਕੀਤੇ ਜਾਂਦੇ ਹਨ ਤਾਂ ਜੋ ਬਚਾਓ ਪੱਖ ਕਮਜ਼ੋਰ ਰਹੇ ਅਤੇ ਮਨ ਦੀ ਭੜਾਸ ਵੱਧ ਤੋਂ ਵੱਧ ਤਸ਼ੱਦਦ ਕਰ ਕੇ ਠੰਡੀ ਕੀਤੀ ਜਾ ਸਕੇ।
ਏਸੇ ਲਈ ਅਜਿਹੇ ਦੰਗਿਆਂ ਵਿਚ ਸਿਰਫ਼ ਨਿਹੱਥੇ ਬੰਦੇ ਹੀ ਨਹੀਂ ਬਲਕਿ ਔਰਤਾਂ ਤੇ ਬੱਚੇ ਵੀ ਜ਼ਰੂਰ ਸ਼ਿਕਾਰ ਬਣਾਏ ਜਾਂਦੇ ਹਨ ਕਿਉਂਕਿ ਉਹ ਕਮਜ਼ੋਰ ਮੰਨੇ ਜਾਂਦੇ ਹਨ ਅਤੇ ਵਿਰੋਧ ਕਰਨ ਦੀ ਤਾਕਤ ਨਾ ਬਰਾਬਰ ਹੋਣ ਕਾਰਣ ਵਧ ਤਸੀਹੇ ਝੱਲਦੇ ਹਨ।
ਇਕ ਇਹ ਪੱਖ ਵੀ ਹੈ ਕਿ ਔਰਤ ਨਾਲ ‘ਇੱਜ਼ਤ’ ਜੋੜ ਕੇ ਦੂਜੇ ਧਰਮ ਦੇ ਬੰਦੇ ਨੂੰ ਵੱਧ ਜ਼ਲੀਲ ਕਰਨ ਅਤੇ ਮਾਨਸਿਕ ਤੌਰ ਉ¤ਤੇ ਖ਼ਤਮ ਕਰਨ ਲਈ ਵੀ ਔਰਤਾਂ ਨਾਲ ‘ਧਾਰਮਿਕ ਸ਼ੁੱਧੀ’ ਜੋੜ ਕੇ ਨਾ

ਸਿਰਫ਼ ਤਸੀਹੇ ਦਿੱਤੇ ਜਾਂਦੇ ਹਨ, ਬਲਕਿ ਬਲਾਤਕਾਰ ਕਰ ਕੇ ਜਾਂ ਧਰਮ ਤਬਦੀਲ ਕਰ ਕੇ ਰਬ ਕੋਲ ਆਪਣੇ ਨੰਬਰ ਜਮਾਂ ਕਰ ਕੇ ਸੁਰਗਾਂ ਅੰਦਰਲੀ ਹੂਰ ਪ੍ਰਾਪਤ ਕਰਨ ਦਾ ਜ਼ਰੀਆ ਮੰਨ ਲਿਆ ਗਿਆ ਹੈ।
ਇਤਿਹਾਸ ਵਿਚ ਹਮੇਸ਼ਾ ਤਾਕਤਵਰ ਨੇ ਹੀ ਘਟ ਗਿਣਤੀ ਨੂੰ ਸ਼ਿਕਾਰ ਬਣਾਇਆ ਹੈ ਅਤੇ ਉਹ ਵੀ ਧਰਮ ਦੇ ਆਧਾਰ ਉੱਤੇ।
