ਚੰਡੀਗੜ੍ਹ – “ਫ਼ਰਾਂਸ ਦੇ ਮੁਲਕ ਦਾ ਸਿੱਖ ਕੌਮ ਨਾਲ ਪੁਰਾਤਨ ਇਤਿਹਾਸਿਕ ਡੂੰਘਾਂ ਸੰਬੰਧ ਹੈ । ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ (1799-1849) ਸਮੇਂ ਫ਼ਰਾਂਸ ਨਾਲ 1833 ਵਿਚ ਫ਼ਰਾਂਸ ਦੇ ਬਾਦਸ਼ਾਹ ਲਾਊਸਫਲਿਪ ਅਤੇ ਲਾਹੌਰ ਦਰਬਾਰ ਵੱਲੋ ਇਕ ਡਿਪਲੋਮੈਟਿਕ ਸੰਬੰਧਾਂ ਤੇ ਅਧਾਰਿਤ ਸੰਧੀ ਹੋਈ ਸੀ, ਜਿਸ ਅਨੁਸਾਰ ਫ਼ਰਾਂਸੀਸੀ ਜਰਨਲ ਜੀਨ ਫਰੈਕੋਸ ਅਲਾਰਡ ਲਾਹੌਰ ਦਰਬਾਰ ਦੀਆਂ ਫੌਜਾਂ ਨੂੰ ਯੂਰਪਿੰਨ ਪੈਟਰਨ ਉਤੇ ਆਰਟਿਲਰੀ, ਕਾਵੈਲਰੀ ਅਤੇ ਇੰਨਫੈਟਰੀ ਨੂੰ ਟ੍ਰੇਨਿੰਗ ਦੇਣਾ ਸੀ । ਇਸ ਲਈ ਸਾਡੇ ਪੁਰਾਤਨ ਇਤਿਹਾਸਿਕ ਡੂੰਘੇ ਸੰਬੰਧਾਂ ਦੀ ਬਦੌਲਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਫ਼ਰਾਂਸ ਦੇ ਪ੍ਰੈਜੀਡੈਟ ਵੱਲੋ 26 ਜਨਵਰੀ ਦੀ ਭਾਰਤ ਆਮਦ ਤੇ ਜੋਰਦਾਰ ਸਵਾਗਤ ਕਰਨ ਦੀ ਖੁਸ਼ੀ ਪ੍ਰਾਪਤ ਕਰ ਰਹੀ ਹੈ ਅਤੇ ਇਹਨਾਂ ਸੰਬੰਧਾਂ ਨੂੰ ਸਦੀਵੀਂ ਤੌਰ ਤੇ ਹੋਰ ਚੰਗੇਰੇ ਬਣਾਉਣ ਅਤੇ ਕੌਮਾਂਤਰੀ ਪੱਧਰ ਤੇ ਇਸ ਦੇ ਮਹੱਤਵ ਨੂੰ ਬੁੜਾਵਾ ਦੇਣ ਦੀ ਜਿ਼ੰਮੇਵਾਰੀ ਨਿਭਾਕੇ ਫਖ਼ਰ ਮਹਿਸੂਸ ਕਰੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਫ਼ਰਾਂਸ ਦੇ ਪ੍ਰਧਾਨ ਸ੍ਰੀ ਹੋਲੰਦੇ ਵੱਲੋ 26 ਜਨਵਰੀ 2016 ਨੂੰ ਭਾਰਤ ਵਿਖੇ ਆਉਣ ਦੇ ਸਮੇਂ ਵੱਡੀ ਖੁਸ਼ੀ ਮਹਿਸੂਸ ਕਰਦੇ ਹੋਏ ਅਤੇ ਉਹਨਾਂ ਦੇ ਆਉਣ ਦੀ ਖੁਸ਼ੀ ਵਿਚ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਉਸ ਸਮੇਂ ਤੋ ਹੀ ਵੱਡੇ ਫਖ਼ਰ ਵਾਲਾ ਹੈ, ਜਦੋਕਿ ਲਾਹੌਰ ਦਰਬਾਰ ਦੀਆਂ ਹੱਦਾਂ ਅਤੇ ਖੇਤਰ ਅੰਗਰੇਜ਼ ਹਕੂਮਤ ਨੇ 1849 ਵਿਚ ਤਹਿ ਕੀਤੇ ਸਨ । ਉਸ ਸਮੇਂ ਅੰਗਰੇਜ਼ ਹਕੂਮਤ ਨੇ ਸਿੱਖ ਕੌਮ ਨੂੰ ਇਕ ਵੱਖਰੀ ਸਤਿਕਾਰਯੋਗ ਕੌਮ ਵੱਜੋ ਪ੍ਰਵਾਨ ਕੀਤਾ ਸੀ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ 1947 ਦੀ ਵੰਡ ਸਮੇਂ ਅੰਗਰੇਜ਼ ਹਕੂਮਤ ਨੇ ਕੇਵਲ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਉਹਨਾਂ ਦੇ ਵੱਖਰੇ ਮੁਲਕ ਕੌਮੀਅਤ ਦੇ ਆਧਾਰ ਤੇ ਬਣਾ ਦਿੱਤੇ । ਲੇਕਿਨ ਸਿੱਖ ਕੌਮ ਨੂੰ ਇਸੇ ਤਰ੍ਹਾਂ ਛੱਡ ਦਿੱਤਾ । ਇਸ ਉਪਰੰਤ ਆਜ਼ਾਦ ਭਾਰਤ ਵਿਚ ਜਦੋ ਹਿੰਦ ਦੇ ਵਿਧਾਨ ਬਣਾਉਣ ਲਈ ਕਮੇਟੀ ਗਠਿਤ ਹੋਈ ਤਾਂ ਉਸ ਵਿਚ 2 ਸਿੱਖ ਨੁਮਾਇੰਦੇ ਸ. ਭੁਪਿੰਦਰ ਸਿੰਘ ਮਾਨ ਅਤੇ ਸ. ਹੁਕਮ ਸਿੰਘ ਲਏ ਗਏ । ਜਿਨ੍ਹਾਂ ਨੇ 1950 ਵਿਚ ਲਾਗੂ ਕੀਤੇ ਜਾਣ ਵਾਲੇ ਵਿਧਾਨ ਉਤੇ ਇਸ ਕਰਕੇ ਦਸਤਖ਼ਤ ਨਹੀਂ ਸਨ ਕੀਤੇ, ਕਿਉਂਕਿ ਇਹ ਵਿਧਾਨ ਸਿੱਖ ਕੌਮ ਦੀ ਵੱਖਰੀ ਪਹਿਚਾਨ ਨੂੰ ਪ੍ਰਵਾਨ ਨਹੀਂ ਸੀ ਕਰਦਾ ਅਤੇ ਸਿੱਖਾਂ ਨਾਲ ਕੀਤੇ ਗਏ ਵਾਅਦਿਆ ਨੂੰ ਪੂਰਨ ਨਹੀਂ ਸੀ ਕਰਦਾ । ਇਸ ਲਈ ਉਸ ਸਮੇਂ ਤੋ ਹੀ ਸਿੱਖ ਇਕ ਸਟੇਟਲੈਸ ਕੌਮ ਵੱਜੋ ਹੀ ਰਹੇ ।
