ਵਾਸ਼ਿੰਗਟਨ – ਅਮਰੀਕਾ ਵਿੱਚ ਰੀਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰੀ ਦਾ ਦਾਅਵਾ ਕਰਨ ਵਾਲੇ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਪਾਰਟੀ ਛੱਡ ਸਕਦੇ ਹਨ ਪਰ ਉਮੀਦਵਾਰੀ ਤੋਂ ਪਿੱਛੇ ਨਹੀਂ ਹਟੇਗਾ। ਟਰੰਪ ਅੱਜਕਲ੍ਹ ਮੁਸਲਮਾਨਾਂ ਸਬੰਧੀ ਬਿਆਨ ਦੇਣ ਕਰਕੇ ਕਾਫੀ ਸੁਰਖੀਆਂ ਵਿੱਚ ਹਨ। ਉਨ੍ਹਾਂ ਦੀ ਆਪਣੀ ਪਾਰਟੀ ਰੀਪਬਲੀਕਨ ਵੀ ਟਰੰਪ ਦੇ ਖਿਲਾਫ਼ ਹੋ ਗਈ ਹੈ।
ਟਰੰਪ ਦੇ ਬਿਆਨਾਂ ਦੀ ਦੁਨੀਆਂਭਰ ਦੇ ਨੇਤਾਵਾਂ ਵੱਲੋਂ ਨਿੰਦਿਆ ਕੀਤੀ ਜਾ ਰਹੀ ਹੈ। ਓਬਾਮਾ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਦਾ ਇਹ ਪ੍ਰਸਤਾਵ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਦੀ ਰੇਸ ਲਈ ਅਯੋਗ ਠਹਿਰਾਉਂਦਾ ਹੈ। ਕਈ ਮੇਅਰਾਂ ਨੇ ਵੀ ਕਿਹਾ ਸੀ ਕਿ ਟਰੰਪ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ। ਰੀਪਬਲੀਕਨ ਪਾਰਟੀ ਨੇ ਵੀ ਟਰੰਪ ਦੇ ਮੁਸਲਮਾਨਾਂ ਦੀ ਅਮਰੀਕਾ ਵਿੱਚ ਐਂਟਰੀ ਤੇ ਰੋਕ ਲਗਾਉਣ ਵਰਗੇ ਦਿੱਤੇ ਗਏ ਬਿਆਨ ਤੋਂ ਦੂਰੀ ਬਣਾ ਲਈ ਹੈ।ਇਸੇ ਸਬੰਧ ਵਿੱਚ ਰੀਪਬਲੀਕਨ ਹਾਊਸ ਸਪੀਕਰ ਪਾਲ ਰਾਇਨ ਨੇ ਕਿਹਾ, ‘ ਪਾਰਟੀ ਇਸ ਵਿਚਾਰ ਦੇ ਨਾਲ ਸਹਿਮਤ ਨਹੀਂ ਹੈ ਅਤੇ ਸੱਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਦੇਸ਼ ਵੀ ਇਸ ਨਾਲ ਸਹਿਮੱਤ ਨਹੀਂ ਹੈ।’
ਰੀਪਬਲੀਕਨ ਨੇ ਵੀ ਆਪਣੇ ਆਪ ਨੂੰ ਟਰੰਪ ਦੇ ਅਜਿਹੇ ਦਿੱਤੇ ਜਾ ਰਹੇ ਬਿਆਨਾਂ ਤੋਂ ਖੁਦ ਨੂੰ ਦੂਰ ਕਰ ਲਿਆ ਹੈ। ਆਲੋਚਨਾਵਾਂ ਵਿੱਚ ਘਿਰੇ ਟਰੰਪ ਬੇਪ੍ਰਵਾਹ ਹਨ ਅਤੇ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਮੂਰਖ ਕਰਾਰ ਦਿੱਤਾ ਹੈ। ਉਨ੍ਹਾਂ ਨੇ ਏਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ਛੱਡਣੀ ਪਈ ਤਾਂ ਉਹ ਪਾਰਟੀ ਵੀ ਛੱਡ ਦੇਣਗੇ ਪਰ ਰਾਸ਼ਟਰਪਤੀ ਦੀ ਚੋਣ ਜਰੂਰ ਲੜਨਗੇ।