ਸੁਰਜੀਤ ਦੀ ਸਹੇਲੀ ਵਿਦਿਆ ਨਾਲ ਦੇ ਪਿੰਡ ਹੀ ਵਿਆਹੀ ਹੋਈ ਸੀ। ਕਦੀ ਕਦੀ ਮਿਲਣ ਆ ਜਾਂਦੀ ਸੀ। ਹੁਣ ਉਸ ਨੂੰ ਆਇਆਂ ਕਾਫ਼ੀ ਦੇਰ ਹੋਣ ਕਾਰਨ ਸੁਰਜੀਤ ਦਾ ਦਿਲ ਉਸ ਨੂੰ ਮਿਲਣ ਲਈ ਕਰਦਾ। ਪਰ ਸੁਰਜੀਤ ਨੂੰ ਪਤਾ ਨਹੀ ਸੀ ਲੱਗ ਰਿਹਾ ਕਿ ਉਹ ਆਪਣੀ ਸੱਸ ਅਤੇ ਆਪਣੇ ਪਤੀ ਤੋਂ ਕਿਸ ਤਰ੍ਹਾਂ ਇਜਾਜ਼ਤ ਲਏ। ਵੈਸੇ ਵੀ ਸੱਸ ਉਸ ਨੂੰ ਬਾਹਰ ਨਾ ਆਉਣ ਦਿੰਦੀ। ਭਾਵੇਂ ਸੁਰਜੀਤ ਨੂੰ ਬਾਹਰਲੇ ਕੰਮ ਨਹੀ ਸੀ ਕਰਨੇਂ ਪੈਂਦੇ। ਪਰ ਫਿਰ ਵੀ ਤੜਕੇ ਦੀ ਉੱਠੀ ਨੂੰ ਕਿਤੇ ਮਸੀਂ ਰਾਤ ਦਸ ਵਜੇ ਬਿਸਤਰਾ ਨਸੀਬ ਹੁੰਦਾ। ਹਰਨਾਮ ਕੌਰ ਦਾ ਕੰਮ ਹੁਣ ਮੱਝਾਂ ਚੋਣ ਦਾ ਅਤੇ ਖੇਤਾਂ ਵਿਚ ਰੋਟੀ ਲੈ ਕੇ ਜਾਣ ਦਾ ਹੀ ਸੀ ਪਰ ਜ਼ਿੰਮੀਦਾਰਾਂ ਦੇ ਘਰਾਂ ਵਿਚ ਕੰਮ ਹੀ ਮੱਤ ਮਾਰੀ ਰੱਖਦੇ ਹਨ। ਉਸ ਦਿਨ ਵੀ ਨਹਿਰ ਵਾਲੀ ਜ਼ਮੀਨ ਦੇ ਆਲੂ ਪੁੱਟਦੇ ਦਿਹਾੜੀਦਾਰਾਂ ਨੂੰ ਤਿੰਨ ਵਾਰੀ ਚਾਹ ਬਣਾ ਕੇ ਭੇਜਣੀ ਪੈਣੀ ਸੀ। ਇਸ ਲਈ ਕੰਮ ਧੰਦੇ ਦਾ ਸੋਚਦੀ ਸੁਰਜੀਤ ਆਪਣੀ ਸਹੇਲੀ ਨੂੰ ਮਿਲਣ ਵਾਲੀ ਚਾਹਤ ਕਰਦੀ। ਸੁਰਜੀਤ ਆਪਣੀਆਂ ਜ਼ਿੰਮੇਵਾਰੀਆਂ ਸਮੇਟਦੀ ਹੋਈ ਏਨੀ ਰੁੱਝੀ ਰਹਿੰਦੀ ਕਿ ਉਸ ਨੂੰ ਆਂਢ-ਗੁਆਂਢ ਨਾਲ ਬੋਲਣ ਦਾ ਵਿਹਲ ਨਾ ਮਿਲਦਾ। ਉਹ ਆਪਣੀ ਮਾੜੀ ਮੋਟੀ ਸਾਂਝ ਦਾਰੋ ਦੀ ਛੋਟੀ ਕੁੜੀ ਕੁੰਤੀ ਨਾਲ ਹੀ ਰੱਖਦੀ। ਜਦੋਂ ਕਦੀ ਕੁੰਤੀ ਗੋਹਾ ਸੁੱਟਣ ਆਉਂਦੀ ਤਾਂ ਸੁਰਜੀਤ ਨੂੰ ਪਿੰਡ ਦੀ ਸਾਰੀ ਖ਼ਬਰ ਦੇ ਜਾਂਦੀ ਅਤੇ ਕਈ ਵਾਰੀ ਸੁਰਜੀਤ ਨਾਲ ਭਾਂਡੇ ਮੰਜਾਉਣ ਅਤੇ ਕੱਪੜੇ ਧੋਣ ਦਾ ਵੀ ਕੰਮ ਕਰਵਾ ਜਾਂਦੀ। ਹਰਨਾਮ ਕੌਰ ਤਾਂ ਕੁੰਤੀ ਨੂੰ ਰਸੋਈ ਵਿਚ ਵਾੜਨ ਦੇ ਹੱਕ ਵਿਚ ਨਹੀਂ ਸੀ। ਪਰ ਸੁਰਜੀਤ ਕੁੰਤੀ ਨੂੰ ਆਮ ਇਨਸਾਨ ਸਮਝਦੀ ਹੋਈ ਘਰਦਿਆਂ ਤੋਂ ਚੋਰੀ ਉਸ ਕੋਲੋਂ ਰੋਟੀਆਂ ਵੀ ਪਕਵਾ ਲੈਂਦੀ। ਉਸ ਦੇ ਖਿਆਲ ਅਨੁਸਾਰ ਇਹ ਜਾਤਾਂ-ਪਾਤਾਂ ਉੱਚੇ ਵਰਗ ਦੇ ਲੋਕਾਂ ਨੇ ਆਪਣੇ ਮਤਲਬ ਲਈ ਪਾਈਆਂ ਹੋਣਗੀਆਂ। ਆਪਣਾ ਇਹ ਖਿਆਲ ਉਸ ਦਿਨ ਜਾਹਰ ਕੀਤਾ ਜਿਸ ਦਿਨ ਹਰਨਾਮ ਕੌਰ ਕੁੰਤੀ ਦੇ ਰੋਟੀ ਪਕਾਉਂਦਿਆ ਉਪਰ ਹੀ ਆ ਗਈ ਅਤੇ ਜਾਣਦਿਆਂ ਹੋਇਆਂ ਵੀ ਕੁੰਤੀ ਤੋਂ ਪੁੱਛਣ ਲੱਗੀ,
“ਤੈਨੂੰ ਰੋਟੀਆਂ ਪਕਾਉਂਣ ਕਿਨੇ ਲਾਇਆ?”
“ਬੀਬੀ, ਤੇਰੀ ਛੋਟੀ ਪੋਤੀ ਮੰਜੇ ਤੋਂ ਡਿਗਣ ਕਰਕੇ ਇਕੋ ਸਾਹੇ ਚਲੀ ਗਈ। ਭਾਬੀ ਰੋਟੀਆਂ ਵਿਚ ਛੱਡ ਕੇ ਕੁੜੀ ਨੂੰ ਚੁੱਕਣ ਲਈ ਦੌੜੀ। ਸੜਦੀਆਂ ਰੋਟੀਆਂ ਦੇਖ ਮੈਂ ਥੱਲਣ ਲੱਗ ਪਈ।” ਸਹਿਮੀ ਜਿਹੀ ਕੁੰਤੀ ਨੇ ਜਵਾਬ ਦਿੱਤਾ।
“ਖਸਮਾ ਨੂੰ ਖਾਣੀ ਮੰਜੇ ਤੋਂ ਡਿਗ ਕੇ ਮਰ ਤਾਂ ਨਹੀਂ ਸੀ ਚਲੀ, ਜਿਹੜੀ ਤੂੰ ਰੋਟੀਆਂ ਛੱਡ ਕੇ ਦੌੜੀ ਗਈ।” ਹਰਨਾਮ ਕੌਰ ਨੇ ਆਪਣਾ ਗੁੱਸਾ ਸੁਰਜੀਤ ਉੱਪਰ ਲਾਹਿਆ ਅਤੇ ਬੁੜ ਬੁੜ ਕਰਦੀ ਨੇ ਕੁੰਤੀ ਦੇ ਸਾਹਮਣੇ ਸਾਰੀਆਂ ਰੋਟੀਆਂ ਆਟੇ ਸਮੇਤ ਚੁੱਕ ਕੇ ਵੰਡ ਵਾਲੇ ਭਾਂਡੇ ਵਿਚ ਸੁੱਟ ਦਿੱਤੀਆਂ।
ਸੁਰਜੀਤ ਦਾ ਦਿਲ ਤਾਂ ਕਰਦਾ ਸੀ ਕਿ ਹਰਨਾਮ ਕੌਰ ਨੂੰ ਦੱਸੇ ਕਿ ਪੁੱਤ ਦੇ ਤਾਂ ਕੰਮੀਆਂ ਦੀਆਂ ਕੁੜੀਆਂ ਨਾਲ ਯਰਾਨੇ ਹਨ ਅਤੇ ਤੇਰੇ ਤੋਂ ਰੋਟੀਆਂ ਨੂੰ ਹੱਥ ਲਾਇਆ ਵੀ ਜਰਿਆ ਨਾ ਗਿਆ। ਹਮੇਸ਼ਾ ਦੀ ਤਰ੍ਹਾਂ ਸੁਰਜੀਤ ਨੇ ਇਹ ਗੱਲ ਆਪਣੀ ਜ਼ੁਬਾਨ ਉਪਰ ਆਉਣ ਤੋਂ ਰੋਕ ਲਈ। ਫਿਰ ਵੀ ਉਸ ਨੇ ਆਹਿਸਤਾ ਜਿਹੇ ਕਿਹਾ, “ਬੀਬੀ, ਕੁੰਤੀ ਵਿਚਾਰੀ ਵੀ ਆਪਣੇ ਵਰਗੀ ਹੀ ਹੈ, ਇਹਨਾਂ ਦੇ ਘਰ ਤਾਂ ਕੋਈ ਤਮਾਕੂ ਵੀ ਨਹੀ ਵਰਤਦਾ।”
“ਆਪਣੇ ਪੇਕਿਆਂ ਵਾਲੇ ਰਿਵਾਜ਼ ਛੱਡ ਦੇਹ ਚੂਹੜੇ ਚਮਾਰਾਂ ਨੂੰ ਸਿਰ ਉੱਪਰ ਚੜ੍ਹਾ ਕੇ ਰੱਖਣ ਦਾ।”
ਕੁੰਤੀ ਇਹ ਸਭ ਕੁਝ ਦੇਖ ਕੇ ਵੀ ਅਣਡਿੱਠਾ ਕਰਦੀ ਹੋਈ ਬੋਲੀ। “ਤੁਸੀਂ ਮੇਰੀ ਖਾਤਰ ਲੜਾਈ ਨਾ ਕਰੋ। ਮੈਂ ਅੱਗੇ ਤੋਂ ਤੁਹਾਡੀ ਰਸੋਈ ਵਿਚ ਵੀ ਨਹੀਂ ਵੜਦੀ।”
