ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਵਕਾਰੀ ਪ੍ਰੋਜੈਕਟ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਨਾਂ ਦੇ ਵਿਰਾਸਤੀ ਘਰ ਦੇ ਮੂਵਿੰਗ ਮਾਡਲ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਸਥਾਪਿਤ ਕੀਤਾ ਗਿਆ। ਇਸ ਉਪਰਾਲੇ ਦੇ ਛੇਤੀ ਮੁੱਕਮਲ ਹੋਣ ਦੀ ਆਸ਼ ਵਿਚ ਕਰਵਾਏ ਗਏ ਵਿਸ਼ੇਸ਼ ਗੁਰਮਤਿ ਸਮਾਗਮ ਦੀ ਸਮਾਪਤੀ ਉਪਰੰਤ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਅਮਰੀਕਾ ਤੇ ਉਘੇ ਹੋਟਲ ਕਾਰੋਬਾਰੀ ਸੰਤ ਸਿੰਘ ਛਤਵਾਲ, ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ, ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਬਟਨ ਦਬਾ ਕੇ ਗੁਰਦੁਆਰਾ ਸਾਹਿਬ ਦੇ ਵੇਹੜੇ ਵਿਚ ਨਿਸ਼ਾਨ ਸਾਹਿਬ ਦੇ ਨੇੜੇ ਲਗਾਏ ਗਏ ਵਾਟਰ ਪਰੂਫ ਤੰਬੂ ’ਚ ਸਥਾਪਿਤ ਤਜ਼ਵੀਜ ਪੋ੍ਰਜੈਕਟ ਦੇ ਮਾੱਡਲ ਨੂੰ ਸੰਗਤਾਂ ਦੀ ਦਿੱਖ ਲਈ ਖੋਲਿਆ।
ਇਸ ਤੋਂ ਪਹਿਲਾ ਹੋਇਆਂ ਪੰਥਕ ਵਿਚਾਰਾਂ ਦੌਰਾਨ ਜੀ.ਕੇ. ਨੇ ਸਿੱਖ ਕੌਮ ਵੱਲੋਂ ਬਣਾਏ ਗਏ ਲੱਖਾਂ ਗੁਰਦੁਆਰਿਆਂ ਤੋਂ ਬਾਅਦ ਇਸ ਪੋ੍ਰਜੈਕਟ ਰਾਹੀਂ ਸਿੱਖ ਇਤਿਹਾਸ ਦੀ ਝਾਂਕੀ ਨੂੰ ਇੱਕ ਛੱਤ ਥੱਲੇ ਪੇਸ਼ ਕਰਨ ਦੀ ਲੋੜ, ਦਰਪੇਸ਼ ਚੁਨੌਤੀਆਂ ਅਤੇ ਭਵਿੱਖ ’ਚ ਕੌਮ ਦੀ ਅਮੀਰ ਵਿਰਾਸਤ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਵਾਸਤੇ ਇਸ ਪ੍ਰੋਜੈਕਟ ਦੀ ਅਹਿਮਿਅਤ ਤੇ ਚਾਨਣਾ ਪਾਇਆ। ਸਿਰਸਾ ਨੇ ਸਮੂਹ ਸੰਗਤਾਂ ਨੂੰ ਅਮੀਰ ਸਿੱਖ ਵਿਰਾਸਤ ਨੂੰ ਸੰਭਾਲਣ ਦੇ ਕੀਤੇ ਜਾ ਰਹੇ ਇਸ ਉਪਰਾਲੇ ਦਾ ਹਿੱਸਾ ਬਣਨ ਦਾ ਵੀ ਸੱਦਾ ਦਿੱਤਾ। ਸਿਰਸਾ ਨੇ ਕਿਹਾ ਕਿ ਸੰਗਤ ਦੇ ਦਸਵੰਧ ਨਾਲ ਬਣਨ ਵਾਲਾ ਉਕਤ ਵਿਰਾਸਤੀ ਘਰ ਸਿੱਖ ਇਤਿਹਾਸ ‘ਚ ਮੀਲ ਦਾ ਪੱਥਰ ਸਾਬਿਤ ਹੋਵੇਗਾ। ਛਤਵਾਲ ਨੇ ਦਿੱਲੀ ਕਮੇਟੀ ਵੱਲੋਂ ਇਸ ਸੇਵਾ ਨੂੰ ਨਿਭਾਉਣ ਵਾਸਤੇ ਉਨ੍ਹਾਂ ਪਾਸੋਂ ਲਏ ਜਾ ਰਹੇ ਸਹਿਯੋਗ ਦਾ ਧੰਨਵਾਦ ਜਤਾਉਂਦੇ ਹੋਏ ਆਪਣਾ ਪੂਰਨ ਸਹਿਯੋਗ ਕਮੇਟੀ ਨੂੰ ਦੇਣ ਦਾ ਭਰੋਸਾ ਵੀ ਜਤਾਇਆ।
ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਨੇ ਵਿਸ਼ਤਾਰ ਨਾਲ ਸਿੱਖ ਇਤਿਹਾਸ ਦੀ ਅਮੀਰੀ ਨੂੰ ਆਪਣੇ ਲਈ ਨਿਜ਼ੀ ਤੌਰ ਤੇ ਮਾਣ ਦਾ ਪ੍ਰਤੀਕ ਹੋਣ ਦਾ ਦਾਅਵਾ ਕਰਦੇ ਹੋਏ ਅੱਜ ਦੇ ਸਮੇਂ ਵਿਚ ਗੁਰਦੁਆਰਿਆਂ ਦੀ ਭੀੜ ’ਚ ਅਨਮੋਲ ਵਿਰਾਸਤ ਦੇ ਗੁਆਚ ਜਾਉਣ ਦੀ ਵੀ ਗੱਲ ਕਹੀ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਸੰਸਾਰ ਦਾ ਉਹ ਅਨਮੋਲ ਖ਼ਜ਼ਾਨਾ ਹੈ ਜਿਸ ਦੀ ਗੱਲ ਨੂੰ ਸੁਣਨ ਤੇ ਸਮਝਣ ਦੀ ਬਜਾਏ ਅਸੀਂ ਡੇਰਿਆਂ ਦੀ ਭੀੜ ਦੇ ਵੱਲ ਵੱਧਦੇ ਜਾ ਰਹੇ ਹਾਂ। ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਕਮੇਟੀ ਵੱਲੋਂ ਕੌਮ ਦੇ ਸੁਪਨਿਆਂ ਨੂੰ ਹਕੀਕਤ ’ਚ ਬਦਲਣ ਵਾਸਤੇ ਕੀਤੇ ਜਾ ਰਹੇ ਕਾਰਜਾਂ ਲਈ ਜੀ.ਕੇ. ਅਤੇ ਸਿਰਸਾ ਦਾ ਧੰਨਵਾਦ ਜਤਾਉਂਦੇ ਹੋਏ ਵਧਾਈ ਵੀ ਦਿੱਤੀ। ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਕਿਹਾ ਕਿ ਜੋ ਕਾਰਜ ਉਹ ਆਪਣੇ ਪ੍ਰਧਾਨਗੀ ਕਾਲ ਦੌਰਾਨ ਪੂਰੇ ਕਰ ਸਕਣ ’ਚ ਅਸਮਰਥ ਰਹੇ ਸਨ ਉਸਨੂੰ ਜੀ.ਕੇ. ਦੀ ਟੀਮ ਨੇ ਲੀਹਾਂ ਤੇ ਲਿਆ ਕੇ ਬਹੁਤ ਵੱਡਾ ਕਾਰਜ ਹੱਲ ਕਰ ਦਿੱਤਾ ਹੈ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਕੌਮ ਦੇ ਇਤਿਹਾਸ ਨੂੰ ਗੈਰ ਸਿੱਖਾਂ ਤਕ ਪਹੁੰਚਾਉਣ ਵਾਸਤੇ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ। ਸਟੇਜ਼ ਸਕੱਤਰ ਦੀ ਸੇਵਾ ਨਿਭਾ ਰਹੇ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਨੇ ਵੱਖ-ਵੱਖ ਧਰਮਾਂ ਦੇ ਧਰਮ ਸਥਾਨਾਂ ਤੋਂ ਇਲਾਵਾ ਉਨ੍ਹਾਂ ਦੇ ਪ੍ਰਚਾਰ ਵੱਜੌਂ ਬਣੇ ਸੈਂਟਰਾਂ ਦਾ ਹਵਾਲਾ ਦਿੰਦੇ ਹੌਏ ਇਸ ਪ੍ਰੋਜੈਕਟ ਦੇ ਪੂਰਾ ਹੋਣ ਦੇ ਬਾਅਦ ਸਿੱਖ ਕੌਮ ਦਾ ਉਸਾਰੂ ਪੱਖ ਸਾਹਮਣੇ ਰੱਖਣ ਵਾਲਾ ਸੈਂਟਰ ਹੋਂਦ ’ਚ ਆਉਣ ਦਾ ਵੀ ਦਾਅਵਾ ਕੀਤਾ। ਬਾਬਾ ਬਚਨ ਸਿੰਘ, ਸੰਤ ਸਿੰਘ ਛਤਵਾਲ, ਸੈਂਟਰ ਦੇ ਸਾਬਕਾ ਚੇਅਰਮੈਨ ਡਾ. ਜਸਵੰਤ ਸਿੰਘ ਨੇਕੀ ਦੀ ਧਰਮ ਪਤਨੀ ਡਾ.ਕਵਲਜੀਤ ਕੌਰ ਅਤੇ ਸਿੰਗਾਪੁਰ ਦੇ ਕਰਨ ਸਿੰਘ ਠਕਰਾਲ ਦਾ ਕਮੇਟੀ ਵੱਲੋਂ ਸਹਿਯੋਗ ਦੇਣ ਲਈ ਸਨਮਾਨ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਉਘੇ ਸਨਅਤਕਾਰ ਰਘੁਬੀਰ ਸਿੰਘ ਜੋੜਾ, ਸੀਨੀਅਰ ਅਕਾਲੀ ਆਗੂ ਉਂਕਾਰ ਸਿੰਘ ਥਾਪਰ,ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਤਨਵੰਤ ਸਿੰਘ, ਹਰਦੇਵ ਸਿੰਘ ਧਨੋਆ, ਪਰਮਜੀਤ ਸਿੰਘ ਚੰਢੋਕ, ਸਮਰਦੀਪ ਸਿੰਘ ਸੰਨੀ, ਦਰਸ਼ਨ ਸਿੰਘ,ਰਵੇਲ ਸਿੰਘ ਅਤੇ ਅਕਾਲੀ ਆਗੂ ਵਿਕਰਮ ਸਿੰਘ ਤੇ ਹਰਚਰਨ ਸਿੰਘ ਗੁਲਸ਼ਨ ਮੌਜ਼ੂਦ ਸਨ।