ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਸਰਹੱਦੀ ਖੇਤਰ ਅੰਦਰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਲਹਿਰ ਤਹਿਤ ਅੱਵਲ ਰਹੇ ਸਕੂਲੀ ਗੁਰਸਿੱਖ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਹਲਕਾ ਅਟਾਰੀ ਦੇ ਸਰਹੱਦੀ ਪਿੰਡ ਵਿਖੇ ਸਥਿਤ ਨਿਊ ਏਂਜਲਸ ਸੀਨੀਅਰ ਸੈਕੰਡਰੀ ਸਕੂਲ ਰੋੜਾਵਾਲਾਂ ਕਲਾਂ ਵਿਖੇ ਨਗਦ ਰਾਸ਼ੀ ਅਤੇ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਸਨਮਾਨ ਪੱਤਰ ਵੰਡੇ ਗਏ।
ਇਸ ਮੌਕੇ ਧਾਰਮਿਕ ਪ੍ਰੀਖਿਆ ਵਿਚੋਂ ਅੱਵਲ ਆਏ ਸਕੂਲ ਦੀਆਂ ਬੱਚੀਆਂ ਰਮਨਦੀਪ ਕੌਰ, ਗੁਰਪ੍ਰੀਤ ਕੌਰ, ਕਮਲਜੀਤ ਕੌਰ, ਗੁਰਪ੍ਰੀਤ ਕੌਰ ਤੇ ਅਮਨਦੀਪ ਕੌਰ ਨੂੰ ਨਗਦ ਰਾਸ਼ੀ ਅਤੇ ਸਨਮਾਨ ਪੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਦੇ ਮੈਨੇਜਰ ਰਾਜਿੰਦਰ ਸਿੰਘ ਅਟਾਰੀ, ਹੈਂਡ ਗ੍ਰ੍ਰੰਥੀ ਭਾਈ ਕ੍ਰਿਪਾਲ ਸਿੰਘ ਪੱਧਰੀ, ਪ੍ਰਚਾਰਕ ਭਾਈ ਸੁਖਵੰਤ ਸਿੰਘ ਸਭਰਾਂ, ਭਾਈ ਲਵਲਪ੍ਰੀਤ ਸਿੰਘ, ਸਕੂਲ ਦੇ ਪ੍ਰਿੰਸੀਪਲ ਪੂਨਮਦੀਪ ਕੌਰ, ਪ੍ਰਧਾਨ ਕਸ਼ਮੀਰ ਸਿੰਘ, ਮੈਡਮ ਸ਼ਰੀਨ ਬਾਲਾ, ਨਰਿੰਦਰ ਕੌਰ, ਕੁਲਦੀਪ ਕੌਰ, ਸੂਰੀ ਸ਼ਰਮਾ ਅਤੇ ਸਕੂਲ ਦੇ ਸਟਾਫ਼ ਦੀ ਹਾਜ਼ਰੀ ਵਿੱਚ ਵੰਡੇ ਗਏ।
ਇਸ ਮੌਕੇ ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦਿਆ ਭਾਈ ਸੁਖਵੰਤ ਸਿੰਘ ਸਭਰਾਂ, ਭਾਈ ਲਵਲਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਧਰਮ ਪ੍ਰਚਾਰ ਕਮੇਟੀ ਵੱਲੋਂ ਲਈ ਧਾਰਮਿਕ ਪ੍ਰੀਖਿਆ ਵਿੱਚ ਅੱਵਲ ਆਏ ਬੱਚਿਆਂ ਨੇ ਸਰਹੱਦੀ ਖ਼ੇਤਰ ਅੰਦਰ ਰਹਿੰਦਿਆ ਜੋ ਸਿੱਖੀ ਦੇ ਪ੍ਰਚਾਰ ਨੂੰ ਪ੍ਰਫੁੱਲਤ ਕੀਤਾ ਹੈ ਉਸ ਲਈ ਬਾਕੀ ਬੱਚੇ ਬੱਚੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਅਨਮੋਲ ਇਤਿਹਾਸ ਤੋਂ ਜਾਣੂ ਹੋ ਕੇ ਧਾਰਮਿਕ ਪ੍ਰੀਖਿਆ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੇ ਆਪਣੇ ਮਾਤਾ-ਪਿਤਾ ਤੇ ਸਕੂਲ ਦਾ ਨਾਮ ਰੌਸ਼ਨ ਕਰਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਸਹਿਬਾਨਾਂ ਨੂੰ ਸਕੂਲ ਵੱਲੋਂ ਜੀ ਆਇਆ ਕਹਿੰਦਿਆਂ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਦੀ ਸ਼ਲਾਘਾ ਵੀ ਕੀਤੀ ਗਈ।