ਨਵੀਂ ਦਿੱਲੀ – ਸੀਬੀਆਈ ਨੇ ਦਿੱਲੀ ਸਰਕਾਰ ਦੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਕਲਿਆਣ ਵਿਭਾਗ ਦੇ ਪ੍ਰਮੁੱਖ ਸਕੱਤਰ ਸੰਜੇ ਪ੍ਰਤਾਪ ਸਿੰਹ ਅਤੇ ਉਸ ਦੇ ਨਿਜੀ ਸਹਾਇਕ ਨੂੰ 2.2 ਲੱਖ ਰੁਪੈ ਦੀ ਰਿਸ਼ਵਤ ਸਮੇਤ ਦਬੋਚਿਆ। ਸੰਜੇ ਪ੍ਰਤਾਪ ਅਤੇ ਉਸ ਦੇ ਨਿਜੀ ਸਹਾਇਕ ਤੇ ਇੱਕ ਨਿਜੀ ਸਕਿਉਰਟੀ ਏਜੰਸੀ ਤੋਂ ਰਿਸ਼ਵਤ ਦੀ ਇਹ ਰਾਸ਼ੀ ਲੈਣ ਦਾ ਆਰੋਪ ਹੈ।
ਸੀਬੀਆਈ ਨੇ ਇਨ੍ਹਾਂ ਤੇ ਕੇਸ ਦਰਜ਼ ਕਰਕੇ ਇਨ੍ਹਾਂ ਆਰੋਪੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸੀਬੀਆਈ ਦੇ ਸੂਤਰਾਂ ਅਨੁਸਾਰ ਇੱਕ ਨਿਜੀ ਸਕਿਊਰਟੀ ਏਜੰਸੀ ਨੇ ਸ਼ਿਕਾਇਤ ਕੀਤੀ ਸੀ ਕਿ ਦਿੱਲੀ ਸਰਕਾਰ ਦੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਕਲਿਆਣ ਵਿਭਾਗ ਦੇ ਮੁੱਖ ਸਕੱਤਰ ਸੰਜੇ ਪ੍ਰਤਾਪ ਸਿੰਹ ਇੱਕ ਕੰਮ ਦੇ ਲਈ ਉਨ੍ਹਾਂ ਤੋਂ ਰਿਸ਼ਵਤ ਦੀ ਮੰਗ ਕਰ ਰਹੇ ਹਨ। ਇਹ ਨਿਜੀ ਏਜੰਸੀ ਇਸ ਵਿਭਾਗ ਨੂੰ ਸੁਰੱਖਿਆ ਗਾਰਡ ਅਤੇ ਚਪਰਾਸੀ ਮੁਹਈਆ ਕਰਵਾਉਣ ਦਾ ਕੰਮ ਕਰਦੀ ਹੈ। ਸੀਬੀਆਈ ਨੇ ਇਸ ਸੂਚਨਾ ਦੇ ਆਧਾਰ ਤੇ ਹੀ ਇਨ੍ਹਾਂ ਅਧਿਕਾਰੀਆਂ ਨੂੰ ਪਕੜਨ ਲਈ ਇਹ ਜਾਲ ਵਿਛਾਇਆ ਸੀ।
ਆਈਏਐਸ ਦੇ ਨਿਜੀ ਅਧਿਕਾਰੀ ਨੂੰ ਉਸ ਦੇ ਦਫ਼ਤਰ ਵਿੱਚ ਹੀ ਸ਼ਿਕਾਇਤ ਕਰਤਾ ਨੇ 2.2 ਲੱਖ ਰੁਪੈ ਦੀ ਰਿਸ਼ਵਤ ਦਿੱਤੀ। ਇਸ ਦੌਰਾਨ ਸੰਜੇ ਪ੍ਰਤਾਪ ਦਫ਼ਤਰ ਦੇ ਬਾਹਰ ਆਪਣੀ ਕਾਰ ਵਿੱਚ ਆਪਣੇ ਨਿਜੀ ਸਹਾਇਕ ਦਾ ਇੰਤਜ਼ਾਰ ਕਰ ਰਹੇ ਸਨ। ਜਿਵੇਂ ਹੀ ਨਿਜੀ ਸਹਾਇਕ ਰਿਸ਼ਵਤ ਦੀ ਰਕਮ ਸਮੇਤ ਆਪਣੇ ਬੌਸ ਦੀ ਕਾਰ ਵਿੱਚ ਬੈਠਾ ਸੀਬੀਆਈ ਦੀ ਟੀਮ ਨੇ ਦੋਵਾਂ ਨੂੰ ਹੀ ਪਕੜ ਲਿਆ।