ਪਠਾਨਕੋਟ ਵਿਖੇ ਏਅਰ ਬੇਸ ਤੇ ਹੋਏ ਹਮਲੇ ਨੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਦੀ ਸੀ.ਆਈ.ਡੀ ਅਤੇ ਹੋਰ ਖੁਫੀਆ ੲੇਜੰਸੀਆਂ ਬੁਰੀ ਤਰ੍ਹਾਂ ਫੇ਼ਲ ਹੋ ਚੁੱਕੀਆਂ ਹਨ। ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਹੋਮ ਮਹਿਕਮੇ ਨੂੰ ਤਰੁੰਤ ਛੱਡ ਕੇ ਚੰਗੇ ਰਿਟਾਇਡ ਅਫਸਰਾਂ ਤੋਂ ਜਿਨ੍ਹਾਂ ਨੂੰ ਖੁਫੀਆ ਤੰਤਰ ਬਾਰੇ ਜਾਣਕਾਰੀ ਹੋਵੇ ਤੋਂ ਸੇਧ ਲੈਕੇ ਸਰਕਾਰ ਚਲਾਉਣ ਲਈ ਯਤਨ ਕਰਨੇ ਚਾਹੀਦੇ ਹਨ। ਕਿਉਂਕਿ ਇਸ ਤੋਂ ਪਹਿਲਾਂ ਦੀਨਾਨਗਰ, ਬਹਿਬਲ-ਕਲਾਂ ਅਤੇ ਅਬਹੋਰ ਵਿੱਚ ਵਾਪਰੀਆਂ ਘਟਨਾਵਾਂ ਨੂੰ ਹਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਬਦਲੇ ਦੀ ਭਾਵਨਾ ਅਧੀਨ ਸਰਬੱਤ ਖਾਲਸਾ ਦੌਰਾਨ ਥਾਪੇ ਗਏ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਅਤੇ ਹੋਰ ਪੰਥਕ ਆਗੂਆਂ ਨੂੰ ਝੂਠੇ ਦੇਸ਼-ਧ੍ਰੋਹ ਦੇ ਕੇਸ ਦਰਜ਼ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ ਇਸ ਕਾਰਨ ਸ. ਸੁਖਬੀਰ ਸਿੰਘ ਹੁਣ ਇਸ ਮਹੱਤਵਪੂਰਨ ਮਹਿਕਮੇ ਦੇ ਆਹੁਦੇ ਲਈ ਯੋਗ ਨਹੀਂ ਹਨ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਾਰੀ ਇੱਕ ਪ੍ਰੈਸ ਬਿਆਨ ਕਹੇ। ਉਨ੍ਹਾਂ ਕਿਹਾ ਕਿ 10 ਨਵੰਬਰ ਨੂੰ ਸਿੱਖ ਕੌਮ ਵਲੋਂ ਬੁਲਾਏ ਸਰਬੱਤ ਖਾਲਸਾ ਨੂੰ ਆਈ.ਐਸ.ਆਈ ਅਤੇ ਕਾਂਗਰਸ ਵਲੋਂ ਕੀਤੇ ਜਾਣ ਦੀ ਸ਼ਾਜਿਸ ਦੱਸਣ ਵਾਲੇ ਦੋਵੇਂ ਬਾਦਲ ਪਿਉ ਪੁੱਤਰ ਹੁਣ ਦੱਸਣ ਕਿ ਪਠਾਨਕੋਟ ਵਿੱਚ ਕਿਹੜੀ ਏਜੰਸੀ ਨੇ ਅਜਿਹਾ ਕਾਰਨਾਮਾ ਕੀਤਾ ਹੈ? ਇਹ ਘਟਨਾ ਤਾਂ ਹੀ ਵਾਪਰੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੀਆਂ ਜੁੰਮੇਵਾਰੀਆਂ ਨੂੰ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਨਹੀਂ ਨਿਭਾਇਆ, ਵਿਰੋਧੀ ਧਿਰਾਂ ਦੇ ਆਗੂਆਂ ਅਤੇ ਸਿਆਸੀ ਸੰਗਠਨਾਂ ਖਿਲਾਫ਼ ਘਟੀਆ, ਬੇਫਜ਼ੂਲ ਅਤੇ ਇਖਲਾਖ ਤੋਂ ਗਿਰੀ ਬਿਆਨ-ਬਾਜੀ ਕਰਕੇ ਪੰਜਾਬ ਦੇ ਮਹੌਲ ਵਿੱਚ ਅਰਾਜਕਤਾ ਪੈਦਾ ਕਰ ਦਿੱਤੀ ਹੈ, ਕਦੇ ਵੀ ਸਿਆਣਾ ਆਗੂ ਬੇਤੁਕੀ ਅਤੇ ਗੈਰ-ਤਰਕ ਦਲੀਲ-ਬਾਜੀ ਨਹੀਂ ਕਰਿਆ ਕਰਦਾ, ਸ.ਸੁਖਬੀਰ ਸਿੰਘ ਨੇ ਸਰਬੱਤ ਖਾਲਸਾ ਤੋਂ ਬਾਅਦ ਬੁਖਲਾਹਟ ਵਿੱਚ ਆ ਕੇ ਆਪਣਾ ਦਿਮਾਗੀ ਸੰਤੁਲਨ ਗੁਆ ਲਿਆ ਹੈ। ਉਹਨਾਂ ਆਪਣੇ ਵਲੋਂ ਕੀਤੀਆਂ ਮੰਦਭਾਵਨਾ ਰੈਲੀਆਂ ਵਿੱਚ ਆਪਣੀ ਤਾਕਤ ਦੇ ਸਹਾਰੇ ਨਰੇਗਾ ਵਰਕਰਾਂ ਅਤੇ ਲਾਲਚ ਦੇ ਕੇ ਲਿਆਂਦੇ ਇੱਕਠਾਂ ਨੂੰ ਭੜਕਾਹਟ-ਬਾਜੀ ਵੱਲ ਧੱਕਣ ਲਈ ਉਤਸ਼ਾਹਤ ਕੀਤਾ। ਕੀ ਹੁਣ ਬਾਦਲ ਪਿਉ ਪੁੱਤ ਦੱਸਣਗੇ ਕਿ ਪਠਾਨਕੋਟ ਵਿੱਚ ਵਾਪਰੀ ਘਟਨਾ ਕਿਹੜੀ ਆਈ.ਐਸ.ਆਈ ਜਾਂ ਕਾਂਗਰਸ ਦੀ ਦੇਣ ਹੈ? ਸ. ਮਾਨ ਨੇ ਕਿਹਾ ਕਿ ਦੱਖਣ ਏਸ਼ੀਆ ਵਿੱਚ ਤਾਲਿਬਾਨੀ ਖਾੜਕੂ ਜਥੇਬੰਦੀਆਂ ਦੋ ਗਰੂਪਾਂ ਵਿੱਚ ਵੰਡੀਆਂ ਹੋਈਆਂ ਹਨ, ਇੱਕ ਗਰੁਪ ਇਸਲਾਮਕ ਪਾਕਿਸਤਾਨ ਦੇ ਅਧੀਨ ਚਲਦਾ ਹੈ ਅਤੇ ਦੂਸਰਾ ਭਾਰਤ ਅਨੁਸਾਰ ਵਿਚਰ ਦਾ ਹੈ ਜੇਕਰ ਭਾਰਤ ਅਤੇ ਪਾਕਿਸਤਾਨ ਇਨ੍ਹਾਂ ਦੋਵਾਂ ਗਰੁਪਾਂ ਨੂੰ ਹੱਲਾ-ਸ਼ੇਰੀ ਦੇਣੀ ਬੰਦ ਕਰ ਦੇਣ ਤਾਂ ਇਸ ਦੱਖਣ ਏਸ਼ੀਆ ਖਿਤੇ ਵਿੱਚ ਅਮਨ ਦੀ ਬੰਸਰੀ ਵੱਜ ਸਕਦੀ ਹੈ। ਸ. ਮਾਨ ਨੇ ਕਿਹਾ ਕਿ ਖੁਫੀਆ ਏਜੰਸੀਆਂ ਬਾਰੇ ਉਹੀ ਆਗੂ ਬਿਆਨ-ਬਾਜੀ ਕਰਨ ਦਾ ਹੱਕ ਦਾਰ ਹੈ ਜਿਸ ਨੂੁੰ ਖੁਫੀਆ ਏਜੰਸੀਆਂ ਬਾਰੇ ਪੂਰੀ ਜਾਣਕਾਰੀ ਹੋਵੇ, ਜਿਹੜੇ ਸਾਡੇ ਲੀਡਰ ਪੜਾਈ ਕਰਨ ਦੇ ਵਖਤ ਅਮਰੀਕਾ ਜਾਂ ਹੋਰ ਮੁਲਕਾਂ ਵਿੱਚ ਬਾਂਟੇ ਖੇਡ ਕੇ ਸਮਾਂ ਦੀ ਬਰਬਾਦੀ ਕਰਕੇ ਆਏ ਹੋਣ ਉਹਨਾਂ ਨੂੰ ਖੁਫੀਆ ਏਜੰਸੀਆਂ ਬਾਰੇ ਗਲ ਕਰਨੀ ਸੋਭਾ ਨਹੀਂ ਦਿੰਦੀ। ਬਾਦਲ ਦਲ ਨੇ ਸਿੱਖ ਧਰਮ ਵਿੱਚ ਸਿੱਧੀ ਦਖਲ ਅੰਦਾਜ਼ੀ ਕਰਕੇ ਸਿੱਖ ਕੌਮ ਦਾ ਭਾਰੀ ਨੁਕਸਾਨ ਕੀਤਾ ਹੈ, ਆਪਣੇ ਨਿੱਜੀ ਸਵਾਰਥਾਂ ਨੂੰ ਅੱਗੇ ਰੱਖਣ ਵਾਲੇ ਇਨ੍ਹਾਂ ਆਗੂਆਂ ਨੇ ਸਿੱਖ ਕੌਮ ਅਤੇ ਪੰਜਾਬ ਸੂਬੇ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕਰ ਦਿੱਤਾ ਹੈ।
ਸ. ਮਾਨ ਨੇ ਅੱਗੇ ਕਿਹਾ ਕਿ ਦੁਸ਼ਮਣ ਨਾਲ ਦੁਸ਼ਮਣੀ ਦੇ ਪੱਖ ਨੂੰ ਅੱਗੇ ਰੱਖ ਕੇ ਕਦੇ ਵੀ ਕੋਈ ਮਸਲੇ ਹੱਲ ਨਹੀ ਹੁੰਦੇ, ਨਫ਼ਤਰ ਘਟਾਉਣ ਨਾਲ ਹੀ ਅਮਨ ਪੈਦਾ ਹੁੰਦਾ ਹੈ ਇਸ ਲਈ ਪਠਾਨਕੋਟ ਵਿੱਚ ਮੁੱਠ-ਭੇੜ ਦੌਰਾਨ ਮਾਰੇ ਗਏ ਵਿਅਕਤੀਆਂ ਦਾ ਉਹਨਾਂ ਦੇ ਆਪਣੇ-ਆਪਣੇ ਧਰਮ ਅਨੁਸਾਰ ਅੰਤਿਮ ਰਸਮਾਂ ਤੇ ਕਿਰਿਆ-ਕਰਮ ਹੋਣੇ ਚਾਹੀਦੇ ਹਨ। ਇਸ ਨਾਲ ਬਦਲੇ ਦੀ ਪੈਦਾ ਹੋਈ ਮਾੜੀ ਭਾਵਨਾ ਖ਼ਤਮ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ।