ਨਵੀਂ ਦਿੱਲੀ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਜੋੜ ਮੇਲ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਾਰੇ ਜਾਣੂੰ ਕਰਵਾਉਣ ਲਈ ਪਹਿਲੀ ਵਾਰ ਸਕੂਲਾਂ ਵਿੱਚ ਅੱਜ ਛੁੱਟੀ ਕੀਤੀ ਗਈ। ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸ਼ਾਮ ਤੱਕ ਸਜੇ ਦੀਵਾਨਾਂ ਵਿੱਚ ਸੰਗਤਾਂ ਨੇ ਹਾਜ਼ਰੀ ਭਰਕੇ ਨਿੱਕੀਆਂ ਜ਼ਿੰਦਾਂ ਵੱਲੋਂ ਕੀਤੇ ਗਏ ਵੱਡੇ ਸਾਕੇ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਮੌਕੇ ਸਿੱਖ ਇਤਿਹਾਸ ਨੂੰ ਸਮਝਣ ਅਤੇ ਪੜ੍ਹਨ ਨਾਲ ਸਿੱਖ ਕੌਮ ਦੀ ਜ਼ੁਲਮ ਦੇ ਖਿਲਾਫ਼ ਜੰਗਜੂ ਸਿਪਾਹੀ ਦੀ ਭੂਮਿਕਾ ਦਾ ਚਿਹਰਾ ਸਾਹਮਣੇ ਆਉਣ ਦਾ ਵੀ ਦਾਅਵਾ ਕੀਤਾ।
ਸਾਹਿਬਜ਼ਾਦਿਆਂ ਦੀ ਦਲੇਰੀ ਦਾ ਹਵਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਫਰਨਾਮੇ ਵਿੱਚ ਦੇਣ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਛੋਟੇ ਸਾਹਿਬਜ਼ਾਦਿਆਂ ਦੀ ਪਿ੍ਰਖਿਆ ਦੀ ਇਸ ਘੜੀ ’ਚ ਠੰਡੇ ਬੁਰਜ ਵਿੱਚ ਜਾ ਕੇ ਦੁੱਧ ਪਿਆਉਣ ਵਾਲੇ ਬਾਬਾ ਮੋਤੀ ਰਾਮ ਮਹਿਰਾ, ਸਰਹਿੰਦ ਦੇ ਨਵਾਬ ਦੇ ਦਰਬਾਰ ’ਚ ਸਾਹਿਬਜ਼ਾਦਿਆਂ ਦੇ ਲਈ ਹਾਅ ਦੇ ਨਾਹਰਾ ਮਾਰਨ ਵਾਲੇ ਨਵਾਬ ਮਲੇਰਕੋਟਲਾ ਅਤੇ ਸ਼ਹੀਦੀ ਉਪਰੰਤ ਸੋਨੇ ਦੀਆਂ ਮੋਹਰਾਂ ਵਿਛਾਕੇ ਪਾਵਨ ਸਰੀਰਾਂ ਦਾ ਅੰਤਿਮ ਸਸਕਾਰ ਕਰਨ ਵਾਲੇ ਦੀਵਾਨ ਟੋਡਰ ਮੱਲ ਦੀ ਭੂਮਿਕਾ ਨੂੰ ਵੀ ਯਾਦ ਕੀਤਾ। ਜੀ.ਕੇ. ਨੇ ਕਿਹਾ ਸਿੱਖਾਂ ਦਾ ਹਿਰਦਾ ਵਿਸ਼ਾਲ ਹੈ ਜਿਸ ਦਾ ਸਬੂਤ ਨਵਾਬ ਮਲੇਰਕੋਟਲਾ ਵੱਲੋਂ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਮਾਰੇ ਗਏ ਹਾਅ ਦੇ ਨਾਹਰੇ ਦੇ ਕਾਰਨ ਅੱਜ ਵੀ ਮਲੇਰਕੋਟਲਾ ਵਿੱਚ ਵੱਸਦਾ ਮੁਸਲਮਾਨ ਭਾਈਚਾਰਾ ਪੰਜਾਬ ਦੇ ਸਿੱਖ ਭਾਈਚਾਰੇ ਦਾ ਅਹਿਮ ਅੰਗ ਹੈ।
ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਿੱਖਾਂ ਵੱਲੋਂ ਦਿੱਤੀਆਂ ਗਈਆਂ ਸ਼ਹੀਦੀਆਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਜਾ ਸਕਣ ਦਾ ਦਾਅਵਾ ਕਰਦੇ ਹੋਏ ਸਿੱਖੀ ਸਰੂਪ ਨੂੰ ਬਚਾਉਣ ਵਾਸਤੇ ਨੌਜੁਆਨਾਂ ਨੂੰ ਅੱਗੇ ਆਉਣ ਦਾ ਵੀ ਸੱਦਾ ਦਿੱਤਾ। ਸਿਰਸਾ ਨੇ ਪਤਿਤਪੁਣੇ ਬਾਰੇ ਕਿਸੇ ’ਤੇ ਦੋਸ਼ ਨਾ ਲਗਾਉਣ ਦੀ ਅਪੀਲ ਕਰਦੇ ਹੋਏ ਇਸ ਨੂੰ ਰੋਕਣ ਵਾਸਤੇ ਸਮਾਜਿਕ ਅਤੇ ਪਰਿਵਾਰਕ ਪੱਧਰ ’ਤੇ ਉਪਰਾਲੇ ਕਰਨ ’ਤੇ ਜ਼ੋਰ ਦਿੱਤਾ। ਬੀਤੇ 1 ਸਾਲ ਦੌਰਾਨ ਸੋਸ਼ਲ ਮੀਡੀਆ ’ਤੇ ਨੌਜੁਆਨਾਂ ਦੀ ਸਿੱਖੀ ਸੰਭਾਲਣ ਵਾਸਤੇ ਬਦਲੇ ਸੋਚ ਦੇ ਨਜ਼ਾਰੇ ਨੂੰ ਵੀ ਸਿਰਸਾ ਨੇ ਉਸਾਰੂ ਪੱਖ ਵਜੋਂ ਲੈਣ ਦੀ ਅਪੀਲ ਕੀਤੀ। ਸਿਰਸਾ ਨੇ ਸਿੱਖਾਂ ਦੇ ਘਰਾਂ ਵਿੱਚ ਮਾਂ ਬੋਲੀ ਪੰਜਾਬੀ ਦੀ ਵਧੇਰੇ ਵਰਤੋਂ ਕਰਨ ’ਤੇ ਵੀ ਜ਼ੋਰ ਦਿੱਤਾ।
ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਅੱਜ ਮੰਦਰਾਂ ਵਿੱਚ ਟੱਲ ਖੜਕਨ ਅਤੇ ਪੰਡਿਤਾਂ ਵੱਲੋਂ ਹਿੰਦੂ ਸ਼ਾਸਤਰਾਂ ਦੇ ਪਾਠ ਕਰਨ ਦੇ ਪਿੱਛੇ ਦੀ ਸਿੱਖ ਕੌਮ ਵੱਲੋਂ ਦਿੱਤੀਆਂ ਗਈਆਂ ਸ਼ਹੀਦੀਆਂ ਨੂੰ ਮੁੱਖ ਕਾਰਨ ਵਜੋਂ ਗਿਣਾਇਆ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਦਸੰਬਰ ਮਹੀਨੇ ਦੇ ਆਖਿਰੀ ਹਫਤੇ ’ਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਹੋਣ ਕਰਕੇ ਸ਼ਹੀਦੀ ਹਫਤੇ ਦੌਰਾਨ ਅਨੰਦ ਕਾਰਜ ਆਦਿਕ ਖੁਸ਼ੀ ਦੇ ਸਮਾਗਮ ਸਿੱਖਾਂ ਨੂੰ ਨਾ ਉਲੀਕਣ ਦੀ ਵੀ ਅਪੀਲ ਕੀਤੀ।
ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਦਿੱਲੀ ਕਮੇਟੀ ਮੈਂਬਰ ਤਨਵੰਤ ਸਿੰਘ, ਰਵਿੰਦਰ ਸਿੰਘ ਖੁਰਾਣਾ, ਪਰਮਜੀਤ ਸਿੰਘ ਚੰਢੋਕ, ਜਤਿੰਦਰਪਾਲ ਸਿੰਘ ਗੋਲਡੀ, ਬੀਬੀ ਧੀਰਜ ਕੌਰ, ਹਰਦੇਵ ਸਿੰਘ ਧਨੋਆ, ਗੁਰਮਤਿ ਕਾਲਜ ਦੇ ਚੇਅਰਮੈਨ ਹਰਿੰਦਰਪਾਲ ਸਿੰਘ ਅਤੇ ਅਕਾਲੀ ਆਗੂ ਵਿਕਰਮ ਸਿੰਘ ਮੌਜੂਦ ਸਨ। ਸਟੇਜ ਸਕੱਤਰ ਦੀ ਸੇਵਾ ਕਮੇਟੀ ਮੈਂਬਰ ਗੁਰਮੀਤ ਸਿੰਘ ਮੀਤਾ ਅਤੇ ਗੁਰਵਿੰਦਰਪਾਲ ਸਿੰਘ ਵੱਲੋਂ ਬਾਖ਼ੂਬੀ ਨਿਭਾਈ ਗਈ।