ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਮੂਹ ਕਾਰਕੁਨਾਂ ਵੱਲੋਂ ਪਾਰਟੀ ਦੇ ਅੱਜ ਸਥਾਪਨਾ ਦਿਹਾੜੇ ਨੂੰ ਮਨਾਉਂਦੇ ਹੋਏ ਪਾਰਟੀ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਪਾਰਟੀ ਦਫ਼ਤਰ ਵਿੱਖੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਹੇਠ ਹੋਏ ਇਸ ਵਿਸ਼ੇਸ਼ ਪ੍ਰੋਗਰਾਮ ’ਚ ਪਾਰਟੀ ਕਾਰਕੁਨਾਂ ਨੂੰ ਜੀ. ਕੇ. ਨੇ ਪਾਰਟੀ ਦੇ ਸਥਾਪਨਾਂ ਦਿਹਾੜੇ ਤੇ ਵੱਧਾਈ ਦਿੰਦੇ ਹੋਏ ਪਾਰਟੀ ਦੀ ਸਥਾਪਨਾ ਦੀ 2020 ਵਿਚ ਆ ਰਹੀ ਪਹਿਲੀ ਸਥਾਪਨਾ ਸ਼ਤਾਬਦੀ ਨੂੰ ਵੱਡੇ ਪੱਧਰ ਤੇ ਮਨਾਉਣ ਦਾ ਵੀ ਐਲਾਨ ਕੀਤਾ।
ਜੀ. ਕੇ. ਨੇ ਅਕਾਲੀ ਦਲ ਦੇ ਕਾਰਕੁਨਾਂ ਵੱਲੋਂ ਦੇਸ਼ ਅਤੇ ਕੌਮ ਲਈ ਬੀਤੇ 95 ਸਾਲਾ ਦੌਰਾਨ ਕੀਤੇ ਗਏ ਕਾਰਜਾਂ ਨੂੰ ਵੀ ਯਾਦ ਕੀਤਾ। ਜੀ. ਕੇ. ਨੇ ਦਾਅਵਾ ਕੀਤਾ ਕਿ ਅਗਰ 1947 ਵਿਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੇ ਤਿੰਨ ਦੇਸ਼ਾਂ ਦੇ ਵਿਚ ਹਿੰਦੁਸਤਾਨ ਦੀ ਵੰਡ ਦੇ ਫਾਰਮੂਲੇ ਨੂੰ ਖਾਰਿਜ ਨਾ ਕੀਤਾ ਹੁੰਦਾ ਤਾਂ ਅੱਜ ਮਹਾਪੰਜਾਬ ਵੀ ਇੱਕ ਵੱਖਰਾ ਦੇਸ਼ ਹੁੰਦਾ ਤੇ ਦੇਸ਼ ਦਾ ਬਾਰਡਰ ਅਟਾਰੀ ਹੋਣ ਦੀ ਬਜਾਏ ਗੁੜਗਾਵਾਂ ਹੁੰਦਾ।ਜੀ.ਕੇ. ਨੇ ਕਿਹਾ ਕਿ ਅੱਤਵਾਦ ਦੇ ਦੌਰ ਦੌਰਾਨ ਪੰਜਾਬ ਵਿਚ ਅਮਨ ਸ਼ਾਂਤੀ ਦੀ ਬਹਾਲੀ ਲਈ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਸਣੇ ਹਜ਼ਾਰਾ ਕਾਰਕੁਨਾਂ ਨੇ ਵੀ ਸ਼ਹਾਦਤਾਂ ਦਿੱਤੀਆਂ।
ਪੰਜਾਬ ਵਿਚ ਮੌਜ਼ੂਦਾ ਸਮੇਂ ਦੌਰਾਨ ਅਮਨ ਭਾਈਚਾਰੇ ਨੂੰ ਕਾਇਮ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀ ਕੋਸ਼ਿਸ਼ਾਂ ਦੀ ਵੀ ਜੀ।ਕੇ। ਨੇ ਸਲਾਘਾ ਕੀਤੀ। ਅਕਾਲੀ ਦਲ ਵੱਲੋਂ ਪੰਜਾਬ ਤੋਂ ਬਾਹਰ ਨਿਕਲ ਕੇ ਹਰਿਆਣਾ ਅਤੇ ਦਿੱਲੀ ਵਿੱਖੇ ਆਪਣੇ ਵਿਧਾਇਕ ਬਣਾਉਣ ’ਚ ਮਿਲੀ ਕਾਮਯਾਬੀ ਦਾ ਸਿਹਰਾ ਜੀ।ਕੇ। ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਰ ਬੰਨਿਆ। ਗ੍ਰੰਥੀ ਹਰਪਾਲ ਸਿੰਘ ਵੱਲੋਂ ਇਸ ਮੌਕੇ ਕੀਤੀ ਗਈ ਅਰਦਾਸ ’ਚ ਅਕਾਲੀ ਦਲ ਨੂੰ ਚੜ੍ਹਦੀਕਲਾ, ਨਿਡਰਤਾ ਅਤੇ ਨਿਰਪੱਖਤਾ ਬਖਸ਼ਣ ਦੇ ਨਾਲ ਕੌਮ ਅਤੇ ਦੇਸ਼ ਦੀ ਹੋਰ ਵੱਧੇਰੀ ਸੇਵਾ ਕਰਨ ਦਾ ਬਲ ਬਖਸ਼ਣ ਦੀ ਅਕਾਲ ਪੁਰਖ ਦੇ ਚਰਣਾਂ ਵਿਚ ਜੋਦੜੀ ਕੀਤੀ ਗਈ।
ਜੀ. ਕੇ. ਵੱਲੋਂ ਇਸ ਮੌਕੇ ਪਾਰਟੀ ਦੀ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਦੇ ਤੌਰ ਤੇ ਪਾਰਟੀ ਅਤੇ ਕਮੇਟੀ ਦੇ ਮੀਡੀਆ ਇੰਚਾਰਜ ਪਰਮਿੰਦਰ ਪਾਲ ਸਿੰਘ ਨੂੰ ਨਿਯੁਕਤੀ ਪੱਤਰ ਵੀ ਸੌਪਿਆ ਗਿਆ। ਇਸ ਮੌਕੇ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਕੁਲਵੰਤ ਸਿੰਘ ਬਾਠ, ਗੁਰਬਚਨ ਸਿੰਘ ਚੀਮਾ, ਹਰਵਿੰਦਰ ਸਿੰਘ ਕੇ।ਪੀ।, ਸਮਰਦੀਪ ਸਿੰਘ ਸੰਨੀ, ਰਵਿੰਦਰ ਸਿੰਘ ਲਵਲੀ, ਹਰਦੇਭ ਸਿੰਘ ਧਨੌਆ, ਹਰਜਿੰਦਰ ਸਿੰਘ, ਜਤਿੰਦਰ ਪਾਲ ਸਿੰਘ ਗੋਲਡੀ, ਮਨਮੋਹਨ ਸਿੰਘ, ਪਰਮਜੀਤ ਸਿੰਘ ਚੰਢੋਕ, ਗੁਰਦੇਵ ਸਿੰਘ ਭੋਲਾ, ਨਿਗਮ ਪਾਰਸ਼ਦ ਰਿਤੂ ਵੋਹਰਾ, ਅਕਾਲੀ ਆਗੂ ਵਿਕਰਮ ਸਿੰਘ ਆਦਿਕ ਨੇ ਪਾਰਟੀ ਕਾਰਕੁਨਾਂ ਨੂੰ ਵਧਾਈਆਂ ਦਿੱਤੀਆਂ।