ਨਵੀਂ ਦਿੱਲੀ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿੱਚ ਸ਼ਾਮਿਲ ਸ਼ਬਦ ਚੌਂਕੀ ਜੱਥੇ, ਗਤਕਾ ਪਾਰਟੀਆਂ, ਸਕੂਲੀ ਬੱਚਿਆਂ ਅਤੇ ਬੈਂਡ ਪਾਰਟੀਆਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਮਨ ਕੀਤਾ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰੂ ਸਾਹਿਬ ਦੀ ਸ਼ਹਾਦਤ ਸਦਕਾ ਭਾਰਤ ਦੇ ਸੰਵਿਧਾਨ ਦੀ ਨੀਂਹ ਰੱਖੇ ਜਾਣ ਦਾ ਦਾਅਵਾ ਕੀਤਾ। ਜੀ.ਕੇ. ਨੇ ਕਿਹਾ ਗੁਰੂ ਸਾਹਿਬ ਨੇ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣੀ ਕੁਰਬਾਨੀ ਦੇਕੇ ਜਿਥੇ ਸੰਵਿਧਾਨ ਦੀ ਮੂਲ ਭਾਵਨਾ, ਧਾਰਮਿਕ ਬਰਾਬਰਤਾ ਨੂੰ ਸੰਵਿਧਾਨ ਦਾ ਅਹਿਮ ਅੰਗ ਬਣਾ ਦਿੱਤਾ ਉਥੇ ਹੀ ਗੁਰੂ ਸਾਹਿਬ ਦੀ ਕੁਰਬਾਨੀ ਨੇ ਗੈਰ ਧਾਰਮਿਕ ਭਾਵਨਾ ਦੇ ਵਤੀਰੇ ਦੇ ਸ਼ਿਕਾਰ ਹਾਕਮਾਂ ਨੂੰ ਵੰਗਾਰਿਆ ਤੇ ਜਨਤਾ ਨੂੰ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣ ਲਈ ਪ੍ਰੇਰਿਆ।
ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਬੀਤੇ ਲੰਮੇ ਸਮੇਂ ਤੋਂ ਦਿੱਤੀ ਜਾ ਰਹੀ ਸਰਕਾਰੀ ਛੁੱਟੀ ਦਾ ਹਵਾਲਾ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਦਿੱਲੀ ਵਿਖੇ ਸਰਕਾਰੀ ਛੁੱਟੀ ਘੋਸ਼ਿਤ ਕਰਨ ਦੇ ਵਾਅਦੇ ਦੇ ਬਾਵਜ਼ੂਦ ਛੁੱਟੀ ਘੋਸ਼ਿਤ ਨਾ ਹੋਣ ’ਤੇ ਸੁਆਲ ਵੀ ਖੜੇ ਕੀਤੇ। ਸਿਰਸਾ ਨੇ ਕਿਹਾ ਕਿ ਸਿੱਖਾਂ ਦੇ ਮਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਤਰ੍ਹਾਂ ਹੀ ਆਮ ਆਦਮੀ ਪਾਰਟੀ ਪ੍ਰਤੀ ਵੀ ਸਿੱਖ ਮਸਲਿਆਂ ’ਤੇ ਸੁਹਿਰਦਤਾ ਦਿਖਾਉਣ ਦਾ ਜੋ ਭਰਮ ਪੈਦਾ ਹੋਇਆ ਸੀ, ਉਹ ਅੱਜ ਦੂਰ ਹੋ ਗਿਆ ਹੈ ਕਿਉਂਕਿ ਅਕਾਲੀ ਦਲ ਦੀ ਸਰਕਾਰ ਤੋਂ ਇਲਾਵਾ ਬਾਕੀ ਸਭ ਸਰਕਾਰਾਂ ਨੇ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਅਣਗੌਲਾ ਕਰਕੇ ਆਪਣੀ ਅਕ੍ਰਿਤਘਣਤਾ ਦਾ ਸਬੂਤ ਦੇ ਦਿੱਤਾ ਹੈ।