ਭਾਵੇਂ ਭਾਰਤ ਵਿਚ ਹਿੰਦੂ-ਮੁਸਲਮਾਨ ਜਾਂ ਹਿੰਦੂ-ਸਿੱਖ ਦੰਗੇ ਹੋਏ ਹੋਣ ਤੇ ਭਾਵੇਂ ਪਾਕਿਸਤਾਨ ਵਿਚ ਸ਼ੀਆ-ਸੁੰਨੀ ਜਾਂ ਦਲਿਤ ਹਿੰਦੂ ਨਾਬਾਲਗ ਲੜਕੀਆਂ ਦਾ ਸਮੂਹਕ ਜਬਰਜ਼ਨਾਹ ਕਰਨ ਬਾਅਦ ਜ਼ਬਰਦਸਤੀ ਇਸਲਾਮ ਧਰਮ ਵਿਚ ਪਰਿਵਰਤਨ ਕਰ ਕੇ ਕਤਲ ਕੀਤਾ ਜਾ ਰਿਹਾ ਹੋਵੇ, ਦੰਗਾਈਆਂ ਨੂੰ ਹਮੇਸ਼ਾ ਧਰਮ ਦਾ ਵਾਸਤਾ ਦੇ ਕੇ ਜੰਨਤ ਵਿਚ ਇਸ ਪੁੰਨ ਨੂੰ ਭੁਨਾ ਕੇ ਐਸ਼ ਤੇ ਮੌਜ-ਮਸਤੀ ਕਰਨ ਬਾਰੇ ਪੱਕਾ ਕਰ ਦਿੱਤਾ ਜਾਂਦਾ ਹੈ ਤਾਂ ਜੋ ਦੰਗਿਆਂ ਤੋਂ ਬਾਅਦ ਵੀ ਕਦੇ ਉਨ੍ਹਾਂ ਦੀ ਆਤਮਾ ਉਨ੍ਹਾਂ ਨੂੰ ਕਚੋਟੇ ਨਾ। ਇੰਜ ਦੰਗਾਈ ਕਦੇ ਆਪਣੇ ‘ਮੌਲਾ’ ਬਾਰੇ ਸੱਚ ਨਹੀਂ ਉਗਲਦੇ ਅਤੇ ਅਜਿਹੀ ਕਾਰਵਾਈ ਨੂੰ ਸਹੀ ਮੰਨ ਕੇ ਆਪਣੀ ਜ਼ਮੀਰ ਦੀ ਆਵਾਜ਼ ਹਮੇਸ਼ਾਂ ਲਈ ਦੱਬ ਦਿੰਦੇ ਹਨ।
ਕਿਸੇ ਵੀ ਧਰਮ ਨਾਲ ਪੱਕੀ ਤਰ੍ਹਾਂ ਜੋੜਨ ਲਈ ਉਸ ਨਾਲ ਜੁੜੇ ਵੱਖੋ-ਵੱਖਰੇ ਪਹਿਲੂਆਂ ਨੂੰ ਮਨਾਉਣ ਲਈ ਵੱਖੋ-ਵੱਖ ਦਿਨ ਮੁਕਰਰ ਕਰ ਕੇ ਸਾਰਿਆਂ ਨੂੰ ਮੁੜ-ਮੁੜ ਇਕੱਠਾ ਕਰ ਕੇ ਧਰਮ ਪ੍ਰਤੀ ਪਕਿਆਈ ਕੀਤੀ ਜਾਂਦੀ ਹੈ। ਧਰਮ ਵਿਚ ਕੱਟੜਤਾ ਲਿਆਉਣ ਲਈ ਕਿਸੇ ਪਿਛਲੇ ਤਸ਼ੱਦਦ ਦਾ ਵਾਸਤਾ ਦੇ ਕੇ, ਉਸ ਦਾ ਬਦਲਾ ਲੈਣ ਲਈ ਟੀਚਾ ਮਿੱਥ ਕੇ, ਦ੍ਰਿੜ ਕਰਨ ਲਈ, ਉਸੇ ਤਸ਼ੱਦਦ ਨੂੰ ਵਾਰ-ਵਾਰ ਦੁਹਰਾ ਕੇ ਪਾਠ ਯਾਦ ਕਰਾਇਆ ਜਾਂਦਾ ਹੈ। ਜਿੰਨੀ ਵੱਧ ਵਾਰ ਪਾਠ ਦੁਹਰਾਇਆ ਗਿਆ ਹੋਵੇ, ਖ਼ਾਸ ਕਰ ਛੋਟੀ ਉਮਰੇ, ਓਨੀ ਵੱਧ ਕੱਟੜਤਾ ਤੇ ਓਨੀ ਹੀ ਵੱਧ ਦੂਜੇ ਧਰਮ ਪ੍ਰਤੀ ਕੁੜੱਤਣ। ਇੰਜ ਦੂਜੇ ਧਰਮ ਵਾਲਿਆਂ ਵੱਲੋਂ ਮਾਰੀ ਨਿੱਛ ਵੀ ਕਤਲੇਆਮ ਦਾ ਕਾਰਣ ਬਣ ਜਾਂਦੀ ਹੈ ਕਿਉਂਕਿ ਮਨ ਅੰਦਰ ਭਰਿਆ ਅਤਿ ਦਾ ਗੁੱਸਾ ਸਾਹਮਣੇ ਖੜੇ ਬੰਦੇ ਨੂੰ ਸਿਵਾਏ ਦੁਸ਼ਮਨ ਦੇ ਹੋਰ ਕੁੱਝ ਸਮਝਣ ਹੀ ਨਹੀਂ ਦਿੰਦਾ।
ਇਹ ਉਦਾਹਰਣ ਕਿਤੇ ਨਹੀਂ ਮਿਲਦੀ ਕਿ ਕਿਸੇ ਕਬੂਤਰ, ਚੂਹੇ ਜਾਂ ਕਾਂ ਨੂੰ ਵੱਢ ਘੱਤਿਆ ਹੋਵੇ, ਜਦੋਂ ਉਹ ਮਸੀਤ ਵਿੱਚੋਂ ਬਹਿ ਕੇ ਮੰਦਰ ਦੀ ਹੱਦ ਵਿਚ ਪਹੁੰਚ ਗਿਆ ਹੋਵੇ। ਕੋਈ ਕੁੱਤਾ ਜਾਂ ਵੱਛਾ ਕਿਸੇ ਮੁਸਲਮਾਨ ਜਾਂ ਹਿੰਦੂ ਦੀ ਬਣਾਈ ਰੋਟੀ ਖਾਣ ਕਰਕੇ ਕਦੇ ਕਤਲ ਨਹੀਂ ਕੀਤਾ ਗਿਆ।
ਜੇ ਜਾਨਵਰ, ਪੰਛੀ, ਮੱਛੀਆਂ ਕਿਸੇ ਵੀ ਧਰਮ ਦੇ ਬੰਦੇ ਵੱਲੋਂ ਪਾਲਤੂ ਰੱਖਣ ਨਾਲ ਉਹ ਉਸੇ ਧਰਮ ਦੇ ਨਹੀਂ ਗਿਣੇ ਜਾਂਦੇ ਅਤੇ ਧਾਰਮਿਕ ਕੱਟੜਤਾ ਤਹਿਤ ਵੱਢੇ ਟੁੱਕੇ ਵੀ ਨਹੀਂ ਜਾਂਦੇ, ਤਾਂ ਭਲਾ ਕਿਉਂ ਉਹ ਮਾਸ ਦਾ ਲੋਥੜਾ ਜੋ ਕਿਸੇ ਕੁੱਖ ਵਿਚ ਦੋ ਸੈ¤ਲਾਂ ਤੋਂ ਬਣਿਆ ਅਜੇ ਮਾਂ ਦਾ ਦੁੱਧ ਵੀ ਨਹੀਂ ਚੁੰਘਿਆ ਹੁੰਦਾ, ਮਨੁੱਖ ਦੇ ਬਣਾਏ ਧਾਰਮਿਕ ਸੰਗਲਾਂ ਤਹਿਤ ਨੇਜ਼ੇ ਨਾਲ ਫੁੰਡ ਕੇ ਮਾਂ ਦੇ ਗਲੇ ਦੁਆਲੇ ਟੋਟੇ ਕਰ ਕੇ ਬੰਨ੍ਹ ਦਿੱਤਾ ਜਾਂਦਾ ਹੈ?
