ਲੰਡਨ – ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ ਇੱਕ ਵਿਅਕਤੀ ਨੇ ਤਿੰਨ ਲੋਕਾਂ ਨੂੰ ਚਾਕੂ ਮਾਰ ਕੇ ਜਖਮੀ ਕਰ ਦਿੱਤਾ। ਸਥਾਨਕ ਪੁਲਿਸ ਨੇ ਇਸ ਨੂੰ ਅੱਤਵਾਦੀ ਘਟਨਾ ਕਰਾਰ ਦਿੱਤਾ ਹੈ। ਸ਼ਨਿਚਰਵਾਰ ਸ਼ਾਮ ਨੂੰ ਈਸਟ ਲੰਡਨ ਲੀਟਨਸਟੋਨ ਮੇਟਰੋ ਸਟੇਸ਼ਨ ਤੇ ਇਹ ਘਟਨਾ ਵਾਪਰੀ। ਹਮਲਾਵਰ ਚੀਕ-ਚੀਕ ਕੇ ਕਹਿ ਰਿਹਾ ਸੀ ਕਿ ਇਹ ‘ਸੀਰੀਆ ਦਾ ਬਦਲਾ ਹੈ।’
ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਸਟੇਸ਼ਨ ਦੇ ਬਾਹਰ ਜਾਣ ਵਾਲੇ ਰਸਤੇ ਤੋਂ ਅੰਦਰ ਦਾਖਿਲ ਹੋਇਆ ਸੀ।ਉਸ ਨੇ ਅੰਦਰ ਆਉਂਦੇ ਸਾਰ ਹੀ ਲੋਕਾਂ ਨੂੰ ਇੱਕ ਵੱਡਾ ਚਾਕੂ ਵਿਖਾ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ।ਸਥਾਨਕ ਪੁਲਿਸ ਨੂੰ ਸੂਚਨਾ ਮਿਲਦੇ ਸਾਰ ਹੀ ਹਮਲਾਵਰ ਨੂੰ ਸ਼ੀਘਰ ਹੀ ਕਾਬੂ ਕਰ ਲਿਆ ਗਿਆ। ਪਰ ਪਲਿਸ ਦੇ ਪਹੁੰਚਣ ਤੱਕ ਉਹ ਤਿੰਨ ਵਿਅਕਤੀਆਂ ਨੂੰ ਜਖਮੀ ਕਰ ਚੁੱਕਿਆ ਸੀ।
ਐਂਟੀ-ਟੈਰਰਿਸਟ ਯੂਨਿਟ ਦੇ ਚੀਫ਼ ਰਿਚਰਡ ਵਾਲਟਨ ਨੇ ਕਿਹਾ, ‘ਪੁਲਿਸ ਨੂੰ ਈਸਟ ਲੰਡਨ ਮੈਟਰੋ ਸਟੇਸ਼ਨ ਤੇ ਚਾਕੂਬਾਜ਼ੀ ਦੀ ਘਟਨਾ ਦੀ ਜਾਣਕਾਰੀ ਮਿਲੀ।’ ਇਸ ਘਟਨਾ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋਇਆ ਹੈ। ਅਸੀਂ ਇਸ ਨੂੰ ਅੱਤਵਾਦੀ ਘਟਨਾ ਮੰਨ ਰਹੇ ਹਾਂ। ਪੁਲਿਸ ਨੇ ਹਮਲਾਵਰ ਨੂੰ ਬੇਹੋਸ਼ ਕਰਨ ਤੋਂ ਬਾਅਦ ਕਾਬੂ ਕਰ ਲਿਆ। ਅਜੇ ਤੱਕ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ। ਆਰੋਪੀ ਨੂੰ ਲੰਡਨ ਦੇ ਇੱਕ ਹਸਪਤਾਲ ਵਿੱਚ ਐਡਮਿਟ ਕਰਵਾਇਆ ਗਿਆ ਹੈ।