ਲਾਸ ਏਂਜਲਸ – ਕੈਲੇਫੋਰਨੀਆਂ ਦੇ ਸੈਨ ਬਰਨਰਡੀਨੋ ਵਿੱਚ ਇੱਕ ਸੋਸ਼ਲ ਸਰਵਿਸ ਸੈਂਟਰ ਵਿੱਚ ਅੱਜ ਹੋਈ ਗੋਲੀਬਾਰੀ ਦੌਰਾਨ ਘੱਟ ਤੋਂ ਘੱਟ 14 ਲੋਕ ਮਾਰੇ ਗਏ ਹਨ ਅਤੇ 20 ਦੇ ਕਰੀਬ ਜਖਮੀ ਹੋਏ ਹਨ। ਹਮਲਾਵਰਾਂ ਦੀ ਸੰਖਿਆ ਇੱਕ ਤੋਂ ਵੱਧ ਵੀ ਹੋ ਸਕਦੀ ਹੈ।
ਫਾਇਰ ਵਿਭਾਗ ਅਨੁਸਾਰ ਇੱਕ ਹਮਲਾਵਰ ਅਜੇ ਵੀ ਘਟਨਾਸਥੱਲ ਤੇ ਮੌਜੂਦ ਹੈ ਅਤੇ ਉਸ ਨੇ ਸੈਨਾ ਦੀ ਵਰਦੀ ਪਹਿਨੀ ਹੋਈ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਉਸ ਕੋਲ ਵਿਨਾਸ਼ਕਾਰੀ ਹੱਥਿਆਰ ਹਨ। ਫਾਇਰ ਵਿਭਾਗ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ, ‘ਐਸਬੀਐਫਡੀ ਯੁਨਿਟ ਐਸ ਵਾਟਰਮੈਨ ਵਿੱਚ ਗੋਲੀਬਾਰੀ ਵਿੱਚ ਕੁਝ ਲੋਕਾਂ ਦੇ ਮਾਰ ਜਾਣ ਅਤੇ 20 ਦੇ ਕਰੀਬ ਲੋਕਾਂ ਦੇ ਜਖਮੀ ਹੋਣ ਦੇ ਹਾਦਸੇ ਦੇ ਜਵਾਬ ਵਿੱਚ ਕਾਰਵਾਈ ਕਰ ਰਹੀ ਹੈ।ਐਸਬੀਪੀਡੀ ਘਟਨਾ ਸਥਾਨ ਤੇ ਮੌਜੂਦ ਹੈ।’ ਇਸ ਸ਼ਹਿਰ ਦੀ ਆਬਾਦੀ 2.14 ਲੱਖ ਦੇ ਕਰੀਬ ਹੈ।
ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਜਿੰਨ੍ਹਾਂ ਦੀ ਸੰਖਿਆ ਇੱਕ ਤੋਂ ਤਿੰਨ ਹੋ ਸਕਦੀ ਹੈ। ਪੁਲਿਸ ਦੁਆਰਾ ਇੱਕ ਸ਼ੱਕੀ ਹਮਲਾਵਰ ਨੂੰ ਮਾਰ ਦਿੱਤਾ ਗਿਆ ਹੈ। ਅਜੇ ਇਸ ਹਮਲੇ ਦੇ ਸਬੰਧ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਹਮਲਾ ਅੱਤਵਾਦੀਆਂ ਦੁਆਰਾ ਕੀਆ ਗਿਆ ਹੈ ਜਾਂ ਨਹੀਂ।
ਵਾਈਟ ਹਾਊਸ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਇਸ ਘਟਨਾ ਦੀ ਜਾਣਕਾਰੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਹੈ ਕਿ ਉਹ ਘਟਨਾ ਵਾਲੇ ਸਥਾਨ ਤੇ ਨਾਂ ਜਾਣ।