ਹਿੰਦੂ ਧਰਮ ਦੇ ਕਿਸੇ ਗ੍ਰੰਥ ਵਿਚ ਇਹ ਨਹੀਂ ਲਿਖਿਆ ਕਿ ਮੁਸਲਮਾਨਾਂ ਨੂੰ ਗੱਡੀਆਂ ਵਿਚ ਭਰ ਕੇ

ਫੂਕ ਦਿਓ। ਕੁਰਾਨ ਵਿਚ ਵੀ ਨਹੀਂ ਲਿਖਿਆ ਕਿ ਨਾਬਾਲਗ ਹਿੰਦੂ ਬੱਚੀਆਂ ਦਾ ਸਮੂਹਕ ਬਲਾਤਕਾਰ ਕਰ ਕੇ ਉਨ੍ਹਾਂ ਦਾ ਜਬਰੀ ਧਰਮ ਤਬਦੀਲ ਕਰ ਕੇ ਕਤਲ ਕਰੋ। ਗੀਤਾ ਜਾਂ ਮਹਾਂਭਾਰਤ ਦੇ ਸਾਰ ਵਿਚ ਕਿਤੇ ਇਹ ਨਹੀਂ ਲਿਖਿਆ ਮਿਲਦਾ ਕਿ ਸਿੱਖ ਦਿਸਦੇ ਸਾਰ ਗਲੇ ਦੁਆਲੇ ਟਾਇਰ ਪਾ ਕੇ ਸਾੜ ਦਿਓ। ਬਾਈਬਲ ਵੀ ਕਿਤੇ ਨਹੀਂ ਮੰਨਦੀ ਕਿ ਕੋਈ ਦਾੜ੍ਹੀ ਵਾਲਾ ਦਿਸੇ ਤਾਂ ਉਸ ਨਾਲ ਨਸਲੀ ਵਿਤਕਰਾ ਕਰਦੇ ਹੋਏ ਉਸ ਨੂੰ ਭੰਨ ਦਿਓ। ਗੁਰੂ ਗ੍ਰੰਥ ਸਾਹਿਬ ਵਿਚ ਤਾਂ ਸਪਸ਼ਟ ਕਰ ਦਿੱਤਾ ਹੈ ਕਿ ਹਰ ਬੰਦਾ ਉਸ ਇੱਕੋ ਰਬ ਦਾ ਘੜਿਆ ਹੋਇਆ ਹੈ। ਵੈਰ ਭਾਵ ਦੀ ਕੋਈ ਥਾਂ ਨਹੀਂ।
ਇਨਸਾਨ ਦੀ ਧਰਮ ਦੇ ਨਾਂ ਉ¤ਤੇ ਚਲਾਈ ਦੋਗਲੇਪਨ ਦੀ ਨੀਤੀ ਦੀ ਹਦ ਵੇਖੋ। ਜਦੋਂ ਕਿਸੇ ਕੱਟੜ ਧਾਰਮਿਕ ਬੰਦੇ ਨੇ ਆਪਣੀ ਜਾਨ ਬਚਾਉਣੀ ਹੋਵੇ ਤਾਂ ਨਜ਼ਾਰਾ ਕੁੱਝ ਵੱਖ ਹੋ ਜਾਂਦਾ ਹੈ। ਭਾਵੇਂ ਕਿਸੇ ਵੀ ਧਰਮ ਦਾ ਬੰਦਾ ਫੱਟੜ ਹੋ ਕੇ ਹਸਪਤਾਲ ਪਹੁੰਚਿਆ ਹੋਵੇ, ਅੱਜ ਤਾਈਂ ਕਿਸੇ ਨੇ ਲਹੂ ਚੜ੍ਹਵਾਉਣ ਵੇਲੇ ਇਹ ਨਹੀਂ ਪੁੱਛਿਆ ਕਿ ਉਸ ਨੂੰ ਹਿੰਦੂ, ਮੁਸਲਿਮ, ਸਿੱਖ ਜਾਂ ਈਸਾਈ ਧਰਮ ਦੇ ਬੰਦਿਆਂ ਵਿੱਚੋਂ ਕਿਸ ਦਾ ਦਾਨ ਦਿੱਤਾ ਲਹੂ ਚੜ੍ਹਾਇਆ ਜਾ ਰਿਹਾ ਹੈ? ਡੇਂਗੂ ਦੇ ਡੰਗ ਦੇ ਮਾਰੇ ਲੋਕ ਵੀ ਪਲੇਟਲੈਟ ਸੈ¤ਲ ਚੜ੍ਹਾਉਣ ਵੇਲੇ ਉ¤ਕਾ ਨਹੀਂ ਕੁਸਕਦੇ ਕਿ ਕਿਹੜੇ ਜਾਤ-ਪਾਤ ਜਾਂ ਧਰਮ ਦੇ ਬੰਦੇ ਦਾ ਲਹੂ ਵਰਤਿਆ ਜਾ ਰਿਹਾ ਹੈ! ਸਭ ਜਾਣਦੇ ਹਨ ਕਿ ਧਰਮ ਦੇ ਅਨੁਸਾਰ ਕੁਦਰਤ ਨੇ ਲਹੂ ਦੀ ਬਣਤਰ ਵੱਖ ਨਹੀਂ ਕੀਤੀ। ਸਭ ਮਨੁੱਖ ਇੱਕੋ ਜਿਹੇ ਘੜੇ ਹਨ। ਇਹ ਸਾਬਤ ਹੋ ਜਾਂਦਾ ਹੈ ਕਿ ਮਨ ਅੰਦਰਲੀਆਂ ਵੰਡੀਆਂ ਮਨੁੱਖ ਦੀ ਹੀ ਦੇਣ ਹਨ ਜੋ ਨਫ਼ੇ ਨੁਕਸਾਨ ਅਨੁਸਾਰ ਆਪੋ ਆਪਣੇ ਨਵੇਂ ਰੂਲ ਘੜ੍ਹ ਲੈਂਦੇ ਹਨ ਤੇ ਧਰਮ ਨੂੰ ਹੋਰ ਕੱਟੜ ਬਣਾ ਦਿੰਦੇ ਹਨ।
ਹੁਣ ਅੰਗ ਦਾਨ ਦੀ ਗੱਲ ਨੂੰ ਹੀ ਲਵੋ। ਇਕ ਸਿੱਖ ਡਾਕਟਰ ਬੱਚੀ ਦੀ ਅਚਾਨਕ ਮੌਤ ਕਾਰਨ ਉਸ ਦੇ 13 ਅੰਗ ਮਾਪਿਆਂ ਵੱਲੋਂ ਦਾਨ ਦਿੱਤੇ ਗਏ ਜਿਨ੍ਹਾਂ ਵਿਚ ਅੱਖਾਂ, ਜਿਗਰ, ਗੁਰਦੇ, ਚਮੜੀ ਆਦਿ ਸਭ ਸ਼ਾਮਲ ਸਨ। ਦਾਨ ਕੀਤੇ ਅੰਗਾਂ ਨੂੰ ਲੈਣ ਵਾਲਿਆਂ ਵਿਚ ਹਿੰਦੂ, ਮੁਸਲਮਾਨ ਤੇ ਈਸਾਈ ਮਰੀਜ਼ ਸ਼ਾਮਲ ਸਨ। ਕਿਸੇ ਇਕ ਨੇ ਇਹ ਨਹੀਂ ਕਿਹਾ ਕਿ ਕਿਸੇ ਹੋਰ ਧਰਮ ਦੇ ਨਾਲ ਸੰਬੰਧਤ ਬੰਦੇ ਦੇ ਅੰਗ ਅਸੀਂ ਆਪਣੇ ਸਰੀਰ ਅੰਦਰ ਨਹੀਂ ਪੁਆਉਣੇ। ਸੈਂਕੜੇ ਲੋਕ ਆਪਣੀਆਂ ਅੱਖਾਂ ਦੀ ਰੌਸ਼ਨੀ ਲਈ ਮਰ ਚੁੱਕੇ ਬੰਦਿਆਂ ਦੀਆਂ ਅੱਖਾਂ ਲੁਆ ਰਹੇ ਹਨ। ਅੱਜ ਤਕ ਕੋਈ ਧਰਮ ਦੇ ਨਾਂ ’ਤੇ ਅੰਨ੍ਹਾ ਰਹਿਣ ਨੂੰ ਤਿਆਰ ਨਹੀਂ ਹੋਇਆ। ਉਦੋਂ ਧਰਮ ਕਿਤੇ ਪਾਸੇ ਵੱਲ ਧੱਕ ਦਿੱਤਾ ਜਾਂਦਾ ਹੈ! ਜਦੋਂ ਧਰਮ ਦਾ ਇਨਸਾਨੀਅਤ ਉ¤ਤੇ ਮਾੜਾ ਅਸਰ ਪੈਂਦਾ ਵੇਖ ਕੋਈ ਕਲਮ ਵਿਰੋਧ ਕਰਦੀ ਹੋਈ ਲੋਕ ਹਿਤ ਬਿਆਨ ਕਰਨ ਦੀ ਕੋਸ਼ਿਸ਼ ਕਰੇ ਤਾਂ ਝਟ ਗੋਲੀ ਮਾਰ ਉਸ ਨੂੰ ਠੰਡਾ ਕਰ ਦਿੱਤਾ ਜਾਂਦਾ ਹੈ! ਆਖ਼ਰ ਧਰਮ ਦੇ ਨਾਂ ਉ¤ਤੇ ਕੌਣ ਰੋਟੀਆਂ ਸੇਕ ਰਿਹੈ। ਕੀ ਏਨੀ ਕੁ ਗੱਲ ਆਮ ਆਦਮੀ ਦੇ ਸਮਝ ਨਹੀਂ ਆਉਂਦੀ ਕਿ ਕੌਣ ਧਰਮ ਵਿੱਚੋਂ ਫਾਇਦਾ ਲੈਣ ਲਈ ਅਤੇ ਲੋਕਾਂ ਦਾ ਧਿਆਨ ਵੰਡਾਉਣ ਲਈ ਇਸ ਦੀ ਗ਼ਲਤ ਵਰਤੋਂ ਕਰਦੈ ਤੇ ਉਕਸਾਹਟ ਵਿਚ ਹਮੇਸ਼ਾ ਬੇਕਸੂਰ ਲੋਕ ਹੀ ਕਿਉਂ ਮਾਰੇ ਜਾਂਦੇ ਹਨ?

