ਜਦ ਵੀ ਯਾਦਾਂ ਆਈਆਂ ਵਿਛੜੇ ਯਾਰ ਦੀਆਂ।
ਰੱਜ ਕੇ ਅੱਖਾਂ ਰੋਈਆਂ ਫਿਰ ਦਿਲਦਾਰ ਦੀਆਂ।
ਹੁੰਦੇ ਧੀਆਂ – ਪੁੱਤਾਂ ਤੋਂ ਵਧ ਯਾਰ ਪਿਆਰੇ
ਪਰ ਗੱਲਾਂ ਸੁਣੀਆਂ ਜਾਵਣ ਨਾ ਤਕਰਾਰ ਦੀਆਂ।
ਕਹਿੰਦੇ ਬਾਲ, ਜਵਾਨੀ , ਬਿਰਧ ਅਵਸਥਾ ਨੂੰ
ਖ਼ਬਰਾਂ ਹੁੰਦੀਆਂ ਉਹਨਾਂ ਨੂੰ ਘਰ- ਬਾਹਰ ਦੀਆਂ।
ਬਾਬੇ ਬੈਠੇ ਬੋਹੜਾਂ ਥੱਲੇ , ਨਜ਼ਰ ਨਹੀਂ ਅਉਂਦੇ
ਸੀਨੇ ਯਾਦਾਂ ਰੜਕਣ ਸਿੱਖ਼ਰ ਦੁਪਹਿਰ ਦੀਆਂ।
ਯਾਰਾਂ ਨਾਲ ਬਹਾਰਾਂ , ਦਾ ਨਸ਼ਾ ਅਵੱਲਾ ਹੈ
ਜੋ ਹੱਸ-ਹੱਸ ਗੱਲਾਂ ਕਰਦੇ ਸੀ ਮੁਟਿਆਰ ਦੀਆਂ।
ਮਾਪੇ, ਧੀਆਂ, ਪੁੱਤਰ ਵੰਡੇ, ਸੰਨ ਸੰਤਾਲੀ ਨੇ
ਰੋ ਪਈਆਂ ਸੀ ਰੂਹਾਂ ਲੋਕੋ ! ਸਭ ਸੰਸਾਰ ਦੀਆਂ।
“ਸੁਹਲ” ਲੱਖਾਂ ਯਾਦਾਂ ਦਿਲ ਵਿਚ ਧੜਕ ਰਹੀਆਂ
ਹਿੰਦ- ਪਾਕ ਵਿਚ ਵੰਡੇ ਹੋਏ ਪਰਵਾਰ ਦੀਆਂ।