ਨਵੀਂ ਦਿੱਲੀ : ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਉਦੇਸ਼ ਨੂੰ ਸੀਮਤ ਕਰ, ਉਸਦੀ ਮਹਤੱਤਾ ਨੂੰ ਘਟਾਇਆ ਨਹੀਂ ਜਾਣਾ ਚਾਹੀਦਾ, ਕਿਉਂਕਿ ਉਨ੍ਹਾਂ ਦੀ ਸ਼ਹਾਦਤ ਕੇਵਲ ਕਿਸੇ ਇੱਕ ਫਿਰਕੇ ਦੇ ਧਾਰਮਕ ਵਿਸ਼ਵਾਸ ਦੀ ਰਖਿਆ ਲਈ ਹੀ ਨਹੀਂ ਸੀ, ਉਹ ਤਾਂ ਸਮੁਚੀ ਮਨੁਖਤਾ, ਅਰਥਾਤ ਸੰਸਾਰ ਦੇ ਹਰ ਧਰਮ ਦੇ ਪੈਰੋਕਾਰਾਂ ਦੇ ਵਿਸ਼ਵਾਸ ਦੀ ਅਜ਼ਾਦੀ ਦੀ ਰਖਿਆ ਨਿਸ਼ਚਿਤ ਕਰਵਾਣ ਲਈ ਲਈ ਸੀ। ਇਹ ਵਿਚਾਰ ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਇੱਕ ਬਿਆਨ ਵਿੱਚ ਪ੍ਰਗਟ ਕੀਤੇ।
ਸ. ਰਾਣਾ, ਜੋ ਉਤਰ ਪ੍ਰਦੇਸ਼ ਦੀ ਇੱਕ ਸਿੰਘ ਸਭਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਮਨਾਏ ਜਾਣ ਸੰਬੰਧੀ ਛਪਵਾਏ ਗਏ ਇਸ਼ਤਿਹਾਰ, ਜਿਸ ਵਿੱਚ ਗੁਰੂ ਸਾਹਿਬ ਨੂੰ ਇੱਕ ਫਿਰਕੇ ਵਿਸ਼ੇਸ਼ ਨਾਲ ਸੰਬੰਧਤ ਦਸਿਆ ਗਿਆ ਹੋਇਆ ਸੀ, ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਜਿਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ, ਉਸ ਸਮੇਂ ਹਿੰਦੂ ਧਰਮ ਦੇ ਪੈਰੋਕਾਰਾਂ ਪੁਰ ਖਤਰਾ ਮੰਡਰਾ ਰਿਹਾ ਸੀ ਤੇ ਜਾਬਰ ਹਕੂਮਤ ਸਾਮ-ਦਾਮ-ਦੰਡ ਦਾ ਹਰ ਹਰਬਾ ਵਰਤ, ਉਨ੍ਹਾਂ ਦਾ ਧਰਮ ਪ੍ਰੀਵਰਤਨ ਕਰਵਾਣ ਤੇ ਤੁਲੀ ਹੋਈ ਸੀ। ਉਸ ਸਥਿਤੀ ਤੋਂ ਉਭਰਨ ਲਈ ਮਦਦ ਦੀ ਮੰਗ ਲੈ, ਕਸ਼ਮੀਰ ਦੇ ਬ੍ਰਾਹਮਣਾਂ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਹਰ ਰਾਜਪੂਤ ਰਾਜੇ ਦੇ ਦਰ ਤੇ ਜਾ ਗੁਹਾਰ ਲਾਈ, ਪਰ ਉਨ੍ਹਾਂ ਨੂੰ ਹਰ ਪਾਸਿਉਂ ਨਿਰਾਸ਼ਾ ਹੀ ਮਿਲੀ, ਆਖਰ ਉਨ੍ਹਾਂ ਹਾਰ-ਹੁਟ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੌਂਵੀਂ ਜੋਤਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰ ਤੇ ਜਾ ਗੁਹਾਰ ਲਾਈ। ਗੁਰੂ ਸਾਹਿਬ ਨੇ ਗੁਰੂ ਘਰ ਦੀ ਪਰੰਪਰਾ, ਜੋ ਸਰਨ ਆਵੈ ਤਿਸ ਕੰਠ ਲਾਵੈ, ਅਨੁਸਾਰ ਉਨ੍ਹਾਂ ਦੀ ਬਾਂਹ ਫੜੀ ਤੇ ਆਪਣੀ ਸ਼ਹੀਦੀ ਦੇ ਉਨ੍ਹਾਂ ਦੇ ਧਰਮ ਅਤੇ ਧਾਰਮਕ ਵਿਸ਼ਵਾਸ ਦੀ ਰਖਿਆ ਕੀਤੀ।
ਸ. ਰਾਣਾ ਨੇ ਕਿਹਾ ਕਿ ਉਸ ਸਮੇਂ ਹਿੰਦੂਆਂ ਦਾ ਧਰਮ ਪ੍ਰੀਵਰਤਨ ਕਰਨ ਅਰਥਾਤ ਉਨ੍ਹਾਂ ਨੂੰ ਮੁਸਲਮਾਨ ਬਣਾਉਣ ਲਈ ਉਨ੍ਹਾਂ ਪੁਰ ਜ਼ੁਲਮ ਢਾਹੇ ਜਾ ਰਹੇ ਸਨ। ਉਹ ਮਜ਼ਲੂਮ ਸਨ। ਉਨ੍ਹਾਂ ਦੀ ਬਾਂਹ ਫੜਨ ਨੂੰ ਕੋਈ ਵੀ ਤਿਆਰ ਨਹੀਂ ਸੀ ਹੋ ਰਿਹਾ। ਸ. ਰਾਣਾ ਨੇ ਕਿਹਾ ਕਿ ਇਥੋਂ ਤੱਕ ਕਿ ਉਨ੍ਹਾਂ ਦੇ ਆਪਣੇ, ਰਾਜਪੂਤ ਰਾਜੇ ਤੱਕ ਉਨ੍ਹਾਂ ਵਲੋਂ ਮੂੰਹ ਮੋੜ ਬੈਠੇ ਸਨ। ਇਸ ਹਾਲਤ ਵਿੱਚ ਜਦੋਂ ਉਹ ਆਸ ਨਾਲ ਗੁਰੂ ਸਾਹਿਬ ਦੇ ਦਰਬਾਰ ਵਿੱਚ ਆਏ, ਤਾਂ ਗੁਰੂ ਘਰ ਦੀ ਪਰੰਪਰਾ ਅਨੁਸਾਰ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ। ਉਨ੍ਹਾਂ ਦੇ ਧਰਮ ਤੇ ਧਾਰਮਕ ਵਿਸ਼ਵਾਸ ਦੀ ਰਖਿਆ ਲਈ ਆਪਣੀ ਸ਼ਹਾਦਤ ਦੇ ਦਿੱਤੀ। ਸ. ਰਾਣਾ ਨੇ ਕਿਹਾ ਕਿ ਜੇ ਉਸ ਸਮੇਂ ਕਿਸੇ ਹੋਰ ਧਰਮ ਦੇ ਪੈਰੋਕਾਰਾਂ ਸਾਹਮਣੇ ਅਜਿਹਾ ਸੰਕਟ ਹੁੰਦਾ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਲਈ ਵੀ ਕੁਰਬਾਨੀ ਦੇਣ ਤੋਂ ਸੰਕੋਚ ਨਹੀਂ ਸੀ ਕਰਨਾ। ਸ. ਰਾਣਾ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਸਾਹਮਣੇ ਇਹੀ ਉਦੇਸ਼ ਸੀ, ਕਿ ਹਰ ਮਨੁਖ ਲਈ ਆਪਣੇ ਧਰਮ ਪ੍ਰਤੀ ਵਿਸ਼ਵਾਸ ਰਖਣ ਅਤੇ ਉਸਦੇ ਚਿਨ੍ਹਾਂ ਨੂੰ ਧਾਰਨ ਕਰਨ ਦੀ ਅਜ਼ਾਦੀ ਹੋਣੀ ਚਾਹੀਦੀ ਹੈ। ਕਿਸੇ ਦੇ ਧਰਮ ਜਾਂ ਧਾਰਮਕ ਵਿਸ਼ਵਾਸ ਨੂੰ ਜ਼ੋਰ-ਜਬਰ ਨਾਲ ਬਦਲਿਆ ਨਹੀਂ ਜਾ ਸਕਦਾ। ਸ. ਰਾਣਾ ਅਨੁਸਾਰ ਗੁਰੂ ਸਾਹਿਬ ਨੇ ਸਮੁਚੀ ਮਨੁਖਤਾ ਦੇ ਧਾਰਮਕ ਵਿਸ਼ਵਾਸ ਦੀ ਅਜ਼ਾਦੀ ਲਈ ਆਪਣੀ ਸ਼ਹਾਦਤ ਦਿੱਤੀ। ਇਸਲਈ ਉਨ੍ਹਾਂ ਦੀ ਸ਼ਹਾਦਤ ਦੇ ਉਦੇਸ਼ ਨੂੰ ਕਿਸੇ ਇੱਕ ਫਿਰਕੇ ਨਾਲ ਜੋੜ ਸੀਮਤ ਨਹੀਂ ਕੀਤਾ ਜਾਣਾ ਚਾਹੀਦਾ।