ਧਰਮ ਨਾ ਕੱਟੜਤਾ ਸਿਖਾਉਂਦਾ ਹੈ ਨਾ ਵੈਰ ਭਾਵ। ਕੁਦਰਤ ਨੇ ਬੜੇ ਪਿਆਰੇ ਤਰੀਕੇ ਇਹ ਸਮਝਾਇਆ ਹੈ ਕਿ ਜੇ ਗੁਲਾਬ ਮੁਸਲਮਾਨ ਦੇ ਘਰ ਖਿੜੇ ਤਾਂ ਵੀ ਗੁਲਾਬ ਹੀ ਕਹਾਇਆ ਜਾਏਗਾ! ਹਿੰਦੂ, ਈਸਾਈ ਜਾਂ ਸਿੱਖ ਦੇ ਘਰ ਵੀ ਉਸੇ ਤਰ੍ਹਾਂ ਦੀ ਖੁਸ਼ਬੂ ਖਿਲਾਰੇਗਾ ਤੇ ਨਾਂ ਵੀ ਗੁਲਾਬ ਹੀ ਰਹੇਗਾ। ਮਧੁਰ ਗੀਤ, ਸੰਗੀਤ ਦੀਆਂ ਧੁਨਾਂ ਉ¤ਤੇ ਹਰ ਧਰਮ ਦਾ ਬੰਦਾ ਇੱਕੋ ਤਰ੍ਹਾਂ ਝੂਮ ਉ¤ਠੇਗਾ ਅਤੇ ਕਿਸੇ ਵੀ ਬੱਚੇ ਦੀ ਚੀਕ ਪਿੱਠ ਪਿੱਛੇ ਸੁਣਨ ਉ¤ਤੇ ਹਰ ਧਰਮ ਦਾ ਮਾਂ ਜਾਂ ਪਿਓ ਝੱਟ ਪਿਛਾਂਹ ਮੁੜ ਕੇ ਝਾਕੇਗਾ। ਇਸਤੋਂ ਅਗਾਂਹ ਕਿਉਂ ਕੁੱਝ ਵੱਖ ਹੋ ਜਾਂਦਾ ਹੈ? ਮਨ ਅੰਦਰ ਪਏ ਧਰਮ ਦੇ ਸੰਗਲ ਕਿਸੇ ਹੋਰ ਧਰਮ ਦੇ ਬੱਚੇ ਜਾਂ ਔਰਤ ਉ¤ਤੇ ਹੋ ਰਹੇ ਤਸ਼ੱਦਦ ਨੂੰ ਵੇਖ ਕੇ ਮਦਦ ਕਰਨ ਤੋਂ ਕਿਉਂ ਇਨਕਾਰੀ ਹੋ ਜਾਂਦੇ ਹਨ?