ਫਿਰ ਵੀ ਜਦੋਂ ਹਰਨਾਮ ਕੌਰ ਘਰ ਨਾਂ ਹੁੰਦੀ ਸੁਰਜੀਤ ਰਸੋਈ ਦੇ ਸਾਰੇ ਕੰਮ ਕੁੰਤੀ ਕੋਲੋਂ ਕਰਵਾ ਲੈਂਦੀ। ਕੁੰਤੀ ਦਾ ਰੂਪ ਢੰਗ ਵੀ ਜ਼ਿਮੀਦਾਰਾਂ ਦੀਆ ਕੁੜੀਆਂ ਨਾਲੋ ਘੱਟ ਨਹੀਂ ਸੀ। ਜਿਸ ਦਿਨ ਉਹ ਸੁਰਜੀਤ ਦਾ ਦਿੱਤਾ ਹੋਇਆ ਕੋਈ ਪੁਰਾਣਾ ਸੂਟ ਪਾ ਲੈਂਦੀ ਤਾਂ ਜ਼ਿਮੀਦਾਰਾਂ ਦੇ ਕਈ ਵਿਗੜੇ ਮੁੰਡੇ ਉਸ ਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਦੇਖਦੇ। ਪਰ ਕੁੰਤੀ ਸਿਆਣਪ ਨਾਲ ਅਪਣੀ ਇੱਜ਼ਤ ਸਾਂਭ ਕੇ ਰੱਖਦੀ। ਮੁਖਤਿਆਰ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਕੁੰਤੀ ਨੂੰ ਨਾ ਪੱਠਿਆਂ ਦਾ ਲਾਲਚ ਹੈ ਅਤੇ ਨਾ ਹੀ ਕਿਸੇ ਹੋਰ ਚੀਜ਼ ਦਾ। ਇਸ ਕਰਕੇ ਮੁਖਤਿਆਰ ਵੀ ਕੁੰਤੀ ਵੱਲ ਇੱਜ਼ਤ ਦੀ ਨਜ਼ਰ ਨਾਲ ਹੀ ਦੇਖਦਾ ਸੀ।
ਵੈਸੇ ਵੀ ਕੁੰਤੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਤੇਜ਼ ਸੀ। ਦੱਸਵੀਂ ਤੋਂ ਬਾਅਦ ਉਸ ਨੂੰ ਜੇ.ਬੀ.ਟੀ. ਦੇ ਕੋਰਸ ਵਿਚ ਦਾਖਲਾ ਮਿਲ ਗਿਆ ਸੀ। ਪਰ ਕੋਰਸ ਕਰਨ ਲਈ ਉਸ ਨੂੰ ਪੈਸੇ ਵੀ ਚਾਹੀਦੇ ਸੀ ਜਿਸ ਦਾ ਇੰਤਜਾਮ ਕਰਨ ਲਈ ਸੁਰਜੀਤ ਨੇ ਜ਼ਿੰਮੇਵਾਰੀ ਲਈ। ਥੋੜੇ ਬਹੁਤੇ ਪੈਸੇ ਤਾਂ ਸੁਰਜੀਤ ਨੇ ਚੋਰੀ ਲੁਕਾ ਕੇ ਰੱਖੇ ਹੋਏ ਸਨ, ਬਾਕੀ ਉਸ ਨੇ ਹਰਨਾਮ ਕੌਰ ਦਾ ਤਰਲਾ ਪਾਇਆ, “ਬੀਬੀ, ਜੋ ਆਲੂ ਵੇਚਿਆਂ ਦੇ ਪੈਸੇ ਆਏ ਹਨ, ਉਹਨਾਂ ਵਿਚੋਂ ਮੈਨੂੰ ਵੀ ਚਾਹੀਦੇ ਹਨ।”