ਸਿੱਖਾਂ ਦੇ ਖਿਲਾਫ ਚੱਲਦੇ ਚੁਟਕਲਿਆਂ ’ਤੇ ਰੋਕ ਲਗਾਉਣ ਵਾਸਤੇ ਦਿੱਲੀ ਕਮੇਟੀ ਵੱਲੋਂ ਨਗਰ ਕੀਰਤਨ ਵਿੱਚ ਸੰਗਤਾਂ ਨੂੰ ਇਸ ਮਸਲੇ ’ਤੇ ਜਾਗਰੂਕ ਕਰਨ ਲਈ ਪ੍ਰਚਾਰ ਗੱਡੀਆਂ ਚਲਾਉਣ ਦੇ ਇਲਾਵਾ ਆਨਲਾਈਨ ਅਤੇ ਆਫਲਾਈਨ ਦਸਤਖ਼ਤ ਮੁਹਿੰਮ ਨੂੰ ਵੀ ਜੋਰ-ਸ਼ੋਰ ਨਾਲ ਚਲਾਇਆ ਗਿਆ। ਜੀ.ਕੇ. ਅਤੇ ਹੋਰ ਅਹੁਦੇਦਾਰਾਂ ਵੱਲੋਂ ਪ੍ਰਚਾਰ ਗੱਡੀ ’ਤੇ ਸੰਕੇਤਿਕ ਦਸਤਖ਼ਤ ਵੀ ਕੀਤੇ ਗਏ। ਇਥੇ ਦੱਸਣਯੋਗ ਹੈ ਕਿ ਸੁਪਰੀਮ ਕੋਰਟ ਵਿੱਚ ਜਾਣ ਤੋਂ ਪਹਿਲਾਂ ਇਸ ਮੁਹਿੰਮ ਤਹਿਤ 31 ਦਸੰਬਰ 2015 ਤੋਂ ਪਹਿਲੇ ਇੱਕ ਲੱਖ ਬੰਦਿਆਂ ਦੇ ਦਸਤਖ਼ਤ ਕਰਵਾਉਣ ਦੇ ਦਿੱਲੀ ਕਮੇਟੀ ਦੇ ਟੀਚੇ ਨੂੰ ਪੂਰਾ ਕਰਨ ਦੀ ਦਿਸਾ ’ਚ ਹਾਲੇ ਤੱਕ 75 ਹਜ਼ਾਰ ਸਿੱਖਾਂ ਦੇ ਦਸਤਖ਼ਤ ਹੋ ਚੁੱਕੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਮੁਤਾਬਿਕ ਸ਼ਹੀਦੀ ਦਿਹਾੜੇ ਕਰਕੇ ਕਮੇਟੀ ਵੱਲੋਂ ਸਿਰੋਪਾਉ ਦੀ ਵੰਡ ਨਹੀਂ ਕੀਤੀ ਗਈ, ਪਰ ਨਗਰ ਕੀਰਤਨ ਵਿੱਚ ਸੰਗਤਾਂ ਦੇ ਦਰਸ਼ਨ ਕਰਨ ਨੂੰ ਸ਼ਾਮਿਲ ਹੋਏ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਗਲੇ ਵਿੱਚ ਪਏ ਸਿਰੋਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਪਿੱਠ ਮੋੜਨ ਦਾ ਸਬੂਤ ਦੇਣ ਦੇ ਨਾਲ ਹੀ ਸਿਰੋਪਿਆਂ ਦੀ ਆਮਦ ਦੀ ਸਰੋਤ ਬਾਰੇ ਵੀ ਸੁਆਲੀਆਂ ਨਿਸ਼ਾਨ ਲਗਾ ਰਹੇ ਸਨ।
ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ, ਮੈਂਬਰ ਰਵਿੰਦਰ ਸਿੰਘ ਖੁਰਾਣਾ, ਤਨਵੰਤ ਸਿੰਘ, ਕੁਲਵੰਤ ਸਿੰਘ ਬਾਠ, ਜਤਿੰਦਰਪਾਲ ਸਿੰਘ ਗੋਲਡੀ, ਪਰਮਜੀਤ ਸਿੰਘ ਚੰਢੋਕ, ਰਵੇਲ ਸਿੰਘ, ਕੁਲਦੀਪ ਸਿੰਘ ਸਾਹਨੀ, ਸਮਰਦੀਪ ਸਿੰਘ ਸ਼ੰਨੀ, ਮਨਮੋਹਨ ਸਿੰਘ, ਅਮਰਜੀਤ ਸਿੰਘ ਪਿੰਕੀ, ਬੀਬੀ ਧੀਰਜ ਕੌਰ, ਹਰਵਿੰਦਰ ਸਿੰਘ ਕੇ.ਪੀ., ਗੁਰਦੇਵ ਸਿੰਘ ਭੋਲਾ, ਹਰਦੇਵ ਸਿੰਘ ਧਨੋਆ, ਰਵਿੰਦਰ ਸਿੰਘ ਲਵਲੀ ਅਤੇ ਗੁਰਮੀਤ ਸਿੰਘ ਮੀਤਾ ਨੇ ਵੀ ਹਾਜ਼ਰੀ ਭਰੀ।