ਲੁਧਿਆਣਾ – ਆਮ ਆਦਮੀ ਪਾਰਟੀ ਦੀ ‘ਆਪ ਦਾ ਦਾਨ’ ਟੀਮ ਵਲੋਂ ਅੱਜ ਬਾਅਦ ਦੁਪਹਿਰ ਲੁਧਿਆਣਾ ਜ਼ੋਨ ਦੇ ਕੋਆਰਡੀਨੇਟਰ ਸਾਬਕਾ ਕਰਨਲ ਸੀ. ਐਮ. ਲਖਨਪਾਲ ਦੀ ਅਗਵਾਈ ਹੇਠ ਗਿੱਲ ਨਹਿਰ ਦੇ ਪੁੱਲ ਦੇ ਨਜ਼ਦੀਕ ਪਾਰਟੀ ਫੰਡ ਇੱਕਠਾ ਕਰਨ ਲਈ ਮੁਹਿੰਮ ਚਲਾਈ ਗਈ। ਇਸ ਮੌਕੇ ਪਾਰਟੀ ਵਾਲੰਟੀਅਰਜ਼ ਨੇ ਪਾਰਟੀ ਚਿੰਨ੍ਹ ਵਾਲੀਆਂ ਟੋਪੀਆਂ ਪਾ ਕੇ ਅਤੇ ਪੱਗਾਂ ਉੱਪਰ ਪੱਟੀਆਂ ਬੰਨਕੇ ਪਾਰਟੀ ਫੰਡ ਇੱਕਠਾ ਕਰਨ ਲਈ ਇਸ ਮੁਹਿੰਮ ਵਿੱਚ ਸ਼ਮੂਲੀਅਤ ਕੀਤੀ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਆਕੇ ਉੱਥੋਂ ਲੰਘਣ ਵਾਲੇ ਹਰ ਵਰਗ ਦੇ ਲੋਕਾਂ ਨੇ ਪਾਰਟੀ ਵਾਲੰਟੀਅਰਜ਼ ਨੂੰ ਦਿਲ ਖੋਲਕੇ ਫੰਡ ਦਿੱਤਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ੋਨ ਕੋਆਰਡੀਨੇਟਰ ਕਰਨਲ ਲਖਨਪਾਲ ਅਤੇ ‘ਆਪ ਦਾ ਦਾਨ’ ਅਭਿਆਨ ਦੇ ਲੁਧਿਆਣਾ ਜ਼ੋਨ ਦੇ ਕੋਆਰਡੀਨੇਟਰ ਰਾਜ ਫਤਿਹ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵਲੋਂ ਕੁੱਝ ਸਮਾਂ ਪਹਿਲਾਂ ਰਾਸ਼ਟਰੀ ਪੱਧਰ ਤੇ ‘ਆਪ ਦਾ ਦਾਨ’ ਨਾਮ ਦੀ ਇੱਕ ਐਂਡਰੋਇਡ ਬੇਸਡ ਮੋਬਾਇਲ ਐਪਲੀਕੇਸ਼ਨ ਜਾਰੀ ਕੀਤੀ ਗਈ ਸੀ ਅਤੇ ਵੱਖ-ਵੱਖ ਰਾਜਾਂ ਵਿੱਚ ਜ਼ੋਨ, ਅਸੈਂਬਲੀ ਅਤੇ ਸਰਕਲ ਲੇਵਲ ਤੇ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਸਨ। ‘ਆਪ ਦਾ ਦਾਨ’ ਦੇ ਸੁਬਾ ਇੰਚਾਰਚ ਨਵੀਨ ਕੁਮਾਰ ਦਾਸ ਦੁਆਰਾ ਲੁਧਿਆਣਾ ਜ਼ੋਨ ਵਿੱਚ ਨਿਯੁਕਤ ਕੀਤੇ ਗਏ ਕੋਆਰਡੀਨੇਟਰਜ਼ ਨੂੰ ਇਸ ਐਪਲੀਕੇਸ਼ਨ ਰਾਹੀਂ ਪਾਰਟੀ ਫੰਡ ਇੱਕਠਾ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਇਸ ਐਪਲੀਕੇਸ਼ਨ ਵਿੱਚ ਪੈਸੇ ਦਾਨ ਕਰਨ ਵਾਲੇ ਵਿਅਕਤੀ ਦੀ ਜਾਣਕਾਰੀ ਦਰਜ ਕਰਨ ਤੇ ਦਾਨੀ ਵਿਅਕਤੀ ਨੂੰ ਉਸਦੇ ਮੋਬਾਇਲ ਅਤੇ ਈਮੇਲ ਰਾਹੀ ਦਾਨ ਕੀਤੀ ਗਈ ਰਾਸ਼ੀ ਸੰਬੰਧੀ ਸੰਦੇਸ਼ ਮਿਲ ਜਾਂਦਾ ਹੈ। ਦਾਨੀ ਵਿਅਕਤੀ ਪਾਰਟੀ ਦੀ ਵੈਬਸਾਈਟ ਤੇ ਜਾਕੇ ਦਾਨ ਕੀਤੀ ਗਈ ਰਾਸ਼ੀ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਕਰਨਲ ਲਖਨਪਾਲ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਅਤੇ ਇਮਾਨਦਾਰ ਰਾਜਨੀਤੀ ਦੇ ਆਗਾਜ਼ ਲਈ ਹਰ ਵਰਗ ਦੇ ਲੋਕ ਆਮ ਆਦਮੀ ਪਾਰਟੀ ਨੂੰ ਦਿਲ ਖੋਲ ਕੇ ਦਾਨ ਦੇ ਰਹੇ ਹਨ। ਉਹਨਾਂ ਕਿਹਾ ਕਿ ਪਾਰਟੀ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ‘ਆਪ ਦਾ ਦਾਨ’ ਅਭਿਆਨ ਹੇਠ ਕੈਂਪ ਲਗਾਏ ਜਾਣਗੇ।