ਉਹਨਾਂ ਕਿਹਾ ਕਿ ਇਹ ਵੀ ਬਹੁਤ ਦੁੱਖ ਅਤੇ ਅਫਸੋਸ ਵਾਲੇ ਅਮਲ ਹਨ ਕਿ ਜਦੋ 1984 ਵਿਚ ਹਿੰਦ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਫੌਜੀ ਹਮਲਾ ਕੀਤਾ, ਤਾਂ ਉਸ ਸਮੇ ਸੋਵੀਅਤ ਰੂਸ ਅਤੇ ਬਰਤਾਨੀਆ ਦੀਆਂ ਫ਼ੌਜਾਂ ਨੇ ਹਿੰਦ ਫ਼ੌਜਾਂ ਦਾ ਸਾਥ ਦਿੱਤਾ । ਇਹਨਾਂ ਫ਼ੌਜਾਂ ਨੇ ਟੈਕ, ਆਰਟਿਲਰੀ, ਇੰਨਫੈਟਰੀ, ਹੈਲੀਕਾਪਰਟ ਅਤੇ ਭਾਰੀ ਗੰਨਾਂ ਤੇ ਬੰਬਾਰਮੈਟ ਕੀਤੀ ਜਿਸ ਦੀ ਬਦੌਲਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਗਏ ਹੋਏ ਨਿਰਦੋਸ਼ 20000 ਦੇ ਕਰੀਬ ਸਿੱਖਾਂ ਜਿਨ੍ਹਾਂ ਵਿਚ ਔਰਤਾਂ, ਬੱਚੇ ਅਤੇ ਵੱਡੇਰੀ ਉਮਰ ਦੇ ਬਜ਼ੁਰਗ ਸਨ, ਉਹਨਾਂ ਦਾ ਕਤਲੇਆਮ ਕਰ ਦਿੱਤਾ ਗਿਆ । ਉਸੇ ਵਰ੍ਹੇ ਉਸ ਸਮੇਂ ਦੇ ਹਿੰਦ ਦੇ ਵਜ਼ੀਰ-ਏ-ਆਜ਼ਮ ਰਾਜੀਵ ਗਾਂਧੀ ਦੇ ਹੁਕਮਾਂ ਤੇ ਹਜ਼ਾਰਾਂ ਹੀ ਸਿੱਖਾਂ ਨੂੰ ਬੇਰਹਿੰਮੀ ਨਾਲ ਕਤਲ ਕਰ ਦਿੱਤਾ ਗਿਆ । ਉਸ ਸਮੇਂ ਤੋ ਹੀ ਸਿੱਖਾਂ ਨੂੰ ਗੈਰ-ਕਾਨੂੰਨੀ ਤਰੀਕੇ ਕਤਲ, ਤਸੱਦਦ ਤੇ ਝੂਠੇ ਪੁਲਿਸ ਮੁਕਾਬਲਿਆ ਵਿਚ ਖ਼ਤਮ ਕੀਤਾ ਜਾਂਦਾ ਆ ਰਿਹਾ ਹੈ।
10 ਨਵੰਬਰ 2015 ਨੂੰ ਜਦੋ ਸਿੱਖ ਕੌਮ ਨੇ ਆਪਣਾ ਫੈਸਲਾ ਕਰਨ ਲਈ ਸਰਬੱਤ ਖ਼ਾਲਸਾ ਸੱਦਿਆ ਉਸ ਉਪਰੰਤ ਹਿੰਦ ਦੀ ਸੈਟਰ ਹਕੂਮਤ ਜਿਸ ਦੇ ਮੁੱਖੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖੀ ਪ੍ਰਕਾਸ਼ ਸਿੰਘ ਬਾਦਲ ਦੋਵਾਂ ਵੱਲੋ ਸਿੱਖਾਂ ਉਤੇ ਵੱਡੇ ਕਹਿਰ ਤੇ ਜ਼ਬਰ-ਜੁਲਮ ਆਰੰਭਿਆ ਹੋਇਆ ਹੈ । ਕੋਈ 5000 ਦੇ ਕਰੀਬ ਉਹਨਾਂ ਸਿੱਖਾਂ ਉਤੇ ਵੱਡੇ ਸੰਗੀਨ ਜੁਰਮ ਲਗਾਕੇ ਜਾ ਤਾਂ ਜੇਲ੍ਹਾਂ ਵਿਚ ਡੱਕ ਦਿੱਤੇ ਗਏ ਹਨ ਤੇ ਜਾਂ ਕਾਨੂੰਨ ਦੇ ਅੜਿਕੇ ਵਿਚ ਫਸਾਏ ਜਾ ਰਹੇ ਹਨ ਜਿਨ੍ਹਾਂ ਨੇ ਜ਼ਮਹੂਰੀਅਤ ਅਤੇ ਅਮਨਮਈ ਤਰੀਕੇ ਸਰਬੱਤ ਖ਼ਾਲਸੇ ਵਿਚ ਸਮੂਲੀਅਤ ਕੀਤੀ ਸੀ । 11 ਨਵੰਬਰ 2015 ਨੂੰ ਮੇਰੇ ਅੰਮ੍ਰਿਤਸਰ ਦੇ ਘਰ ਵਿਖੇ ਤੜਕੇ 3 ਵਜੇ ਅੰਮ੍ਰਿਤਸਰ ਦੀ ਪੁਲਿਸ ਨੇ ਭਾਰੀ ਫੋਰਸ ਨਾਲ ਛਾਪਾ ਮਾਰਿਆ ਅਤੇ ਜਿਨ੍ਹਾਂ ਕੋਲ ਕੋਈ ਵੀ ਮੇਰੀ ਗ੍ਰਿਫ਼ਤਾਰੀ ਦੇ ਵਾਰੰਟ ਨਹੀਂ ਸਨ । ਮੇਰੇ ਲੜਕੇ ਨੇ ਜਦੋ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਕਿ ਸਾਡੇ ਕੋਲ ਪੰਜਾਬ-ਹਰਿਆਣਾ ਹਾਈਕੋਰਟ ਦੇ ਜਮਾਨਤੀ ਹੁਕਮ ਹਨ ਅਤੇ ਤੁਸੀ ਸਾਨੂੰ ਗ੍ਰਿਫ਼ਤਾਰ ਨਹੀਂ ਕਰ ਸਕਦੇ। ਪਰ ਪੁਲਿਸ ਨੇ ਕੋਈ ਇਕ ਵੀ ਨਾ ਸੁਣੀ ਅਤੇ ਮੈਨੂੰ ਮੇਰੇ ਵਿਸਤਰੇ ਵਿਚੋ ਧੂਹ ਕੇ ਪਹਿਲੀ ਮੰਜਿ਼ਲ ਤੋ ਅਣਮਨੁੱਖੀ ਢੰਗਾਂ ਰਾਹੀ ਥੱਲ੍ਹੇ ਤੱਕ ਲੈਕੇ ਆਏ ਅਤੇ ਮੈਨੂੰ ਪੁਲਿਸ ਜੀਪ ਵਿਚ ਬੇਰਹਿੰਮੀ ਨਾਲ ਸੁੱਟ ਦਿੱਤਾ ਅਤੇ ਮੈਨੂੰ ਪੁਲਿਸ ਸਟੇਸ਼ਨ ਵਿਚ ਕਈ ਘੰਟੇ ਗੈਰ-ਕਾਨੂੰਨੀ ਤਰੀਕੇ ਰੱਖਿਆ ਗਿਆ ।
ਇਸ ਤਰ੍ਹਾਂ ਕੇਵਲ ਹਿੰਦੂ ਇੰਡੀਆ ਵਿਚ ਕੇਵਲ ਸਿੱਖਾਂ ਨਾਲ ਕੀਤਾ ਜਾ ਰਿਹਾ ਹੈ, ਬਲਕਿ 2002 ਵਿਚ ਜਦੋ ਸ੍ਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਹਨਾ ਨੇ ਸਾਜ਼ਸੀ ਢੰਗ ਨਾਲ 2000 ਮੁਸਲਮਾਨਾਂ ਦਾ ਕਤਲੇਆਮ ਕੀਤਾ, ਮੁਸਲਿਮ ਬੀਬੀਆਂ ਨੂੰ ਨੰਗਿਆਂ ਕਰਕੇ ਉਹਨਾਂ ਨਾਲ ਜ਼ਬਰ-ਜਨਾਹ ਕੀਤੇ । ਮੁਸਲਿਮ ਬੀਬੀਆ ਦੀਆਂ ਬਲਾਤਕਾਰ ਦੀਆਂ ਨਗਨ ਵੀਡੀਓ ਬਣਾਈਆ ਗਈਆਂ । ਇਸੇ ਤਰ੍ਹਾਂ 2013 ਵਿਚ ਕੋਈ 60000 ਦੇ ਕਰੀਬ ਸਿੱਖ ਜਿੰਮੀਦਾਰਾਂ ਜੋ ਗੁਜਰਾਤ ਵਿਚ ਆਪਣੀਆਂ ਜਮੀਨਾਂ ਅਤੇ ਘਰਾਂ ਦੇ ਮਾਲਕ ਸਨ, ਉਹਨਾਂ ਨੂੰ ਜ਼ਬਰੀ ਗੈਰ-ਕਾਨੂੰਨੀ ਤਰੀਕੇ ਬੇ-ਘਰ ਤੇ ਬੇ-ਜਮੀਨੇ ਕਰ ਦਿੱਤਾ ਗਿਆ ਅਤੇ ਗੁਜਰਾਤ ਵਿਚ ਸਿੱਖਾਂ ਦੀ ਨਸਲੀ ਸਫ਼ਾਈ ਕਰ ਦਿੱਤੀ ਹੈ ।
ਇਹ ਸਾਰੇ ਜ਼ਬਰ-ਜੁਲਮ ਹਿੰਦੂ ਹਕੂਮਤਾਂ ਵੱਲੋ ਸਿੱਖਾਂ ਤੇ ਮੁਸਲਮਾਨਾਂ ਉਤੇ ਅੱਜ ਵੀ ਨਿਰੰਤਰ ਜਾਰੀ ਹਨ । ਜਦੋ ਆਪ ਜੀ 26 ਜਨਵਰੀ ਨੂੰ ਹਿੰਦ ਦੇ ਦੌਰੇ ਤੇ ਆ ਰਹੇ ਹੋ ਜਿਸ ਦਾ ਅਸੀਂ ਭਰਪੂਰ ਸਵਾਗਤ ਕਰਦੇ ਹੋਏ ਆਪ ਜੀ ਦੇ ਧਿਆਨ ਹਿੱਤ ਲਿਆਉਣਾ ਚਾਹੁੰਦੇ ਹਾਂ ਕਿ ਇਥੇ ਹਿੰਦ ਵਿਚ ਕੋਈ ਵੀ ਕਾਨੂੰਨ ਦਾ ਰਾਜ ਨਹੀਂ ਅਤੇ ਨਾ ਹੀ ਪ੍ਰਿੰਸੀਪਲ ਆਫ਼ ਨੈਚੂਰਲ ਜਸਟਿਸ ਦੇ ਨਿਯਮ ਇਥੇ ਲਾਗੂ ਕੀਤੇ ਗਏ ਹਨ । ਇਥੇ ਵੱਸਣ ਵਾਲੇ ਸਿੱਖ ਇਸਾਈ ਤੇ ਮੁਸਲਿਮ ਹਮੇਸ਼ਾਂ ਦਹਿਸ਼ਤ ਦੇ ਮਾਹੌਲ ਵਿਚ ਵਿਚਰਦੇ ਹਨ ।
ਸਿੱਖ ਕੌਮ ਦੀ ਪਾਰਲੀਮੈਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਥੋ ਦੀ ਸੁਪਰੀਮ ਕੋਰਟ ਨੇ 2011 ਤੋ ਜ਼ਬਰੀ ਗੈਰ-ਕਾਨੂੰਨੀ ਤਰੀਕੇ ਮੁਅੱਤਲ ਕੀਤਾ ਹੋਇਆ ਹੈ, ਸਿੱਖ ਕੌਮ ਦੇ ਸਿਆਸੀ ਅਤੇ ਧਾਰਮਿਕ ਸਭ ਹੱਕ-ਹਕੂਕ ਕੁੱਚਲੇ ਜਾ ਰਹੇ ਹਨ । ਜਦੋਕਿ ਸਿੱਖ ਕੌਮ ਦੀ ਪਾਰਲੀਮੈਟ 1925 ਦੇ ਇਕ ਕਾਨੂੰਨ ਰਾਹੀ ਹੋਂਦ ਵਿਚ ਆਈ ਸੀ । ਉਪਰੋਕਤ ਸਭ ਹਕੂਮਤਾਂ ਦੇ ਗੈਰ-ਕਾਨੂੰਨੀ ਅਮਲ ਅਤੇ ਇਥੋ ਦੀ ਨਿਆਪਾਲਕਾ ਦੀਆਂ ਕਾਰਵਾਈਆਂ ਘੱਟ ਗਿਣਤੀਆਂ ਵਿਰੁੱਧ ਇਕ ਸਾਜਿ਼ਸ ਨੂੰ ਪ੍ਰਤੱਖ ਕਰਦੀਆਂ ਹਨ । ਅਸੀਂ ਆਪ ਜੀ ਦੀ ਆਮਦ ਤੇ ਇਹ ਉਮੀਦ ਕਰਾਂਗੇ ਕਿ ਆਪ ਜੀ ਹਿੰਦ ਵਿਚ ਸਿੱਖਾਂ, ਮੁਸਲਮਾਨਾਂ ਅਤੇ ਇਸਾਈਆ ਉਤੇ ਹੋਣ ਵਾਲੇ ਜ਼ਬਰ-ਜੁਲਮਾਂ ਨੂੰ ਇੰਟਰਨੈਸ਼ਨਲ ਕਰਿਮੀਨਲ ਕੋਰਟ ਆਫ਼ ਹੇਗ ਵਿਚ ਉਠਾਉਦੇ ਹੋਏ ਹਿੰਦ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਇਨਸਾਫ਼ ਦਿਵਾਉਣ ਵਿਚ ਮੁੱਖ ਭੂਮਿਕਾ ਨਿਭਾਉਗੇ । ਸਾਨੂੰ ਇਹ ਵਿਸ਼ਵਾਸ ਹੈ ਕਿ ਆਪ ਜੀ ਦਾ ਫਰਾਂਸ ਮੁਲਕ ਹਿੰਦੂ ਬਹੁਗਿਣਤੀ ਵਾਲੇ ਭਾਰਤ ਮੁਲਕ ਦੇ ਨਾਲ ਕੀਤੇ ਜਾਣ ਵਾਲੇ ਵਪਾਰਿਕ ਫਾਇਦਿਆ ਦੀ ਖਾਤਰ ਉਪਰੋਕਤ ਮਨੁੱਖੀ ਅਧਿਕਾਰਾਂ ਅਤੇ ਵਿਧਾਨਿਕ ਹੱਕਾਂ ਦੇ ਕੁੱਚਲਣ ਵਾਲੇ ਅਮਲਾਂ ਦੇ ਲਈ ਕਿਸੇ ਵੀ ਪ੍ਰਭਾਵ ਵਿਚ ਨਾ ਆ ਕੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਕੌਮਾਂਤਰੀ ਪੱਧਰ ਤੇ ਇਨਸਾਫ਼ ਦਿਵਾਉਗੇ । ਅਜਿਹਾ ਉਦਮ ਕਰਕੇ ਹੀ ਆਪ ਜੀ ਕੇਵਲ ਸਿੱਖ ਕੌਮ ਨਾਲ ਫ਼ਰਾਂਸ ਮੁਲਕ ਦੇ ਸੰਬੰਧਾਂ ਨੂੰ ਹੋਰ ਵਧੇਰੇ ਪੀੜਾਂ ਹੀ ਨਹੀਂ ਕਰੋਗੇ, ਬਲਕਿ ਕੌਮਾਂਤਰੀ ਪੱਧਰ ਤੇ ਆਪਣੀਆਂ ਜਿ਼ੰਮੇਵਾਰੀਆਂ ਨਿਭਾਕੇ ਫ਼ਰਾਂਸ ਦਾ ਨਾਮ ਦੁਨੀਆਂ ਵਿਚ ਹੋਰ ਸਤਿਕਾਰ ਵੱਲ ਲੈ ਜਾਵੋਗੇ ।