ਚੰਡੀਗੜ੍ਹ – ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਦੀ ਬਜਾਏ ਆਰਐਸਐਸ ਦੇ ਨੇਤਾ ਮੰਗਲ ਸੇਨ ਦੇ ਨਾਮ ਤੇ ਰੱਖੇ ਜਾਣ ਦੇ ਪ੍ਰਸਤਾਵ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਕਿਸੇ ਵੀ ਕੀਮਤ ਤੇ ਏਅਰਪੋਰਟ ਨੂੰ ਭਗਵਾ ਨਹੀਂ ਬਣਨ ਦੇਵੇਗੀ।
ਕੈਪਟਨ ਨੇ ਇਸ ਸਬੰਧੀ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਦੀ ਵੀ ਸਖਤ ਆਲੋਚਨਾ ਕੀਤੀ ਕਿ ਪੰਜਾਬ ਸਰਕਾਰ ਨੇ ਇਸ ਬਾਰੇ ਚੁੱਪੀ ਸਾਧੀ ਹੋਈ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਵਿੱਚ ਇਹ ਆਇਆ ਹੈ ਕਿ ਪੀਐਮ ਮੋਦੀ ਨੇ ਚੰਡੀਗੜ੍ਹ ਏਅਰਪੋਰਟ ਦਾ ਨਾਮ ਬਦਲ ਕੇ ਮੰਗਲ ਸੇਨ ਦੇ ਨਾਂ ਤੇ ਰੱਖਣ ਦਾ ਹਰਿਆਣਾ ਦੇ ਮੁੱਖਮੰਤਰੀ ਖੱਟਰ ਦਾ ਪ੍ਰਸਤਾਵ ਮੰਨ ਲਿਆ ਹੈ, ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।
ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਏਅਰਪੋਰਟ ਦੇ ਨਾਮ ਤੇ ਪੰਜਾਬ ਦਾ ਦਾਅਵਾ ਉਚਿਤ ਹੈ ਕਿਉਂਕਿ ਕੇਂਦਰ ਪ੍ਰਸ਼ਾਸਿਤ ਰਾਜ ਉਸ ਦਾ ਹੈ। ਏਅਰਪੋਰਟ ਦਾ ਨਾਮ ਆਰਐਸਐਸ ਨੇਤਾ ਦੇ ਨਾਂ ਤੇ ਜੋ ਸਿਰਫ਼ ਦੋ ਸਾਲ ਹਰਿਆਣਾ ਦਾ ਡਿਪਟੀ ਸੀਐਮ ਰਿਹਾ ਹੋਵੇ, ਉਸ ਦੇ ਨਾਂ ਤੇ ਰੱਖਣ ਦੀ ਬਜਾਏ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਕੇਂਦਰ ਸਰਕਾਰ ਨੇ ਮੰਗਲ ਸੇਨ ਦੇ ਨਾਮ ਸਬੰਧੀ ਪ੍ਰਸਤਾਵ ਨੂੰ ਅੱਗੇ ਵਧਾਇਆ ਤਾਂ ਕਾਂਗਰਸ ਇਸ ਦਾ ਜੋਰਦਾਰ ਵਿਰੋਧ ਕਰੇਗੀ।