ਨਵੀਂ ਦਿੱਲੀ : ਹਮੇਸ਼ਾਂ ਵਾਂਗ ਇਸ ਵਾਰ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤਿਹਾੜ ਜੇਲ੍ਹ ਵਿਖੇ ਸਿੱਖ ਤੇ ਹੋਰ ਬੰਦੀਆਂ ਅਤੇ ਜੇਲ੍ਹ ਅਧਿਕਾਰੀਆਂ ਵਲੋਂ ਆਪਸੀ ਮਿਲਵਰਤਣ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਜੇਲ੍ਹ ਅਧਿਕਾਰੀਆਂ ਅਤੇ ਬੰਦੀਆਂ ਦੀ ਮੰਗ ਅਨੁਸਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਮੇਸ਼ਾਂ ਦੀ ਤਰ੍ਹਾਂ ਰਾਗੀ ਜੱਥਾ, ਗ੍ਰੰਥੀ, ਸੇਵਾਦਾਰ ਅਤੇ ਪ੍ਰਚਾਰਕ ਤੋਂ ਇਲਾਵਾ ਕੜਾਹ ਪ੍ਰਸ਼ਾਦ ਦੀ ਦੇਗ ਲਈ ਰਸਦ, ਲੰਗਰ ਲਈ ਲੋੜੀਂਦਾ ਰਾਸ਼ਨ, ਮੁੱਖੀਆਂ ਦਾ ਸਨਮਾਨ ਕਰਨ ਲਈ ਸਿਰਪਾਉ ਅਤੇ ਦਸਤਾਰਾਂ ਦਾ ਕਪੜਾ ਭੇਜਿਆ ਗਿਆ। ਇਹ ਜਾਣਕਾਰੀ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ. ਗੁਰਮੀਤ ਸਿੰਘ (ਫੈਡਰੇਸ਼ਨ) ਨੇ ਇਥੇ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਦਿੱਤੀ। ਸ. ਗੁਰਮੀਤ ਸਿੰਘ (ਫੈਡਰੇਸ਼ਨ) ਨੇ ਦਸਿਆ ਕਿ ਜੇਲ੍ਹ ਨੰਬਰ 7 ਵਿੱਚ ਪ੍ਰਕਾਸ਼ ਪੁਰਬ ਮੰਨਾਉਣ ਲਈ ਹੋਏ ਸਮਾਗਮ ਵਿੱਚ ਜੁੜੇ ਬੰਦੀਆਂ ਆਦਿ ਨੂੰ ਸੰਬੋਧਨ ਕਰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਨੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਦਾ ਜ਼ਿਕਰ ਕਰਦਿਆਂ ਅਪੀਲ ਕੀਤੀ ਕਿ ਜੇ ਕਿਸੇ ਪਾਸੋਂ ਕਿਸੇ ਕਾਰਣ ਸਿੱਖੀ ਮਾਰਗ ਤੋਂ ਭਟਕ, ਸਿੱਖੀ ਰਹਿਤ ਮਰਿਆਦਾ ਦੇ ਪਾਲਣ ਵਿੱਚ ਕੋਈ ਅਵਗਿਆ ਹੋ ਗਈ ਹੋਵੇ ਤਾਂ ਉਸਨੂੰ ਗੁਰਮਤਿ ਤੋਂ ਸੇਧ ਲੈਂਦਿਆਂ ਸਮਾਂ ਰਹਿੰਦਿਆਂ ਉਸ ਅਵਗਿਆ ਨੂੰ ਸੁਧਾਰ ਲੈਣਾ ਚਾਹੀਦਾ ਹੈ। ਸ. ਰਾਣਾ ਨੇ ਉਨ੍ਹਾਂ ਨੂੰ ਪ੍ਰੇਰਨਾ ਕੀਤੀ ਕਿ ਉਨ੍ਹਾਂ ਨੂੰ ਬੀਤੇ ਦੇ ਜੀਵਨ ਦੀਆਂ ਗਲਤੀਆਂ ਨੂੰ ਭੁਲਾ ਸਜ਼ਾ ਪੂਰੀ ਕਰਨ ਤੋਂ ਬਾਅਦ ਲੋਕਾਂ ਵਿੱਚ ਵਿਚਰਨ ਲਈ ਆਪਣੇ-ਆਪਨੂੰ ਚੰਗੇ ਸ਼ਹਿਰੀ ਵਜੋਂ ਤਿਆਰ ਕਰਨਾ ਉਨ੍ਹਾਂ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ। ਇਥੇ ਇਹ ਗਲ ਵਰਨਣਯੋਗ ਹੈ ਕਿ ਸਮੇਂ-ਸਮੇਂ ਤਿਹਾੜ ਜੇਲ੍ਹ ਵਿਖੇ ਅਧਿਕਾਰੀਆਂ ਅਤੇ ਬੰਦੀਆਂ ਵਲੋਂ ਆਪਸੀ ਮਿਵਰਤਣ ਰਾਹੀਂ ਗੁਰਪੁਰਬ ਮਨਾਏ ਜਾਂਦੇ ਰਹਿੰਦੇ ਹਨ, ਜਿਨ੍ਹਾਂ ਲਈ ਉਨ੍ਹਾਂ ਦੀ ਮੰਗ ’ਤੇ ਅਤੇ ਆਪਣੇ ਸਹਿਯੋਗ ਵਜੋਂ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਰਾਗੀ ਜੱਥੇ, ਗ੍ਰੰਥੀ, ਪ੍ਰਚਾਰਕ ਅਤੇ ਸੇਵਾਦਰਾਂ ਤੋਂ ਇਲਾਵਾ ਕੜਾਹ ਪ੍ਰਸ਼ਾਦ ਲਈ ਰਸਦ, ਲੰਗਰ ਲਈ ਲੋੜੀਂਦਾ ਰਾਸ਼ਨ ਅਤੇ ਸਿਰੋਪਾਉ ਅਤੇ ਦਸਤਾਰਾਂ ਲਈ ਕਪੜਾ ਆਦਿ ਭੇਜਿਆ ਜਾਂਦਾ ਰਹਿੰਦਾ ਹੈ।000