ਇਹ ਸੋਚ ਦਰਅਸਲ ਥੁੜ ਚਿਰੀ ਨਹੀਂ ਹੁੰਦੀ। ਇਸ ਦਾ ਅਸਰ ਅਗਲੀ ਨਸਲ ਉੱਤੇ ਹੋਰ ਵੀ ਡੂੰਘਾ ਹੁੰਦਾ ਜਾਂਦਾ ਹੈ। ਉਨ੍ਹਾਂ ਦਾ ਬਣਦਾ ਸਾਫ਼ ਸਲੇਟ ਵਰਗਾ ਦਿਮਾਗ਼ ਇਹ ਗੱਲ ਪੱਕੀ ਛਾਪ ਵਾਂਗ ਸਾਂਭ ਲੈਂਦਾ ਹੈ ਕਿ ਦੂਜੇ ਧਰਮ ਦੇ ਲੋਕ ਇਸ ਧਰਤੀ ਉ¤ਤੇ ਜੇ ਵਿਚਰ ਰਹੇ ਹਨ ਤਾਂ ਭਾਰੀ ਗੁਨਾਹ ਹੈ ਤੇ ਇਸ ਗੁਨਾਹ ਨੂੰ ਬਖਸ਼ਵਾਉਣ ਤਾ ਤਰੀਕਾ ਇੱਕੋ ਹੈ- ਜਦੋਂ ਮੌਕਾ ਮਿਲੇ ਢਾਅ ਲਵੋ, ਮਾਰ ਘੱਤੋ। ਇਸ ਮਾਰੂ ਸੋਚ ਤਹਿਤ ਔਰਤਾਂ ਤੇ ਬੱਚੇ ਵੱਧ ਸ਼ਿਕਾਰ ਬਣਦੇ ਹਨ।
ਜਦੋਂ ਵੀ ਦੁਨੀਆ ਦੇ ਕਿਸੇ ਕੋਨੇ ਵਿੱਚੋਂ ਪਾਖੰਡ ਦੇ ਵਿਰੋਧ ਵਿਚ ਕਿਸੇ ਨੇ ਧਰਮ ਦੀ ਗ਼ਲਤ ਵਰਤੋਂ ਕੀਤੇ ਜਾਣ ਬਾਰੇ ਲੋਕਾਂ ਨੂੰ ਜਗਾਉਣ ਕੀ ਕੋਸ਼ਿਸ਼ ਕੀਤੀ ਹੈ, ਉਦੋਂ ਹੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਕੇ, ਭੜਕਾਊ ਮਾਹੌਲ ਪੈਦਾ ਕਰਕੇ, ਅਜਿਹੇ ਬੰਦੇ ਨੂੰ ਪਾਰ ਬੁਲਾ ਦਿੱਤਾ ਜਾਂਦਾ ਹੈ ਤਾਂ ਜੋ ਲੋਕ ਅੱਖਾਂ ਤੇ ਦਿਮਾਗ਼ ਬੰਦ ਕਰ ਕੇ ਧਾਰਮਿਕ ਆਗੂਆਂ ਅਨੁਸਾਰ ਗੋਡੇ ਟੇਕਦੇ ਰਹਿਣ ਅਤੇ ਆਪਣੇ ਹੱਕਾਂ ਬਾਰੇ ਜਾਗਰੂਕ ਨਾ ਹੋਣ।
ਮਨੁੱਖ ਜਾਤੀ ਦੇ ਉੱਤੇ ਧਾਰਮਿਕ ਕੱਟੜਤਾ ਮਾਰੂ ਅਸਰ ਪਾਉਣ ਵਾਲੀ ਹੈ ਕਿਉਂਕਿ ਹੁਣ ਹਿੰਸਾ ਸਿਰਫ਼ ਕਿਰਪਾਨਾਂ, ਬੰਦੂਕਾਂ ਤਕ ਸੀਮਤ ਨਹੀਂ ਰਹੀ ਬਲਕਿ ਨਿਊਕਲੀਅਰ ਔਜ਼ਾਰ ਹੋਂਦ ਵਿਚ ਆ ਚੁੱਕੇ ਹਨ। ਇਸੇ ਲਈ ਵੇਲੇ ਸਿਰ ਸੰਭਲਣ ਦੀ ਲੋੜ ਹੈ। ਪਿਆਰ ਅਤੇ ਮਿਲਵਰਤਣ ਨਾਲ ਸਦੀਆਂ ਤੋਂ ਤੁਰੀ ਆਉਂਦੀ ਮਨ ਅੰਦਰਲੀ ਕੌੜ ਘਟਾਈ ਜਾ ਸਕਦੀ ਹੈ। ਹਰ ਧਰਮ ਦੇ ਵੱਖੋ-ਵੱਖਰੇ ਤਿਉਹਾਰਾਂ ਨੂੰ ਇਕੱਠੇ ਰਲ ਕੇ ਮਨਾਉਣ ਨਾਲ ਖ਼ੁਸ਼ੀ ਦੁਗਣੀ ਹੋ ਸਕਦੀ ਹੈ।
