ਫਤਿਹਗੜ੍ਹ ਸਾਹਿਬ – “ਆਪਣੇ ਆਪ ਨੂੰ ਸਿੱਖ ਕੌਮ ਦੇ ਆਗੂ ਅਖਵਾਉਣ ਵਾਲੇ ਬਾਦਲ ਦਲੀਆਂ ਦੇ ਕਿਦਾਰ ਵਿੱਚ ਇੰਨ੍ਹਾਂ ਨਿਘਾਰ ਆ ਚੁਕਾ ਹੈ ਕਿ ਉਹ ਧਾਰਮਿਕ ਅਤੇ ਸਿਆਸੀ ਸਟੇਜ਼ਾ ਉਤੇ ਵਿਚਰ ਦੇ ਹੋਏ ਹਉਮੈਂ ਵਿੱਚ ਆ ਕੇ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ, ਦਸਤਾਰ ਜੋ ਸਿੱਖੀ ਦੀ ਆਨ-ਸ਼ਾਨ ਦੀ ਨਿਸ਼ਾਨੀ ਹੈ ਦੇ ਸਤਕਾਰ, ਸਿੱਖੀ ਸਲੀਕੇ ਅਤੇ ਤਹਿਜ਼ੀਬ ਨੂੰ ਵੀ ਭੁਲ ਜਾਂਦੇ ਹਨ ਅਤੇ ਤਾਕਤ ਦੇ ਨਸ਼ੇ ਵਿੱਚ ਗੁਰ ਸਿੱਖਾਂ ਨੂੰ ਜ਼ਲੀਲ ਕਰ ਕੇ ਖੁਸ਼ ਹੂੰਦੇ ਹਨ। ਅਜਿਹੇ ਕਿਸੇ ਅਖੌਤੀ ਆਗੂ ਨੂੰ ਸਿੱਖ ਕੌਮ ਕਿਸੇ ਵੀ ਸਮਾਜਿਕ ਜਾਂ ਧਾਰਮਿਕ ਸਮਾਗਮ ਵਿੱਚ ਨਾ ਤਾਂ ਸੱਦਾ ਦੇਵੇ, ਜੇਕਰ ਅਜਿਹੇ ਆਗੂ ਢੀਠਤਾ ਨਾਲ ਕਿਸੇ ਸਮਾਗਮ ਵਿੱਚ ਦਾਖਲ ਹੋਣ ਤਾਂ ਕਾਲੀਆਂ ਝੰਡੀਆਂ, ਮੁਰਦਾਬਾਦ ਅਤੇ ਪੰਥ ਦੇ ਗਦਾਰ ਆਦਿ ਨਾਰਿਆਂ ਨਾਲ ਵਿਰੋਧ ਕੀਤਾ ਜਾਵੇ।”
ਇਹ ਉਪ੍ਰੋਕਤ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਚਮਕੌਰ ਸਾਹਿਬ ਵਿਖੇ ਐਸ.ਜੀ.ਪੀ.ਸੀ ਦੀ ਧਾਰਮਿਕ ਸਟੇਜ ਵਾਲੇ ਪੰਡਾਲ ਵਿੱਚ ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਰੋਪੜ ਦੇ ਜਥੇਦਾਰ ਸ. ਰਣਜੀਤ ਸਿੰਘ ਸੰਤੋਖਗੜ੍ਹ ਅਤੇ ਉਹਨਾਂ ਦੇ ਸਾਥੀਆਂ ਵਲੋਂ ਸ਼ਹੀਦਾਂ ਨੂੰ ਨਤਮੱਸਤਕ ਹੋਣ ਸਮੇ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਉਹਨਾਂ ਦੀ ਦਸਤਾਰ ਲਾਹੁਣ ਅਤੇ ਸ਼੍ਰੀ ਗੁਰੁ ਗਰੰਥ ਸਾਹਿਬ ਦੀ ਹਜੂਰੀ ਵਿੱਚ ਉਹਨਾਂ ਨੂੰ ਗਾਲਾਂ ਕੱਢਣ ਦੇ ਅਤਿ ਸ਼ਰਮਨਾਕ ਅਮਲਾਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਚੰਦੂਮਾਜ਼ਰੇ ਵਰਗੇ ਅਖੌਤੀਆਂ ਨੂੰ ਇਸ ਦੇ ਮਾਰੂ ਨਤੀਜਿਆਂ ਦਾ ਸਾਹਮਣਾ ਕਰਨ ਸੰਬੰਧੀ ਖਬਰਦਾਰ ਕਰਦੇ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜੋ ਸ. ਪ੍ਰਕਾਸ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਵਲੋਂ ਚੰਦੂਮਾਜਰੇ ਦੀ ਇਸ ਘਿਣਾਉਣੀ ਕਾਰਵਾਈ ਦੀ ਪਿੱਠ ਪੂਰਦੇ ਹੋਏ ਬਿਆਨ ਬਾਜੀ ਕੀਤੀ ਗਈ ਹੈ, ਇਸ ਤੋਂ ਸਾਬਿਤ ਹੋ ਜਾਂਦਾ ਹੈ ਕਿ ਸਮੁਚਾ ਬਾਦਲ ਦਲ ਗੈਰ ਧਾਰਮਿਕ ਅਤੇ ਅਣਮਨੁੱਖੀ ਕਾਰਵਾਈਆਂ ਕਰਨ ਵਾਲਾ ਉਹ ਹਜੂਮ ਹੈ, ਜਿਨ੍ਹਾਂ ਨੇ ਆਪਨੇ ਸ਼ਰਮਨਾਕ ਅਮਲਾਂ ਦੀ ਬਦੌਲਤ “ਅਕਾਲੀ” ਨਾਮ ਦੇ ਸ਼ਬਦ ਦੀ ਦੁਰਵਰਤੋਂ ਕਰਕੇ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਤੇ ਬਦਨਾਮੀ ਕਰ ਰਹੇ ਹਨ। ਜਦੋਂ ਕਿ ਅਕਾਲੀ ਅਤੇ ਅਕਾਲੀ ਦਲ ਦੇ ਨਾਮ ਸਿੱਖ ਕੌਮ ਵਲੋ ਵੱਡੀਆਂ ਕੁਰਬਾਨੀਆਂ ਕਰਨ ਅਤੇ ਕੌਮਾਂਤਰੀ ਪੱਧਰ ਤੇ ਇਖਲਾਕੀ ਉੱਦਮ ਕਰਨ ਦੀ ਬਦੌਲਤ ਸਥਾਪਿਤ ਹੋਏ ਹਨ। ਸ. ਮਾਨ ਨੇ ਦੋਵਾਂ ਬਾਦਲਾਂ ਅਤੇ ਚੰਦੂਮਾਜਰੇ ਵਰਗੇ ਅਖੌਤੀ ਆਗੂਆਂ ਨੂੰ ਅਜਿਹੀਆਂ ਸ਼ਰਮਨਾਕ ਪੰਥ ਵਿਰੋਧੀ ਕਾਰਵਾਈਆਂ ਦੇ ਨਤੀਜੇ ਭੁਗਤਣ ਤੋਂ ਵੀ ਖਬਰਦਾਰ ਕੀਤਾ। ਉਹਨਾਂ ਕਿਹਾ ਇੱਕ ਪਾਸੇ ਤਾਂ ਇਹ ਅਖੋਤੀ ਇਖਲਾਕ ਅਤੇ ਧਰਮ ਤੌ ਡਿੱਗ ਕੇ ਐਸ.ਜੀ.ਪੀ.ਸੀ ਦੇ ਧਾਰਮਿਕ ਪੰਡਾਲ ਵਿੱਚ ਸਿੱਖਾਂ ਦੀਆਂ ਦਸਤਾਰਾਂ ਲਾਹ ਕੇ ਅਤੇ ਗਾਲਾਂ ਕੱਢ ਕੇ ਸਿੱਖੀ ਪ੍ਰੰਪ੍ਰਾਵਾਂ ਦਾ ਜਨਾਜ਼ਾ ਕੱਢ ਰਹੇ ਹਨ ਤੇ ਦੂਸਰੇ ਪਾਸੇ ਸ਼ਹਾਦਤਾਂ ਵਾਲੇ ਦਿਨ ਸ਼ਰਧਾ ਦੇ ਫੁੱਲ ਭੇਟ ਕਰਨ ਦੀਆਂ ਗਲਾਂ ਕਰ ਰਹੇ ਹਨ। ਸ.ਮਾਨ ਨੇ ਸਿੱਖ ਕੌਮ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਅਜਿਹੇ ਆਗੂਆਂ ਨੂੰ ਧਾਰਮਿਕ, ਸਿਆਸੀ ਅਤੇ ਸਮਾਜਿਕ ਸਟੇਜਾਂ ਉਤੇ ਬਿਲਕੁਲ ਵੀ ਬੋਲਣ ਨਾ ਦਿੱਤਾ ਜਾਵੇ। ਤਾਂ ਕੇ ਅਜਿਹੇ ਆਗੂ ਆਪਣੀਆ ਲੱਛੇਦਾਰ ਤਕਰੀਰਾਂ ਰਾਹੀ ਸਿੱਖ ਕੌਮ ਨੂੰ ਨਾ ਤਾਂ ਗੁੰਮਰਾਹ ਕਰ ਸਕਣ ਅਤੇ ਨਾ ਸਿੱਖ ਕੌਮ ਨੂੰ ਹਿੰਦੂਤਵ ਤਾਕਤਾਂ ਦੇ ਗੁਲਾਮ ਬਣ ਕੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਨੂੰ ਬਦਨਾਮ ਕਰ ਸਕਣ।