“ਕੁੜੇ, ਤੂੰ ਪੇਕਿਆਂ ਨੂੰ ਭੇਜਣੇ ਨੇਂ, ਤੈਨੂੰ ਕੀ ਲੋੜ ਪੈ ਗਈ?” ਹਰਨਾਮ ਕੌਰ ਨੇ ਹੈਰਾਨ ਹੋਈ ਨੇ ਪੁੱਛਿਆ।
“ਰਾਜ਼ੀ ਰਹਿਣ ਮੇਰੇ ਭਰਾ, ਪੇਕਿਆਂ ਲਈ ਪੈਸੇ ਕਮਾਉਣ ਵਾਲੇ। ਕੁੰਤੀ ਨੇ ਕੋਈ ਪੜ੍ਹਾਈ ਕਰਨੀ ਹੈ, ਮੈਂ ਤਾਂ ਵਿਚਾਰੀ ਗਰੀਬਣੀ ਦੀ ਕੋਈ ਮੱਦਦ ਕਰਨਾ ਚਾਹੁੰਦੀ ਸੀ।”
“ਇਹ ਲੋਕੀ ਤਾਂ ਅੱਗੇ ਹੀ ਮਾਨ ਨਹੀਂ, ਪੜ੍ਹ ਕੇ ਤਾਂ ਸਾਡੇ ਸਿਰਾਂ ਉੱਪਰ ਹੀ ਮੂਤਣਗੇ। ਨਾ ਤੈਨੂੰ ਕੁੜੀਆਂ ਦਾ ਸਰਾਗਾ ਨਹੀਂ ਦਿਸਦਾ, ਇਹ ਕਿਵੇਂ ਨਿਜਿਠਣੀਆਂ ਨੇ। ਕੰਮੀਆਂ ਦੀਆਂ ਕੁੜੀਆਂ ਪੜ੍ਹਾਉਣ ਲੱਗ ਪਈ ਏਂ।”
ਹਰਨਾਮ ਕੌਰ ਦਾ ਵਤੀਰਾ ਦੇਖ ਕੇ ਸੁਰਜੀਤ ਨੂੰ ਪਤਾ ਚੱਲ ਗਿਆ ਕਿ ਇਨਾਂ ‘ਤਿਲਾਂ ਵਿਚ ਤੇਲ ਨਹੀ ਹੈ’ ਤਾਂ ਉਸ ਨੇ ਮੁਖਤਿਆਰ ਨਾਲ ਗੱਲ ਕੀਤੀ, “ਮੈ ਕਿਹਾ ਜੀ, ਕੁੰਤੀ ਪੜ੍ਹਨ ਨੂੰ ਬਹੁਤ ਹੁਸ਼ਿਆਰ ਹੈ, ਪਰ ਅਗਾਂਹ ਕੋਰਸ ਕਰਨ ਲਈ ਉਸ ਨੂੰ ਪੈਸਿਆਂ ਦੀ ਲੋੜ ਹੈ। ਜੇ ਆਪਾਂ ਉਸ ਦੀ ਮੱਦਦ ਕਰ ਦਈਏ ਤਾਂ ਪੁੰਨ ਹੋਵੇਗਾ।”
“ਬੀਬੀ ਨੂੰ ਪੁੱਛਣਾ ਸੀ।”
“ਕੱਮੀਆਂ ਦੀਆਂ ਕੁੜੀਆਂ ਪੜ੍ਹਨ, ਬੀਬੀ ਇਸ ਦੇ ਹੱਕ ਵਿਚ ਨਹੀਂ।”
“ਕੁੰਤੀ ਤਾਂ ਬਹੁਤ ਚੰਗੀ ਕੁੜੀ ਹੈ, ਕੋਈ ਨਹੀਂ ਮੈਂ ਕਰ ਦੂੰ ਇੰਤਜ਼ਾਮ।” ਮੁਖਤਿਆਰ ਨੇ ਸੁਰਜੀਤ ਨੂੰ ਆਪਣੀਆਂ ਬਾਹਾਂ ਵਿਚ ਲੈਂਦੇ ਆਖਿਆ।
ਇਸ ਗੱਲ ਨਾਲ ਸੁਰਜੀਤ ਨੂੰ ਖੁਸ਼ੀ ਹੋਈ ਕਿ ਭਾਵੇਂ ਮੁਖਤਿਆਰ ਵਿਚ ਭੈੜ ਹਨ। ਪਰ ਫਿਰ ਵੀ ਕਈ ਗੱਲਾਂ ਰੱਬ ਨੇ ਉਸ ਵਿਚ ਚੰਗੀਆਂ ਪਾਈਆਂ ਹਨ।