ਅੰਤ ਵਿਚ ਸਿਰਫ਼ ਏਨਾ ਯਾਦ ਕਰਵਾ ਦਿਆਂ ਕਿ ਮਨੁੱਖ ਬਚੇਗਾ ਤਾਂ ਹੀ ਧਰਮ ਬਚੇਗਾ। ਜੇ ਮਨੁੱਖ ਹੀ ਨਾ ਰਿਹਾ ਤਾਂ ਧਰਮ ਨੂੰ ਅਗਾਂਹ ਤੋਰਨ ਵਾਲਾ ਕੌਣ ਹੋਵੇਗਾ? ਸੋ ਧਾਰਮਿਕ ਕੱਟੜਤਾ ਵਿਚ ਢਿੱਲ ਦੇ ਕੇ ਇਨਸਾਨੀਅਤ ਦਾ ਪਸਾਰਾ ਕਰ ਕੇ ਵੇਖੀਏ, ਜੰਨਤ ਇਸੇ ਧਰਤੀ ਉੱਤੇ ਦਿਸਣ ਲੱਗ ਪਵੇਗੀ!

This entry was posted in ਲੇਖ.

One Response to ਧਾਰਮਿਕ ਕੱਟੜਤਾ ਅਤੇ ਮਨੁੱਖ

  1. ਤਜਿੰਦਰ ਸਿੰਘ says:

    ਤੁਹਾਡੇ ਪੂਰੇ ਲੇਖ ਦੇ ਨਾਲ ਮੈ ਸਹਿਮਤ ਹਾਂ ।ਇਹ ਸਹੀ ਗਲ ਹੈ ਕਿ ਧਰਮ ਦੇ ਨਾਂ ਸਿਆਸੀ ਬਿਰਤੀ ਦੇ ਲੋਕ ਆਪਣੇ ਵਿਰੋਧੀਆਂ ਦੀ ਕਤਲੋਗਾਰਤ ਕਰਦੇ ਹਨ। ਅਤੇ ਮੂਰਖ ਲੋਕਾਂ ਦਾ ਵਧ ਤੋਂ ਵਧ ਸਿਆਸੀ ਲਾਹਾ ਲੈਂਦੇ ਹਨ।
    ਮੈਂ ਸੋਚਦਾ ਜੇਕਰ ਮੰਦਰ, ਗੁਰਦੁਆਰਾ, ਮਸਜਿਦਾਂ ਚ’ ਚੜਾਵਾ ਚੜਣਾ ਬੰਦ ਹੋ ਜਾਵੇ ਤਾਂ ਧਰਮ ਦੇ ਨਾਂ ਤੇ ਹੁੰਦੇ ਦਕਗੇ ਫਸਾਦ ਆਪਣੇ ਆਪ ਬੰਦ ਹੋ ਜਾਣਗੇ ।ਇਹ ਸਾਰੀ ਲੜਾਈ ਹੀ ਗੋਲਕਾਂ ਦੀ ਹੈ।ਪੜਿਆ ਲਿਖਿਆ ਸਮਾਜ ਹੋਣ ਦੇ ਨਾਲ ਨਾਲ ਅਜ ਲੋੜ ਲੋਕਾਂ ਨੂੰ ਜਾਗਰੂਕ ਕਰਨ ਦੀ ਕਿ ਉਹ ਧਾਰਮਿਕ ਅਸਥਾਨਾਂ ਚੜਾਵਾ ਜਾਂ ਪੈਸਾ ਚੜਾਉਣਾ ਬੰਦ ਕਰਨ ਪੁੰਨ ਦਾਨ ਕਰਨ ਦੇ ਹੋਰ ਬਹੁਤ ਤਰੀਕੇ ਹਨ। ਚਲਦਾ ।

Leave a Reply to ਤਜਿੰਦਰ ਸਿੰਘ Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>