ਨਵੀਂ ਦਿੱਲੀ- ਸੀਬੀਆਈ ਨੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ ਤੇ ਅਚਾਨਕ ਛਾਪਾ ਮਾਰਿਆ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਇਸ ਛਾਪਾ ਮਾਰਨ ਪਿੱਛੇ ਮਕਸਦ ਕੀ ਹੈ। ਕੇਜਰੀਵਾਲ ਨੇ ਆਪਣੇ ਟਵੀਟ ਵਿੱਚ ਪੀਐਮ ਮੋਦੀ ਨੂੰ ਡਰਪੋਕ ਅਤੇ ਮਨੋਰੋਗੀ ਦੱਸਿਆ ਹੈ।
ਸੀਬੀਆਈ ਦੀ ਟੀਮ ਨੇ ਅੱਜ ਸਵੇਰੇ ਤੀਸਰੀ ਮੰਜਿ਼ਲ ਤੇ ਸਥਿਤ ਮੁੱਖਮੰਤਰੀ ਦੇ ਆਫਿ਼ਸ ਨੂੰ ਸੀਲ ਕਰ ਦਿੱਤਾ ਹੈ। ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਮੁੱਖਮੰਤਰੀ ਦੇ ਆਫਿਸ ਦੇ ਅੰਦਰ ਜਾਂ ਬਾਹਰ ਆਉਣ ਦੀ ਮਨਾਹੀ ਕਰ ਦਿੱਤੀ ਗਈ ਹੈ।ਸੀਬੀਆਈ ਟੀਮ ਨੇ ਇੱਕ ਘੰਟੇ ਤੋਂ ਵੀ ਵੱਧ ਸਮੇਂ ਤੱਕ ਕੇਜਰੀਵਾਲ ਦੇ ਦਫ਼ਤਰ ਦੀ ਜਾਂਚ ਪੜਤਾਲ ਕੀਤੀ। ਮੁੱਖਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਮੋਦੀ ਰਾਜਨੀਤਕ ਤੌਰ ਤੇ ਮੇਰਾ ਮੁਕਾਬਲਾ ਨਹੀਂ ਕਰ ਸਕੇ ਇਸ ਲਈ ਘਟੀਆ ਹਰਕਤਾਂ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ, ‘ ਮੋਦੀ ਕਾਇਰ ਅਤੇ ਮਨੋਰੋਗੀ ਹੈ।’
ਮੁੱਖਮੰਤਰੀ ਕੇਜਰੀਵਾਲ ਨੇ ਕਿਹਾ, ‘ ਸੀਬੀਆਈ ਝੂਠ ਬੋਲ ਰਹੀ ਹੈ। ਮੇਰੇ ਆਫਿ਼ਸ ਤੇ ਹੀ ਰੇਡ ਮਾਰੀ ਗਈ ਹੈ। ਮੁੱਖਮੰਤਰੀ ਦੇ ਆਫਿ਼ਸ ਦੀਆਂ ਫਾਈਲਾਂ ਵੇਖੀਆਂ ਜਾ ਰਹੀਆਂ ਹਨ। ਮੋਦੀ ਖੁਦ ਹੀ ਮੈਨੂੰ ਦੱਸ ਦਿੰਦੇ ਕਿ ਊਨ੍ਹਾਂ ਨੂੰ ਕਿਹੜੀ ਫਾਈਲ ਚਾਹੀਦੀ ਹੈ। ਰਾਜੇਂਦਰ ਦੇ ਬਹਾਨੇ ਮੇਰੇ ਦਫ਼ਤਰ ਦੀਆਂ ਸਾਰੀਆਂ ਫਾਈਲਾਂ ਵੇਖੀਆਂ ਜਾ ਰਹੀਆਂ ਹਨ।’ ਸੀਬੀਆਈ ਅਨੁਸਾਰ ਮੁੱਖਮੰਤਰੀ ਦੇ ਮੁੱਖ ਸਕੱਤਰ ਰਾਜੇਂਦਰ ਕੁਮਾਰ ਨਿਜੀ ਕੰਪਨੀਆਂ ਨੂੰ ਫਾਇਦਾ ਪਹੁੰਚਾ ਰਹੇ ਸਨ, ਇਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।