ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀਬਾੜੀ ਇੰਜੀਨੀਅਰਿੰਗ ਕਾਲਜ ਨੇ ਆਪਣੀ 50ਵੀਂ ਗੋਲਡਨ ਜੁਬਲੀ ਸਥਾਪਨਾ ਦਿਵਸ ਆਯੋਜਿਤ ਕੀਤਾ ਜਿਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੋਂ ਸਾਬਕਾ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਉਦਘਾਟਨੀ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਕਾਲਜ ਦੇ ਸਭ ਤੋਂ ਵਡੇਰੇ ਡੀਨ ਡਾ: ਬੀ ਐਸ ਪਾਠਕ, ਸਾਬਕਾ ਡੀਨ ਡਾ: ਬੀ ਕੇ ਗੁਪਤਾ, ਸਾਬਕਾ ਡੀਨ ਡਾ: ਪਿਰਤਪਾਲ ਸਿੰਘ ਲੁਬਾਣਾ, ਖੇਤੀਬਾੜੀ ਕਮਿਸ਼ਨਰ ਪੰਜਾਬ ਡਾ: ਬਲਵਿੰਦਰ ਸਿੰਘ ਸਿੱਧੂ, ਅਮਰੀਕਾ ਦੇ ਜੌਰਜੀਆ ਯੂਨੀਵਰਸਿਟੀ ਤੋਂ ਪ੍ਰੋਫੈਸਰ ਡਾ: ਮਨਜੀਤ ਸਿੰਘ ਚਿੰਨਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਮੌਕੇ ਡਾ: ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਪੁਰਾਣੇ ਸਾਥੀਆਂ ਨਾਲ ਤਜਰਬੇ ਸਾਂਝੇ ਕਰਨਾ ਬਹੁਤ ਜ਼ਰੂਰੀ ਹੈ। ਅਜਿਹੀਆਂ ਮਿਲਣੀਆਂ ਨਾਲ ਨਵੇਂ ਵਿਦਿਆਰਥੀਆਂ ਨੂੰ ਪੁਰਾਣੇ ਵਿਦਿਆਰਥੀਆਂ ਦੇ ਜ਼ਿੰਦਗੀ ਦੇ ਤਜਰਬਿਆਂ ਤੋਂ ਸਿੱਖਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਇਸ ਸਫਲ ਮਿਲਣੀ ਲਈ ਪ੍ਰਬੰਧਕਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਡਾ: ਪਾਠਕ, ਜੋ ਕਿ ਕਈ ਅੰਤਰਰਾਸ਼ਟਰੀ ਪ੍ਰੋਗਰਾਮਾਂ ਵਿੱਚ ਬਤੌਰ ਵਿਗਿਆਨੀ ਸੇਵਾਵਾਂ ਨਿਭਾ ਚੁੱਕੇ ਹਨ, ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਇਸ ਕਾਲਜ ਅਤੇ ਯੂਨੀਵਰਸਿਟੀ ਦਾ ਨਾਮ ਪੂਰੀ ਦੁਨੀਆਂ ਵਿੱਚ ਸਤਿਕਾਰ ਨਾਲ ਲਿਆ ਜਾਂਦਾ ਹੈ ਤਾਂ ਉਸ ਲਈ ਚੰਗੇ ਅਧਿਆਪਕ, ਵਿਦਿਅਕ ਪ੍ਰੋਗਰਾਮ ਸਨਮਾਨ ਦੇ ਹੱਕਦਾਰ ਹਨ।
ਇਸ ਮੌਕੇ ਡਾ: ਚਿੰਨਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੀਏਯੂ ਸਿੱਖਿਆ ਦਾ ਉਹ ਅਦਾਰਾ ਹੈ ਜਿਸ ਦੇ ਹਰ ਇਕ ਪੁਰਾਣੇ ਅਤੇ ਨਵੇਂ ਵਿਦਿਆਰਥੀ ਨੂੰ ਮਾਣ ਹਾਸਿਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਦੇ ਅਧਿਆਪਕਾਂ ਸਦਕਾ ਹੀ ਕਾਲਜ ਦੇ ਕਈ ਵਿਦਿਆਰਥੀ ਅੰਤਰਰਾਸ਼ਟਰੀ ਪੱਧਰ ਤਕ ਆਪਣਾ ਅਤੇ ਯੂਨੀਵਰਸਿਟੀ ਦਾ ਨਾਮ ਰੁਸ਼ਨਾ ਸਕੇ ਹਨ।
ਇਸ ਤੋਂ ਪਹਿਲਾਂ ਜੀ ਆਇਆਂ ਦੇ ਸ਼ਬਦ ਬੋਲਦਿਆਂ ਕਾਲਜ ਦੇ ਮੌਜੂਦਾ ਡੀਨ, ਡਾ: ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਇਸ ਮਿਲਣੀ ਦੌਰਾਨ ਭਾਰਤ, ਅਮਰੀਕਾ, ਆਸਟ੍ਰੇਲੀਆ , ਕੈਨੇਡਾ, ਨੇਪਾਲ ਆਦਿ ਤੋਂ ਸਾਬਕਾ ਵਿਦਿਆਰਥੀ ਭਾਗ ਲੈ ਰਹੇ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਲਜ ਦੇ ਕੁਝ ਵਿਦਿਆਰਥੀ ਇਰਾਕ ਅਤੇ ਈਰਾਨ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਸ ਮੌਕੇ 1986 ਬੈਚ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਸਾਬਕਾ ਵਿਗਿਆਨੀ ਡਾ: ਕਸ਼ਮੀਰ ਜਤਿੰਦਰ ਸਿੰਘ ਦੀ ਯਾਦ ਵਿੱਚ ਇੱਕ ਲੱਖ ਰੁਪਏ ਦੀ ਰਾਸ਼ੀ ਯੂਨੀਵਰਸਿਟੀ ਨੂੰ ਭੇਂਟ ਕੀਤੀ ਗਈ ਜਦ ਕਿ ਚੰਡੀਗੜ੍ਹ ਵਿੱਚ ਸਥਾਪਿਤ ਸਾਬਕਾ ਵਿਦਿਆਰਥੀਆਂ ਦੀ ਜਥੇਬੰਦੀ ਨੇ 50 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ। ਕਾਲਜ ਦੇ ਵਿਦਿਆਰਥੀਆਂ ਨੇ ਇਸ ਮਿਲਣੀ ਦੌਰਾਨ ਸਭਿਆਚਾਰਕ ਰੰਗਾਰੰਗ ਪ੍ਰੋਗਰਾਮ ਵੀ ਆਯੋਜਿਤ ਕੀਤਾ।